ਟੂਰਨਾਮੈਂਟ ਖੇਡਣ ਜਾਂਦੇ ਸਮੇਂ ਪੰਜਾਬ 'ਚ 6 ਕਬੱਡੀ ਖਿਡਾਰੀਆਂ ਨਾਲ ਵਾਪਰਿਆ ਵੱਡਾ ਹਾਦਸਾ, ਇਕ ਦੀ ਦਰਦਨਾਕ ਮੌਤ
Sunday, May 11, 2025 - 12:35 PM (IST)

ਨੰਗਲ (ਗੁਰਭਾਗ ਸਿੰਘ)-ਬੇਸ਼ੱਕ ਕੇਂਦਰ ਸਰਕਾਰ ਦੀ ਨੀਤੀ ਮੁਤਾਬਕ ਕਿਸੇ ਵੀ ਨੈਸ਼ਨਲ ਹਾਈਵੇਅ ਦਾ ਫੋਰਲੇਨ ਹੋਣਾ ਜ਼ਰੂਰੀ ਹੈ ਪਰ ਨੰਗਲ-ਚੰਡੀਗੜ੍ਹ ਮੁੱਖ ਮਾਰਗ (ਨੈਸ਼ਨਲ ਹਾਈਵਅ ਐਕਸਟੈਂਸ਼ਨ ਨੰਬਰ 503) ਚਹੁ-ਮਾਰਗੀ ਨਾ ਹੋ ਕੇ ਇਕਹਿਰੀ ਸੜਕ ਹੋਣ ਕਰਕੇ ਨਿੱਤ ਹਾਦਸੇ ਵਾਪਰ ਰਹੇ ਹਨ। ਸ਼ਨੀਵਾਰ ਵੀ ਪਿੰਡ ਬ੍ਰਹਮਪੁਰ ਵਿਚ ਸਵੇਰੇ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 6 ਕੱਬਡੀ ਖਿਡਾਰੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਅਤੇ ਇਕ ਨੌਜਵਾਨ ਨੂੰ ਇਲਾਜ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਉਥੇ ਹੀ ਸਥਾਨਕ ਲੋਕਾਂ ਨੇ ਕਿਹਾ ਕਿ ਹਸਪਤਾਲ ਵਿਚ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਮਰੀਜ਼ਾਂ/ਜ਼ਖ਼ਮੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹੋ ਕਾਰਨ ਹੈ ਕਿ ਸਥਾਨਕ ਤਿੰਨੋਂ ਸਰਕਾਰੀ ਹਪਤਾਲ ਰੈਫਰ ਸ਼ਬਦ ਨਾਲ ਮਸ਼ਹੂਰ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਭਾਰਤ-ਪਾਕਿ ਸੀਜ਼ਫਾਇਰ ਮਗਰੋਂ ਵੀ ਪੰਜਾਬ ਦੇ ਇਸ ਜ਼ਿਲ੍ਹੇ 'ਚ ਪਾਬੰਦੀਆਂ ਲਾਗੂ! DC ਨੇ ਜਾਰੀ ਕੀਤੇ ਹੁਕਮ
ਸਿਵਲ ਹਸਪਤਾਲ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਜ਼ਖ਼ਮੀ ਹੋਏ ਨੌਜਵਾਨ ਮੋਹਿਤ ਨੇ ਦੱਸਿਆ ਕਿ ਉਹ ਹਰਿਆਣਾ ਦੇ ਵਸਨੀਕ ਹਨ ਅਤੇ ਨੰਗਲ ਤੋਂ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਊਨਾ ਦੇ ਪਿੰਦ ਦੇਹਲਾ ਜਾ ਰਹੇ ਸਨ ਕਿ ਉਕਤ ਸੜਕ ਹਾਦਸੇ ਵਿਚ ਅਸੀਂ 6 ਕਬੱਡੀ ਖਿਡਾਰੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਖਿਡਾਰੀ ਰੰਬੀ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦਾ ਇਕ ਸਾਥੀ ਹਿਮਾਚਲ ਪ੍ਰਦੇਸ਼ ਦੇ ਪਿੰਡ ਦੇਹਲਾ ਦਾ ਰਹਿਣ ਵਾਲਾ ਹੈ, ਜਿਸ ਦਾ ਨਾਮ ਵਿਸ਼ਾਲ ਹੈ, ਦੇ ਨਾਲ ਅਸੀਂ ਕਾਂਗੜਾ ਦੇ ਪਾਰਗਪੁਰ ਵਿਖੇ ਕੱਬਡੀ ਟੂਰਨਾਮੈਂਟ ਖੇਡਣ ਜਾਣਾ ਸੀ। ਸਾਡੀ ਗੱਡੀ ਨੂੰ ਪਿੱਛੋਂ ਇਕ ਟੱਰਕ ਨੇ ਫੇਟ ਮਾਰੀ, ਜਿਸ ਨਾਲ ਗੱਡੀ ਘੁੰਮ ਗਈ ਅਤੇ ਸਾਹਮਣੇ ਤੋਂ ਆ ਰਹੀ ਦੂਜੀ ਗੱਡੀ ਨਾਲ ਵੀ ਟਕਰਾ ਹੋ ਗਿਆ, ਲੋਕਾਂ ਨੇ ਸਾਨੂੰ ਗੱਡੀ ਵਿਚੋਂ ਬਾਹਰ ਕੱਢਿਆ, ਜਿਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਲੱਗਿਆ ਅਤੇ ਐਂਬੂਲੈਂਸ ਰਾਹੀਂ ਸਾਨੂੰ ਹਸਪਤਾਲ ਲਿਆਂਦਾ ਗਿਆ।
ਦੱਸਣਯੋਗ ਹੈ ਕਿ ਹਸਪਤਾਲ ਦੀ ਐਮਰਜੈਂਸੀ ਵਿਚ ਸਟੈਚਰ ’ਤੇ ਜ਼ਖ਼ਮੀ ਪਿਆ ਮੋਹਿਤ ਆਉਣ-ਜਾਉਣ ਵਾਲੇ ਹਰ ਕਿਸੇ ਨੂੰ ਇਹੋ ਪੁੱਛ ਰਿਹਾ ਸੀ ਕਿ ਉਸ ਦੇ ਬਾਕੀ ਸਾਥੀ ਠੀਕ ਹਨ, ਕਿਉਂਕਿ ਉਸ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦੀ ਟੀਮ ਦਾ ਇਕ ਸਾਥੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕਿਆ ਹੈ। ਪਹਾੜੀ ਮਾਰਕਿਟ ਨੰਗਲ ਦੇ ਵਸਨੀਕ ਟੋਨਾ ਨੇ ਕਿਹਾ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਸਵੇਰੇ ਜਦੋਂ ਪਿੰਡ ਬ੍ਰਹਮਪੁਰ ਤੋਂ ਹੁੰਦੇ ਹੋਏ ਡਿਊਟੀ ਜਾ ਰਿਹਾ ਸਨ ਤਾਂ ਰਸਤੇ ਵਿਚ ਉਕਤ ਦਰਦਨਾਕ ਹਾਦਸਾ ਵੇਖਿਆ। ਡਿਊਟੀ ਜਾਣਾ ਠੀਕ ਨਾ ਸਮਝ ਮੈਂ ਇਨਸਾਨੀਅਤ ਦੇ ਨਾਤੇ ਹਾਦਸੇ ਵਿਚ ਜ਼ਖ਼ਮੀਆਂ ਦੀ ਮਦਦ ਕਰਨ ਲਈ ਬਾਕੀ ਲੋਕਾਂ ਨਾਲ ਲੱਗ ਪਿਆ। 2 ਟਰੱਕਾਂ ਵਿਚ ਆਈ ਉਕਤ ਖਿਡਾਰੀਆਂ ਦੀ ਗੱਡੀ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਚੁੱਕੇ ਸਨ।
ਇਹ ਵੀ ਪੜ੍ਹੋ: ਸਰਹੱਦੀ ਇਲਾਕਿਆਂ ’ਚ ਡਟੇ ਪੰਜਾਬ ਸਰਕਾਰ ਦੇ 10 ਮੰਤਰੀ, ਐਮਰਜੈਂਸੀ ਸੇਵਾਵਾਂ ਤੇ ਜਨਤਕ ਸਹੂਲਤਾਂ ਦਾ ਕੀਤਾ ਨਿਰੀਖਣ
ਕਟਰ ਵਗੈਰਾ ਆਦਿ ਚੀਜ਼ਾਂ ਨੂੰ ਗੱਡੀ ਨੂੰ ਕੱਟ ਕੇ ਉਕਤ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ 108 ਐਂਬੂਲੈਂਸ ਦੀ ਮਦਦ ਨਾਲ ਇਨ੍ਹਾਂ ਨੂੰ ਨੰਗਲ ਸਿਵਲ ਹਸਪਤਾਲ ਲਿਆਂਦਾ ਗਿਆ। ਹਸਤਪਾਲ ਵਿਚ ਜ਼ਖ਼ਮੀਆਂ ਨੂੰ ਜੋ ਇਲਾਜ ਮਿਲਣਾ ਚਾਹੀਦਾ ਸੀ ਪਰ ਉਹ ਨਹੀਂ ਮਿਲਿਆ, ਜਿਸ ਨੂੰ ਵੇਖ ਮਨ ਬਹੁਤ ਦੁਖ਼ੀ ਹੋਇਆ। ਉਨ੍ਹਾਂ ਕਿਹਾ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਦਾਅਵੇ ਤਾਂ ਬਹੁਤ ਕਰਦਾ ਹੈ ਪਰ ਜ਼ਮੀਨੀ ਹਕੀਕਤ ’ਤੇ ਝਾਤ ਮਾਰੀ ਜਾਵੇ ਤਾਂ ਸੱਚਾਈ ਸਾਹਮਣੇ ਆ ਜਾਵੇਗੀ।
ਹਸਪਤਾਲ ਵਿਚ ਮੌਜੂਦ ਮਹਿਲਾਂ ਡਾਕਟਰ ਨੇ ਦੱਸਿਆ ਕਿ ਜਦੋਂ ਜ਼ਖ਼ਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਇਕ ਰਿਤਿਕ ਨਾਮ ਦੇ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਅਤੇ ਯਸ਼ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਵਿਚ ਲੱਕੀ, ਕਰਮਵੀਰ, ਰੰਭੀ ਠਾਕੁਰ, ਰਵੀ, ਮੋਹਿਤ ਨਾਮ ਦੇ ਨੌਜਵਾਨਾਂ ਦਾ ਇਲਾਜ ਹਸਤਪਾਲ ਵਿਚ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀ ਉਮਰ 22 ਤੋਂ 25 ਸਾਲ ਵਿਚਕਾਰ ਹੈ।
ਇਹ ਵੀ ਪੜ੍ਹੋ: ਭਾਰਤ-ਪਾਕਿ ਵਿਚਾਲੇ ਬਣੇ ਜੰਗ ਦੇ ਹਾਲਾਤ ਦਰਮਿਆਨ ਡੇਰਾ ਬਿਆਸ ਨੇ ਸਤਿਸੰਗ ਘਰਾਂ 'ਚ ਲਾਏ ਲੰਗਰ
ਨੈਸ਼ਨਲ ਹਾਈਵੇਅ ਦੀ ਸਿੰਗਲ ਸੜਕ ਘਰਾਂ ’ਚ ਸੱਥਰ ਵਿਛਾਉਣ ਵਿਚ ਕਿਸੇ ਯੁੱਧ ਤੋਂ ਘੱਟ ਨਹੀਂ
ਲੋਕਾਂ ਵਿਚ ਆਮ ਚਰਚਾ ਹੈ ਕਿ ਮਹਿਤਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਸਿੰਗਲ ਸਡ਼ਕ ਹੋਣ ਦੇ ਚਲਦਿਆਂ ਪਤਾ ਨਹੀਂ ਹੁਣ ਤੱਕ ਕਿੰਨੇ ਘਰਾਂ ਦੇ ਚਿਰਾਗ ਉਕਤ ਖ਼ੂਨੀ ਸੜਕ ’ਤੇ ਬੁੱਝ ਚੁੱਕੇ ਹਨ। ਸਰਕਾਰਾਂ ਦੀਆਂ ਨੁਕਤਾਚੀਨੀਆਂ ਕਰਨ ਵਾਲੇ ਤਾਂ ਬਹੁਤ ਹਨ ਪਰ ਇਸ ਗੰਭੀਰ ਮੁੱਦੇ ’ਤੇ ਕੋਈ ਬੋਲਦਾ ਨਜ਼ਰ ਨਹੀਂ ਆਉਂਦਾ।
ਦੱਸਿਆ ਜਾ ਰਿਹਾ ਹੈ ਕਿ ਰੋਜ਼ਾਨਾਂ ਉਕਤ ਸਿੰਗਲ ਸੜਕ (ਨੈਸ਼ਨਲ ਹਾਈਵੇਅ) ’ਤੇ 50 ਹਜ਼ਾਰ ਦੇ ਕਰੀਬ ਗੱਡੀਆਂ ਪੰਜਾਬ/ਹਿਮਾਚਲ ਪ੍ਰਦੇਸ਼ ਨੂੰ ਜਾਂਦੀਆਂ ਹਨ ਪਰ ਉਕਤ ਸੜਕ ਨੂੰ ਫੋਰਲੈਨ ਜਾਂ ਸਿਕਸ ਲੈਨ ਨਹੀਂ ਕੀਤਾ ਜਾਂਦਾ। ਸਰਕਾਰਾਂ ਪਤਾ ਨਹੀਂ ਹੋਰ ਕਿੰਨੇ ਕੁ ਘਰਾਂ ਦੇ ਚਿਰਾਗ ਬੁੱਝਣ ਦੀ ਉਡੀਕ ਕਰ ਰਹੀਆਂ ਹਨ। ਦੁੱਧ ਮੱਖਣਾਂ ਨਾਲ ਪਲੇ ਗੱਭਰੂਆਂ ਨੂੰ ਲਹੂ-ਲੁਹਾਨ ਵੇਖ ਹਰ ਕਿਸੇ ਦਾ ਦਿਲ-ਦਹਿਲ ਰਿਹਾ ਸੀ। ਖਿਡਾਰੀਆਂ ਦੀ ਤਾਂ ਇਕੋ ਮੰਸ਼ਾ ਰਹਿੰਦੀ ਹੈ ਕਿ ਉਨ੍ਹਾਂ ਦਾ ਸਰੀਰ ਹਮੇਸ਼ਾ ਤੰਦਰੁਸਤ ਰਹੇ ਪਰ ਅੱਜ ਖਿਡਾਰੀਆਂ ਨੂੰ ਜ਼ਖ਼ਮੀ ਵੇਖ ਹਰ ਕਿਸੇ ਦਾ ਮਨ ਦੁਖ਼ੀ ਹੋਇਆ।
ਇਹ ਵੀ ਪੜ੍ਹੋ: ਜਲੰਧਰ ਦੇ ਬਸਤੀ ਦਾਨਿਸ਼ਮੰਦਾ 'ਚ ਡਰੋਨ ਹਮਲੇ ਦੀ ਵਾਇਰਲ ਖ਼ਬਰ ਦਾ ਸਾਹਮਣੇ ਆਇਆ ਸੱਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e