ਜਲੰਧਰ ''ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਪਰਿਵਾਰ ਨੇ ਦਿੱਤੀ ਚਿਤਾਵਨੀ

Monday, Apr 07, 2025 - 11:00 AM (IST)

ਜਲੰਧਰ ''ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਪਰਿਵਾਰ ਨੇ ਦਿੱਤੀ ਚਿਤਾਵਨੀ

ਜਲੰਧਰ (ਮਹੇਸ਼)-17 ਮਾਰਚ ਨੂੰ ਪਰਾਗਪੁਰ ਦੀ ਪੁਲਸ ਚੌਂਕੀ ਅਧੀਨ ਪੈਂਦੇ ਇਕ ਅਹਾਤੇ ’ਤੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖ਼ਮੀ ਕੀਤੇ ਹਰਕਰਨ ਪੁੱਤਰ ਕੁਲਵੀਰ ਨਿਵਾਸੀ ਪਿੰਡ ਹਰੀਪੁਰ, ਥਾਣਾ ਆਦਮਪੁਰ, ਜ਼ਿਲ੍ਹਾ ਜਲੰਧਰ ਨਾਂ ਦੇ ਨੌਜਵਾਨ ਦੀ ਇਲਾਜ ਦੌਰਾਨ ਐਤਵਾਰ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਖੇ ਮੌਤ ਹੋ ਗਈ। ਜਿਸ ਤੋਂ ਬਾਅਦ ਭੜਕੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਦੁਪਹਿਰੇ ਰਾਮਾ ਮੰਡੀ-ਹੁਸ਼ਿਆਰਪੁਰ ਰੋਡ ’ਤੇ ਸਥਿਤ ਢਿੱਲਵਾਂ ਚੌਂਕ ਵਿਚ ਪਰਾਗਪੁਰ ਚੌਂਕੀ ਦੀ ਪੁਲਸ ਖ਼ਿਲਾਫ਼ ਧਰਨਾ ਲਾ ਕੇ ਟ੍ਰੈਫਿਕ ਜਾਮ ਕਰ ਦਿੱਤਾ।

PunjabKesari

ਉਨ੍ਹਾਂ ਦੋਸ਼ ਲਾਇਆ ਕਿ ਹਰਕਰਨ ’ਤੇ ਕੀਤੇ ਗਏ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਪਰਾਗਪੁਰ ਚੌਂਕੀ ਦੀ ਪੁਲਸ ਵੱਲੋਂ ਮੁੱਖ ਮੁਲਜ਼ਮ ਸਿਮਰਨ ਸਮੇਤ ਹੋਰ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਸੀ। ਹਮਲੇ ਦੇ 20 ਦਿਨਾਂ ਬਾਅਦ ਵੀ ਪਰਾਗਪੁਰ ਪੁਲਸ ਨੇ ਕੁਝ ਨਹੀਂ ਕੀਤਾ, ਜਦਕਿ ਹਰਕਰਨ ਦੀ ਹਾਲਤ ਹਸਪਤਾਲ ਵਿਚ ਲਗਾਤਾਰ ਵਿਗੜਦੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਇਨਸਾਫ਼ ਲੈਣ ਲਈ ਪਰਾਗਪੁਰ ਚੌਂਕੀ ਵਿਚ ਜਾਂਦੇ ਸਨ ਤਾਂ ਉਨ੍ਹਾਂ ਨਾਲ ਚੌਂਕੀ ਇੰਚਾਰਜ ਮਦਨ ਸਿੰਘ ਦਾ ਰਵੱਈਆ ਸਹੀ ਨਹੀਂ ਹੁੰਦਾ ਸੀ। ਹਰਕਰਨ ਦੇ ਪਿਤਾ ਕੁਲਵੀਰ ਸਿੰਘ ਨੇ ਕਿਹਾ ਕਿ ਚੌਂਕੀ ਇੰਚਾਰਜ ਨੇ ਉਨ੍ਹਾਂ ਨੂੰ ਇਨਸਾਫ਼ ਤਾਂ ਕੀ ਦੇਣਾ ਸੀ, ਉਲਟਾ ਉਨ੍ਹਾਂ ਦੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: 'ਯੁੱਧ ਨਸ਼ਿਆਂ ਵਿਰੁੱਧ': 37ਵੇਂ ਦਿਨ 54 ਨਸ਼ਾ ਸਮੱਗਲਰ ਗ੍ਰਿਫ਼ਤਾਰ

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਹੋਵੇਗਾ ਹਰਕਰਨ ਦਾ ਅੰਤਿਮ ਸੰਸਕਾਰ, ADCP ਹੈੱਡਕੁਆਰਟਰ ਨੇ ਬੁੱਧਵਾਰ ਤਕ ਮੰਗਿਆ ਸਮਾਂ
ਢਿੱਲਵਾਂ ਚੌਂਕ ਵਿਚ ਹਰਕਰਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਏ ਗਏ ਧਰਨੇ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਹੈੱਡਕੁਆਰਟਰ ਸੁਖਵਿੰਦਰ ਸਿੰਘ, ਏ. ਸੀ. ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਲੁਬਾਣਾ ਅਤੇ ਜਲੰਧਰ ਕੈਂਟ ਦੇ ਥਾਣਾ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਗੌਰੀ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਮ੍ਰਿਤਕ ਹਰਕਰਨ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਵੀ ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਮਦਨ ਸਿੰਘ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

PunjabKesari

ਏ. ਡੀ. ਸੀ. ਪੀ. ਸੁਖਵਿੰਦਰ ਸਿੰਘ ਭਰੋਸਾ ਦਿੱਤਾ ਕਿ ਹਰਕਰਨ ਦੀ ਮੌਤ ਲਈ ਜ਼ਿੰਮੇਵਾਰ ਸਾਰੇ ਮੁਲਜ਼ਮ ਸਿਮਰਨ ਹਰੀਪੁਰ, ਮਨਜੀਤ ਸਿੰਘ ਘੋੜੀ ਪਤਾਰਾ, ਗੱਗੀ ਬੋਲੀਨਾ, ਗੁਰਕਰਨਜੀਤ ਸਿੰਘ ਡਰੋਲੀ ਖੁਰਦ, ਗੁਰਜੰਟ ਸਿੰਘ ਲੋਪੋਕੇ, ਮੁੱਖ ਮੁਲਜ਼ਮ ਸਿਮਰਨ ਦਾ ਜੀਜਾ ਮਾੜੂ ਚੂਹੜਵਾਲੀ, ਹਮਰਾਜ ਕਡਿਆਣਾ ਸਮੇਤ ਹੋਰ ਮੁਲਜ਼ਮ ਬੁੱਧਵਾਰ ਤਕ ਗ੍ਰਿਫ਼ਤਾਰ ਕਰ ਲਏ ਜਾਣਗੇ। 

ਇੰਸ. ਰਵਿੰਦਰ ਕੁਮਾਰ ਗੌਰੀ ਨੇ ਦੱਸਿਆ ਕਿ 2 ਮੁਲਜ਼ਮ ਤੇਜੀ ਹਰੀਪੁਰ ਅਤੇ ਸੰਨੀ ਬਾਕਸਰ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਹਰਕਰਨ ਦੇ ਪਿਤਾ ਨੇ ਕਿਹਾ ਕਿ ਹੁਣ ਤਾਂ ਉਹ ਧਰਨਾ ਖਤਮ ਕਰ ਰਹੇ ਹਨ ਪਰ ਉਹ ਉਦੋਂ ਤਕ ਹਰਕਰਨ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ, ਜਦੋਂ ਤਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਬੁੱਧਵਾਰ ਤੋਂ ਬਾਅਦ ਉਹ ਵੱਡਾ ਧਰਨਾ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋ: ਪੰਜਾਬ ਪੁਲਸ 'ਚ ਫਿਰ ਵੱਡਾ ਫੇਰਬਦਲ, 65 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ

PunjabKesari

ਮੁੱਖ ਮੁਲਜ਼ਮ ਸਿਮਰਨ ਹੈ ਕਤਲ ਮਾਮਲੇ ਵਿਚ ਭਗੌੜਾ  
ਹਰਕਰਨ ਦੇ ਪਿਤਾ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੇ ਕਤਲ ਦੇ ਮਾਮਲੇ ਦਾ ਮੁੱਖ ਮੁਲਜ਼ਮ ਸਿਮਰਨ ਲੱਗਭਗ ਪੰਜ ਸਾਲ ਪਹਿਲਾਂ ਆਦਮਪੁਰ ਵਿਚ ਇਕ ਸੈਲੂਨ ਵਿਚ ਕਤਲ ਕੀਤੇ ਗਏ ਨੌਜਵਾਨ ਦੇ ਮਾਮਲੇ ਵਿਚ ਵੀ ਭਗੌੜਾ ਚੱਲ ਰਿਹਾ ਹੈ। ਇਸ ਮਾਮਲੇ ਦਾ ਵੀ ਉਹ ਮੁੱਖ ਮੁਲਜ਼ਮ ਸੀ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ ’ਤੇ ਵੀ ਹਮਲਾ ਕੀਤਾ ਸੀ ਪਰ ਉਸ ਸਮੇਂ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਪਰਾਗਪੁਰ ਚੌਕੀ ਅਧੀਨ ਪੈਂਦੇ ਇਲਾਕੇ ਵਿਚ ਸਿਮਰਨ ਨੇ ਸਾਥੀਆਂ ਨੂੰ ਲੈ ਕੇ ਹਰਕਰਨ ਨੂੰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਹੀ ਉਸ ’ਤੇ ਹਮਲਾ ਕੀਤਾ ਸੀ।

ਇਹ ਵੀ ਪੜ੍ਹੋ: ਹੰਸ ਰਾਜ ਹੰਸ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਪਰਿਵਾਰ ਨਾਲ ਕੀਤਾ ਦੁੱਖ਼ ਸਾਂਝਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News