ਜਲੰਧਰ: ਗੈਂਗਸਟਰ ਕੌਸ਼ਲ ਚੌਧਰੀ ਦੇ ਨਾਂ 'ਤੇ ਟਰੈਵਲ ਏਜੰਟ ਤੋਂ ਮੰਗੀ 5 ਕਰੋੜ ਦੀ ਫਿਰੌਤੀ, ਗੱਡੀ 'ਤੇ ਚਿਪਕਾਇਆ ਲੈਟਰ

12/16/2023 11:35:32 AM

ਜਲੰਧਰ (ਵਰੁਣ)–ਬੱਸ ਸਟੈਂਡ ਦੇ ਸਾਹਮਣੇ ਡੈਲਟਾ ਚੈਂਬਰ ਦੀ ਪਾਰਕਿੰਗ ਵਿਚ ਖੜ੍ਹੀ ਟ੍ਰੈਵਲ ਏਜੰਟ ਦੀ ਲਗਜ਼ਰੀ ਗੱਡੀ ’ਤੇ ਗੁਰੂਗ੍ਰਾਮ ਦੇ ਨਾਮੀ ਗੈਂਗਸਟਰ ਕੌਸ਼ਲ ਚੌਧਰੀ ਦੇ ਨਾਂ ਦੀ ਫਿਰੌਤੀ ਲੈਟਰ ਚਿਪਕਾਉਣ ਤੋਂ ਬਾਅਦ ਬਦਮਾਸ਼ਾਂ ਨੇ ਗੱਡੀ ’ਤੇ ਗੋਲ਼ੀਆਂ ਦਾਗ ਦਿੱਤੀਆਂ ਸਨ। ਲੋਕਾਂ ਦੀ ਮੰਨੀਏ ਤਾਂ ਬਾਈਕ ’ਤੇ ਆਏ 3 ਬਦਮਾਸ਼ਾਂ ਨੇ ਕਾਰ ਦੀ ਬੈਕਸਾਈਡ ’ਤੇ 5 ਗੋਲ਼ੀਆਂ ਦਾਗੀਆਂ ਅਤੇ ਸਰਵਿਸ ਲੇਨ ਦੀ ਵਰਤੋਂ ਕਰਦੇ ਹੋਏ ਰੌਂਗ ਸਾਈਡ ਜਾ ਕੇ ਬੱਸ ਸਟੈਂਡ ਫਲਾਈਓਵਰ ’ਤੇ ਚੜ੍ਹ ਕੇ ਬੀ. ਐੱਸ. ਐੱਫ਼. ਚੌਂਕ ਵੱਲ ਫਰਾਰ ਹੋ ਗਏ। ਗੋਲ਼ੀਆਂ ਚੱਲਣ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ ਅਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ। ਪੁਲਸ ਨੇ ਗੱਡੀ ਵਿਚੋਂ 2 ਗੋਲ਼ੀ-ਸਿੱਕੇ ਬਰਾਮਦ ਕੀਤੇ ਹਨ। ਗੱਡੀ ’ਤੇ 4 ਗੋਲ਼ੀਆਂ ਲੱਗਣ ਦੇ ਨਿਸ਼ਾਨ ਪਾਏ ਗਏ ਹਨ।

ਜਾਣਕਾਰੀ ਦਿੰਦਿਆਂ ਡੈਲਟਾ ਚੈਂਬਰ ਵਿਚ ਇੰਦਰਜੀਤ ਇਮੀਗ੍ਰੇਸ਼ਨ ਕੰਸਲਟੈਂਟ ਦੇ ਮਾਲਕ ਇੰਦਰਜੀਤ ਸਿੰਘ ਨਿਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਦੁਪਹਿਰੇ ਲਗਭਗ ਪੌਣੇ 12 ਵਜੇ ਉਹ ਦਫ਼ਤਰ ਵਿਚ ਸਨ। ਡੈਲਟਾ ਚੈਂਬਰ ਦੀ ਪਾਰਕਿੰਗ ਵਿਚ ਉਨ੍ਹਾਂ ਆਪਣੀ ਕੰਪਨੀ ਦੀ ਗੱਡੀ ਖੜ੍ਹੀ ਕੀਤੀ ਸੀ। ਇਸੇ ਦੌਰਾਨ ਉਨ੍ਹਾਂ ਨੂੰ ਪਾਰਕਿੰਗ ਤੋਂ ਫੋਨ ਆਇਆ ਕਿ ਉਨ੍ਹਾਂ ਦੀ ਗੱਡੀ ’ਤੇ ਕਿਸੇ ਨੇ ਗੋਲ਼ੀਆਂ ਚਲਾਈਆਂ ਹਨ। ਉਹ ਤੁਰੰਤ ਪਾਰਕਿੰਗ ਵਿਚ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ’ਤੇ ਇਕ ਲੈਟਰ ਲਿਪਕਿਆ ਹੋਇਆ ਸੀ, ਜਿਸ ’ਤੇ ਲਿਖਿਆ ਸੀ ਸਾਨੂੰ 5 ਕਰੋੜ ਰੁਪਏ ਚਾਹੀਦੇ ਹਨ। ਲੈਟਰ ’ਤੇ ਕੌਸ਼ਲ ਚੌਧਰੀ ਦਾ ਨਾਂ ਲਿਖਿਆ ਸੀ, ਜਦਕਿ ਹੇਠਾਂ ਇੰਟਰਨੈੱਟ ਜ਼ਰੀਏ ਚੱਲਣ ਵਾਲੇ ਮੋਬਾਇਲ ਨੰਬਰ ਲਿਖੇ ਹੋਏ ਸਨ। ਵਧੇਰੇ ਗੈਂਗਸਟਰ ਅਜਿਹੇ ਹੀ ਮੋਬਾਇਲ ਨੰਬਰ ਚਲਾਉਂਦੇ ਹਨ, ਜੋ ਟਰੇਸ ਨਹੀਂ ਹੋ ਪਾਉਂਦੇ। ਦੂਜੇ ਪਾਸੇ ਗੋਲ਼ੀਆਂ ਚੱਲਣ ਦੀ ਸੂਚਨਾ ਮਿਲਦੇ ਹੀ ਬੱਸ ਸਟੈਂਡ ਦੇ ਬਾਹਰ ਫਲਾਈਓਵਰ ਹੇਠਾਂ ਡਿਊਟੀ ਦੇ ਰਹੀ ਟ੍ਰੈਫਿਕ ਪੁਲਸ ਦੀ ਟੀਮ ਮੌਕੇ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਬੱਚੇ ਗੁੰਮ ਹੋਣ ’ਚ ਲੁਧਿਆਣਾ ਅਤੇ ਬਾਲਗਾਂ ’ਚ ਜਲੰਧਰ ਅੱਵਲ, ਹੈਰਾਨ ਕਰਨਗੇ ਅੰਕੜੇ

PunjabKesari

ਗੋਲ਼ੀਆਂ ਚੱਲਣ ਦੀ ਸੂਚਨਾ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਦਿੱਤੀ ਗਈ ਅਤੇ ਥਾਣੇ ਦੀ ਪੁਲਸ ਤੋਂ ਇਲਾਵਾ ਉੱਚ ਅਧਿਕਾਰੀ, ਸੀ. ਆਈ. ਏ. ਸਟਾਫ਼ ਅਤੇ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਵੀ ਜਾਂਚ ਲਈ ਪਹੁੰਚ ਗਈਆਂ। ਪੁਲਸ ਨੇ ਵੇਖਿਆ ਕਿ ਗੋਲ਼ੀਆਂ ਲੱਗਣ ਨਾਲ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਚੁੱਕਾ ਸੀ ਅਤੇ ਤਲਾਸ਼ੀ ਲੈਣ ’ਤੇ ਅੰਦਰੋਂ 2 ਗੋਲ਼ੀਆਂ ਦਾ ਸਿੱਕਾ ਬਰਾਮਦ ਹੋਇਆ। ਦੂਜੇ ਪਾਸੇ ਡੀ. ਸੀ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਥਾਣਾ ਨਵੀਂ ਬਾਰਾਦਰੀ ਵਿਚ ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਰੌਤੀ ਲੈਟਰ ਸਹੀ ਸੀ ਜਾਂ ਕਿਸੇ ਨੇ ਗੈਂਗਸਟਰ ਦਾ ਨਾਂ ਵਰਤਿਆ ਹੈ, ਇਹ ਜਾਂਚ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਬੀ. ਐੱਸ. ਐੱਫ਼. ਚੌਂਕ ਵੱਲ ਭੱਜੇ ਸਨ, ਜਿੱਥੋਂ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਡੀ. ਸੀ. ਪੀ. ਸ਼ਰਮਾ ਨੇ ਕਿਹਾ ਕਿ ਇਸ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਏਜੰਟ ਦੀ ਕਿਸੇ ਨਾਲ ਰੰਜਿਸ਼ ਜਾਂ ਪੈਸਿਆਂ ਦਾ ਲੈਣ-ਦੇਣ ਨਾ ਹੋਵੇ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਮੁਲਜ਼ਮ ਬੇਨਕਾਬ ਕੀਤੇ ਜਾਣਗੇ।

PunjabKesari

ਪਾਰਕਿੰਗ ’ਚ ਨਹੀਂ ਲੱਗੇ ਸਨ ਸੀ. ਸੀ. ਟੀ ਵੀ. ਕੈਮਰੇ
ਡੈਲਟਾ ਚੈਂਬਰ ਦੇ ਸਾਹਮਣੇ ਸਥਿਤ ਪਾਰਕਿੰਗ ਵਿਚ ਕਿਸੇ ਸਮੇਂ ਬਿਨਾਂ ਫ਼ੀਸ ਲਏ ਗੱਡੀਆਂ ਲੱਗਦੀਆਂ ਸਨ, ਹਾਲਾਂਕਿ ਹੁਣ ਕਾਫ਼ੀ ਸਾਲਾਂ ਤੋਂ ਕਿਸੇ ਨੇ ਇਸਦਾ ਕਥਿਤ ਤੌਰ ’ਤੇ ਪਾਰਕਿੰਗ ਠੇਕਾ ਲਿਆ ਹੋਇਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਠੇਕੇਦਾਰ ਵੱਲੋਂ ਪਾਰਕਿੰਗ ਸਥਾਨ ’ਤੇ ਇਕ ਵੀ ਸੀ. ਸੀ. ਟੀ. ਵੀ. ਕੈਮਰਾ ਨਹੀਂ ਲੁਆਇਆ ਗਿਆ। ਹਾਲਾਂਕਿ ਪੁਲਸ ਅਧਿਕਾਰੀ ਵਾਰ-ਵਾਰ ਹੁਕਮ ਜਾਰੀ ਕਰਦੇ ਹਨ ਕਿ ਪਾਰਕਿੰਗ ਸਥਾਨਾਂ ’ਤੇ ਹਰ ਪਾਸੇ ਸੀ. ਸੀ. ਟੀ. ਵੀ. ਕੈਮਰੇ ਲਾਜ਼ਮੀ ਹਨ ਪਰ ਗਰਾਊਂਡ ਲੈਵਲ ’ਤੇ ਉਸਦੀ ਜਾਂਚ ਨਾ ਹੋਣ ਕਾਰਨ ਲਾਪ੍ਰਵਾਹੀ ਸਾਹਮਣੇ ਆਈ ਹੈ। ਜੇਕਰ ਪਾਰਕਿੰਗ ਸਥਾਨ ’ਤੇ ਕੈਮਰੇ ਲੱਗੇ ਹੁੰਦੇ ਤਾਂ ਪੁਲਸ ਨੂੰ ਕਾਰ ’ਤੇ ਲੈਟਰ ਚਿਪਕਾਉਣ ਆਏ ਬਦਮਾਸ਼ ਜਾਂ ਬਾਈਕ ਬਾਰੇ ਕਾਫੀ ਇਨਪੁੱਟ ਮਿਲ ਸਕਦੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਕਈ ਜ਼ਿਲ੍ਹਿਆਂ ’ਚ ਯੈਲੋ ਅਲਰਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਦੇਸੀ ਪਿਸਤੌਲ ਨਾਲ ਕੀਤੇ ਗਏ ਸਨ 5 ਫਾਇਰ
ਸੂਤਰਾਂ ਦੀ ਮੰਨੀਏ ਤਾਂ ਏਜੰਟ ਦੀ ਲਗਜ਼ਰੀ ਗੱਡੀ ’ਤੇ ਦੇਸੀ ਪਿਸਤੌਲ ਨਾਲ ਫਾਇਰ ਕੀਤੇ ਗਏ ਸਨ, ਹਾਲਾਂਕਿ ਇਹ ਵੈਪਨ ਕਿਹੜਾ ਸੀ, ਇਹ ਜਾਂਚ ਦਾ ਵਿਸ਼ਾ ਹੈ। ਬਰਾਮਦ ਹੋਏ ਗੋਲੀ-ਸਿੱਕੇ ਨੂੰ ਪੁਲਸ ਫਾਰੈਂਸਿਕ ਜਾਂਚ ਲਈ ਭੇਜ ਰਹੀ ਹੈ। ਪੁਲਸ ਇਲਾਕੇ ਦਾ ਡੰਪ ਡਾਟਾ ਵੀ ਚੁੱਕ ਰਹੀ ਹੈ, ਜਦੋਂ ਕਿ ਪਾਰਕਿੰਗ ਸਥਾਨ ਨੇੜਲੇ ਏਜੰਟਾਂ ਦੇ ਦਫ਼ਤਰਾਂ ਅਤੇ ਹੋਰਨਾਂ ਕੈਮਰਿਆਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ।

PunjabKesari

ਪਹਿਲਾਂ ਵੀ ਹੋ ਚੁੱਕੇ ਹਨ ਅਜਿਹੇ ਕਾਂਡ
ਪੰਜਾਬ ਭਰ ਵਿਚ ਅਜਿਹੇ ਕਾਂਡ ਪਹਿਲਾਂ ਵੀ ਹੋ ਚੁੱਕੇ ਹਨ। ਟ੍ਰੈਵਲ ਏਜੰਟ ਇੰਦਰਜੀਤ ਸਿੰਘ ਦਾ ਦਾਅਵਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਪਰ ਇਹ ਵੀ ਸੱਚ ਹੈ ਕਿ ਪੰਜਾਬ ਵਿਚ ਕਈ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀਆਂ ਆ ਚੁੱਕੀਆਂ ਹਨ, ਜਦੋਂ ਕਿ ਜਿਹੜੇ-ਜਿਹੜੇ ਲੋਕਾਂ ਨੂੰ ਪੁਲਸ ਸੁਰੱਖਿਆ ਵੀ ਦਿੱਤੀ ਗਈ, ਬਦਮਾਸ਼ ਉਨ੍ਹਾਂ ਲੋਕਾਂ ਨੂੰ ਵੀ ਮੌਤ ਦੇ ਘਾਟ ਉਤਾਰ ਚੁੱਕੇ ਹਨ ਅਤੇ ਪੰਜਾਬ ਪੁਲਸ ਦੇ ਕਈ ਜਵਾਨ ਵੀ ਆਪਣੀ ਡਿਊਟੀ ਨਿਭਾਉਂਦਿਆਂ ਬਦਮਾਸ਼ਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਜਲੰਧਰ 'ਚ ਵੱਡੀ ਵਾਰਦਾਤ, ਬੱਸ ਸਟੈਂਡ ਨੇੜੇ ਚੱਲੀਆਂ ਗੋਲ਼ੀਆਂ, ਬਣਿਆ ਦਹਿਸ਼ਤ ਦਾ ਮਾਹੌਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News