ਵਿਜੀਲੈਂਸ ਦੀ ਵੱਡੀ ਕਾਰਵਾਈ, ਹਿਰਾਸਤ 'ਚ ਲਿਆ ਸੀਨੀਅਰ ਅਕਾਲੀ ਆਗੂ
Saturday, Sep 30, 2023 - 02:46 PM (IST)
ਫਗਵਾੜਾ (ਜਲੋਟਾ, ਮੁਨੀਸ਼) : ਫਗਵਾੜਾ ਵਿਚ ਅੱਜ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਵੱਡੀ ਕਾਰਵਾਈ ਕਰਨ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਫਗਵਾੜਾ ਹੁਸ਼ਿਆਰਪੁਰ ਰੋਡ 'ਤੇ ਸੀਨੀਅਰ ਅਕਾਲੀ ਨੇਤਾ ਅਤੇ ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਿਦ ਦੇ ਵਾਹਿਦ ਵਿਲਾ 'ਤੇ ਅੱਜ ਤੜਕੇ ਟੀਮ ਨੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕੁਝ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿਚ ਲੈਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਦੀ ਪੁਲਸ ਨੇ ਵਾਹਿਦ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਧਾਰਾ 166, 177, 210, 406, 409, 418, 420, 120-ਬੀ ਅਤੇ 7 ਪੀਸੀ ਐਕਟ 1988 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਪੁਲਸ ਦੀ ਗੱਡੀ 'ਤੇ ਬੈਠ ਰੀਲ ਬਣਾਉਣ ਵਾਲੀ 'ਸ਼ੇਰ ਦੀ ਸ਼ੇਰਨੀ' ਆਈ ਕੈਮਰੇ ਸਾਹਮਣੇ, ਲੋਕਾਂ 'ਤੇ ਕੱਢੀ ਭੜਾਸ
ਅਹਿਮ ਪਹਿਲੂ ਇਹ ਹੈ ਕਿ ਦਰਜ ਕੀਤੀ ਗਈ ਐੱਫਆਈਆਰ 'ਚ ਵਾਹਿਦ ਤੋਂ ਇਲਾਵਾ ਖੰਡ ਮਿੱਲ ਦੇ ਡਾਇਰੈਕਟਰ ਜਸਵਿੰਦਰ ਸਿੰਘ ਬੈਂਸ, ਸੁਖਬੀਰ ਸਿੰਘ ਸੰਦਰ, ਹਰਵਿੰਦਰਜੀਤ ਸਿੰਘ ਸੰਦਰ, ਕੁਲਦੀਪ ਸਿੰਘ ਸੰਦਰ, ਕੁਲਵੰਤ ਸਿੰਘ, ਮਨਜੀਤ ਸਿੰਘ ਢਿੱਲੋਂ, ਅਮਨ ਸ਼ਰਮਾ, ਪ੍ਰਵੀਨ ਛਿੱਬੜ ਅਤੇ ਪਵਨ ਕੁਮਾਰ ਵੀ ਸ਼ਾਮਲ ਹਨ। ਅਧਿਕਾਰੀਆਂ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਸੰਦੀਪ ਵਾਹਿਦ ਜੋ ਕਿ ਆਪਣੇ ਪਰਿਵਾਰ ਸਮੇਤ ਵਿਦੇਸ਼ ਵਿੱਚ ਸ਼ਿਫਟ ਹੋ ਗਿਆ ਸੀ, ਕੁਝ ਸਮਾਂ ਪਹਿਲਾਂ ਇੰਗਲੈਂਡ ਤੋਂ ਭਾਰਤ ਪਰਤਿਆ ਹੈ।
ਇਲਜ਼ਾਮ ਹੈ ਕਿ ਬਹੁਤ ਸਾਰਾ ਪੈਸਾ ਵਿਦੇਸ਼ ਵਿੱਚ ਟਰਾਂਸਫਰ ਕੀਤਾ ਗਿਆ ਹੈ, ਜਿਸ ਦੀ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗ੍ਰਿਫ਼ਤਾਰ ਕੀਤੇ ਜਰਨੈਲ ਸਿੰਘ ਵਾਹਿਦ, ਉਨ੍ਹਾਂ ਦੀ ਪਤਨੀ ਅਤੇ ਸੰਦੀਪ ਵਾਹਿਦ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ 1 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪ੍ਰਾਪਤ ਹੋਰ ਜਾਣਕਾਰੀ ਅਨੁਸਾਰ ਵਾਹਿਦ ਤੇ ਉਨ੍ਹਾਂ ਦੇ ਪਰਿਵਾਰ ਸਮੇਤ ਐੱਫਆਈਆਰ 'ਚ ਨਾਮਜ਼ਦ ਮੁਲਜ਼ਮਾਂ 'ਤੇ ਦੋਸ਼ ਹੈ ਕਿ ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਰਕਾਰ ਦਾ ਮਾਲੀ ਨੁਕਸਾਨ ਕਰਨ ਅਤੇ ਸਰਕਾਰੀ ਜ਼ਮੀਨਾਂ ਨੂੰ ਖੁਰਦ-ਬੁਰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਵਿਜੀਲੈਂਸ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਵਿਜੀਲੈਂਸ ਵੱਲੋਂ ਜਾਂਚ ਜਾਰੀ ਹੈ। ਇਸ ਦੌਰਾਨ ਮੁਲਜ਼ਮ ਧਿਰ ਦੇ ਨੇੜਲੇ ਸੂਤਰਾਂ ਨੇ ਲਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਹੋਟਲ 'ਚ ਮਚੀ ਹਫ਼ੜਾ-ਦਫ਼ੜੀ, ਕਮਰੇ ਦੇ ਅੰਦਰ ਦਾ ਮੰਜ਼ਰ ਵੇਖ ਸਟਾਫ਼ ਦੇ ਉੱਡੇ ਹੋਸ਼
ਦੱਸ ਦੇਈਏ ਕਿ ਜਰਨੈਲ ਸਿੰਘ ਵਾਹਿਦ ਉਨ੍ਹਾਂ ਅਕਾਲੀ ਆਗੂਆਂ 'ਚੋਂ ਇਕ ਹਨ, ਜੋ ਬਾਦਲ ਪਰਿਵਾਰ ਦੇ ਬਹੁਤ ਕਰੀਬੀ ਰਹੇ ਹਨ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਵੀ ਫਗਵਾੜਾ ਆਉਂਦੇ ਸਨ ਤਾਂ ਉਹ ਵਾਹਿਦ ਦੇ ਇਸੇ ਵਾਹਿਦ ਵਿਲਾ ਵਿੱਚ ਠਹਿਰਦੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ