ਪੰਜਾਬ 'ਚ ਵੱਡਾ ਹਾਦਸਾ : ਫਲਾਈਓਵਰ 'ਤੇ ਪਲਟੀ ਕਾਰ, ਵੱਡੇ ਪੁਲਸ ਅਫ਼ਸਰ ਦੇ ਜਵਾਨ ਪੁੱਤ ਦੀ ਮੌਤ
Sunday, Jul 13, 2025 - 01:39 PM (IST)

ਭਵਾਨੀਗੜ੍ਹ (ਕਾਂਸਲ, ਵਿਕਾਸ ਮਿੱਤਲ) : ਇੱਥੇ ਨੈਸ਼ਨਲ ਹਾਈਵੇਅ 'ਤੇ ਫੱਗੂਵਾਲਾ ਕੈਂਚੀਆਂ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸੰਗਰੂਰ ਵੱਲ ਜਾਂਦੇ ਸਮੇਂ ਇੱਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਫਲਾਈਓਵਰ 'ਤੇ ਸੜਕ ਵਿਚਕਾਰ ਪਲਟ ਗਈ। ਇਸ ਹਾਦਸੇ ਦੌਰਾਨ ਪੰਜਾਬ ਪੁਲਸ ਦੇ ਇੱਕ ਡੀ. ਐੱਸ. ਪੀ. ਦੇ ਨੌਜਵਾਨ ਪੁੱਤ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਕਾਰ ਚਲਾ ਰਹੇ ਸਬ-ਇੰਸਪੈਕਟਰ ਦੇ ਪੁੱਤ ਨੂੰ ਗੰਭੀਰ ਸੱਟਾਂ ਲੱਗੀਆਂ। ਦੋਵੇਂ ਨੌਜਵਾਨ ਕਰੀਬੀ ਦੋਸਤ ਸਨ ਅਤੇ ਇਕੱਠੇ ਪੜ੍ਹਦੇ ਸਨ। ਘਟਨਾ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 1:30 ਵਜੇ ਉਨ੍ਹਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਫੱਗੂਵਾਲਾ ਕੈਂਚੀਆਂ ਵਿਖੇ ਸੰਗਰੂਰ ਵੱਲ ਜਾਂਦੀ ਇੱਕ ਹੁੰਡਈ ਕਾਰ ਸੰਤੁਲਨ ਗੁਆ ਕੇ ਫਲਾਈਓਵਰ 'ਤੇ ਪਲਟ ਗਈ।
ਇਹ ਵੀ ਪੜ੍ਹੋ : ਈ-ਕੇ. ਵਾਈ. ਸੀ. ਕਰਵਾਉਣ ਵਾਲੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਕਾਰ ਨੂੰ ਹਰਜੋਤ ਸਿੰਘ (23) ਪੁੱਤਰ ਰਾਜਿੰਦਰ ਪਾਲ ਸਿੰਘ ਚਲਾ ਰਿਹਾ ਸੀ, ਜਦੋਂ ਕਿ 22 ਸਾਲਾ ਏਕਮਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਟਿਆਲਾ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਾ ਸੀ ਕਿ ਅਚਾਨਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੀ ਐੱਸ. ਐੱਸ. ਐੱਫ. ਟੀਮ ਨੇ ਲੋਕਾਂ ਦੀ ਮਦਦ ਨਾਲ ਕਾਰ ਅੰਦਰ ਫਸੇ ਦੋਹਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਕਤ ਏਕਮਵੀਰ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ, ਜਦੋਂ ਕਿ ਹਰਜੋਤ ਸਿੰਘ ਨੂੰ ਗੰਭੀਰ ਹਾਲਤ ਕਾਰਨ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਵਿਦਿਆਰਥੀਆਂ ਲਈ ਲੱਗੀਆਂ ਮੌਜਾਂ! ਮਾਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਦੱਸ ਦੇਈਏ ਕਿ ਮ੍ਰਿਤਕ ਏਕਮਵੀਰ ਪਟਿਆਲਾ-1 ਦੇ ਡੀ. ਐੱਸ. ਪੀ. ਸਤਨਾਮ ਸਿੰਘ ਦਾ ਪੁੱਤ ਸੀ, ਜਦਕਿ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਹਰਜੋਤ ਸਿੰਘ ਦੇ ਪਿਤਾ ਪੰਜਾਬ ਪੁਲਸ 'ਚ ਸਬ-ਇੰਸਪੈਕਟਰ ਹਨ, ਜੋ ਮੌਜੂਦਾ ਸਮੇਂ ਮੋਹਾਲੀ ਜ਼ਿਲ੍ਹੇ ਵਿਚ ਤਾਇਨਾਤ ਹਨ। ਉੱਧਰ ਦੂਜੇ ਪਾਸੇ, ਭਵਾਨੀਗੜ੍ਹ ਥਾਣੇ ਦੇ ਐੱਸ. ਐੱਚ. ਓ. ਮਾਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਦੇ ਹੋਏ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8