ਲੁਧਿਆਣਾ ''ਚ ਵਾਪਰਿਆ ਵੱਡਾ ਹਾਦਸਾ, ਮਲਬੇ ਹੇਠ ਦੱਬੇ ਮਜ਼ਦੂਰ
Saturday, Mar 08, 2025 - 09:17 PM (IST)

ਲੁਧਿਆਣਾ - ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਇਕ ਵੱਡਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਫੋਕਲ ਪੁਆਇੰਟ ਦੇ ਫੇਜ਼-8 ਸਥਿਤ ਕੋਹਲੀ ਡਾਇੰਗ ਇੰਡਸਟਰੀ ਵਿੱਚ ਸ਼ਾਮ 6 ਵਜੇ ਵਾਪਰਿਆ, ਜਿਥੇ ਇੱਕ 2 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਇਸ ਹਾਦਸੇ ਵਿੱਚ ਛੇ ਲੋਕ ਮਲਬੇ ਹੇਠ ਦੱਬੇ ਗਏ। ਫਿਲਹਾਲ ਮਲਬੇ ਹੇਠ ਦੱਬੇ ਲੋਕਾਂ ਲੋਕਾਂ ਨੂੰ ਬਚਾਉਣ ਲਈ NDRF ਦੀ ਟੀਮ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਮੁਤਾਬਕ 25 ਸਾਲ ਪੁਰਾਣੀ ਇਮਾਰਤ ਵਿੱਚ ਪਿੱਲਰ ਸ਼ਿਫਟ ਕਰਨ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਅਚਾਨਕ ਇਮਾਰਤ ਡਿੱਗ ਗਈ। ਜਿਸ ਸਮੇਂ ਹਾਦਸਾ ਹੋਇਆ ਉਸ ਸਮੇਂ ਇੰਡਸਟਰੀ 'ਚ 15 ਤੋਂ 20 ਲੋਕ ਕੰਮ ਕਰ ਰਹੇ ਸਨ।
ਐਸ.ਐਚ.ਓ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਫਿਲਹਾਲ ਬਚਾਅ ਕਾਰਜ ਜਾਰੀ ਹੈ। 12 ਤੋਂ 14 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। 4 ਲੋਕਾਂ ਨੂੰ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਥੇ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ, ਫੈਕਟਰੀ ਮਾਲਕ ਨੇ ਦੱਸਿਆ ਕਿ ਸਵੇਰੇ 29 ਲੋਕ ਪਿੱਲਰ ਦੀ ਮੁਰੰਮਤ ਦਾ ਕੰਮ ਕਰ ਰਹੇ ਸਨ। ਜਦੋਂ ਪਿੱਲਰ ਡਿੱਗਿਆ ਤਾਂ ਸੱਤ ਲੋਕ ਅੰਦਰ ਸਨ। ਇਨ੍ਹਾਂ ਵਿੱਚੋਂ ਇੱਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ 6 ਲੋਕ ਅੰਦਰ ਫਸੇ ਹੋਏ ਹਨ। ਉੱਥੋਂ ਕੱਢੇ ਗਏ ਵਿਅਕਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਜੇ ਤੱਕ ਕਿਸੇ ਦੀ ਮੌਤ ਨਹੀਂ ਹੋਈ ਹੈ। ਬਚਾਅ ਕਾਰਜ ਚੱਲ ਰਿਹਾ ਹੈ। ਮੈਡੀਕਲ ਟੀਮਾਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅੰਦਰੋਂ ਹਰ ਕੋਈ ਸੁਰੱਖਿਅਤ ਹੋਵੇ। ਕਈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੁਆਇਲਰ ਫਟਣ ਕਾਰਨ ਵਾਪਰਿਆ ਹੈ।