ਪੁਲਸ ਵਲੋਂ ਮਜੀਠੀਆ ਦਾ OSD ਤੇ ਤਲਬੀਰ ਗਿੱਲ ਦਾ ਨਕਲੀ PA ਬਣ ਕੇ ਠੱਗੀਆਂ ਮਾਰਨ ਵਾਲਾ ਕਾਬੂ

Tuesday, May 11, 2021 - 07:40 PM (IST)

ਅੰਮ੍ਰਿਤਸਰ, (ਛੀਨਾ)- ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਕਲੀ ਓ.ਐੱਸ.ਡੀ. ਤੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦਾ ਭਤੀਜਾ ਅਤੇ ਪੀ.ਏ. ਬਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਭਰਤੀ ਕਰਵਾਉਣ ਅਤੇ ਤਰੱਕੀਆਂ ਦਿਵਾਉਣ ਦੀ ਆੜ ’ਚ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਕਾਬੂ ਕੀਤਾ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਦੱਸਿਆ ਕਿ ਨਵਦੀਪ ਸਿੰਘ ਗਿੱਲ ਨਾਮ ਦਾ ਵਿਅਕਤੀ ਆਪਣੇ ਆਪ ਨੂੰ ਬਿਕਰਮ ਸਿੰਘ ਮਜੀਠੀਆ ਦਾ ਓ.ਐੱਸ.ਡੀ., ਤਲਬੀਰ ਸਿੰਘ ਗਿੱਲ ਦਾ ਪੀ.ਏ. ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਚੰਗੀ ਸਾਂਝ ਹੋਣ ਦਾ ਭਰਮ ਬਣਾ ਕੇ ਸ਼੍ਰੋਮਣੀ ਕਮੇਟੀ ਦੇ ਮੁਲਾਜਮਾ ਅਤੇ ਆਮ ਲੋਕਾਂ ਨੂੰ ਸ਼੍ਰੋਮਣੀ ਕਮੇਟੀ ’ਚ ਨੋਕਰੀਆਂ ਅਤੇ ਤਰੱਕੀਆਂ ਦਿਵਾਉਣ ਦੀ ਆੜ ਹੇਠ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ ਤੇ ਇਸ ਝੂਠ ਦੇ ਜਾਲ ’ਚ ਲੋਕਾਂ ਨੂੰ ਫਸਾਉਣ ਲਈ ਇਸ ਦਾ ਇਕ ਸਾਥੀ ਲਖਵਿੰਦਰ ਸਿੰਘ ਲੱਖਾ ਵਾਸੀ ਬਾਬਾ ਬੁੱਢਾ ਜੀ ਐਵਨਿਊ ਵੀ ਪੂਰਾ ਸਹਿਯੋਗ ਦਿੰਦਾ ਸੀ।

ਗਿੱਲ ਨੇ ਕਿਹਾ ਕਿ ਉਕਤ ਵਿਅਕਤੀਆਂ ਹੱਥੋਂ 8 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਏ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਦੇ ਤਬਲਾ ਵਾਜਕ ਅਮਰਜੀਤ ਸਿੰਘ ਨੇ ਸਾਰੀ ਘਟਨਾ ਤੋਂ ਮੈਨੂੰ ਜਾਣੂ ਕਰਵਾਇਆ ਕਿ ਇਹ ਵਿਅਕਤੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦਾ ਨਾਮ ਵਰਤ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ ਜਿਸ ’ਤੇ ਮੈਂ ਤੁਰੰਤ ਸਾਰਾ ਮਾਮਲਾ ਬਿਕਰਮ ਸਿੰਘ ਮਜੀਠੀਆ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਪੁਲਸ ਕਮਿਸ਼ਨਰ ਅੰਮ੍ਰਿਤਸਰ ਨਾਲ ਗੱਲਬਾਤ ਕੀਤੀ ਜਿੰਨਾ ਨੇ ਪੁਲਸ ਅਧਿਕਾਰੀਆਂ ਦੀ ਡਿਊਟੀ ਲਗਾ ਕੇ ਨਵਦੀਪ ਸਿੰਘ ਗਿੱਲ ਨੂੰ ਪੂਰੀ ਵਿਓਤਬੰਦੀ ਨਾਲ ਕਾਬੂ ਕਰ ਲਿਆ ਹੈ। ਗਿੱਲ ਨੇ ਕਿਹਾ ਕਿ ਇਹ ਵਿਅਕਤੀ ਨੋਕਰੀ ਤੇ ਲਗਵਾਉਣ ਅਤੇ ਤਰੱਕੀ ਦਿਵਾਉਣ ਲਈ ਫੋਨ ’ਤੇ ਹੀ ਇੰਟਰਵਿਊ ਕਰ ਕੇ ਇੰਨੇ ਛਾਤਰ ਤਰੀਕੇ ਨਾਲ ਠੱਗੀ ਮਾਰਦੇ ਸਨ ਕਿ ਕਿਸੇ ਨੂੰ ਇਨਾ ’ਤੇ ਥੋੜਾ ਜਿਹਾ ਵੀ ਛੱਕ ਨਹੀ ਹੁੰਦਾਂ ਸੀ। ਗਿੱਲ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਗਾਈ ਨਾਲ ਜਾਂਚ ਕੀਤੀ ਜਾਵੇ ਤਾਂ ਉਕਤ ਵਿਅਕਤੀਆਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਲਿਸਟ ਲੰਮੀ ਵੀ ਹੋ ਸਕਦੀ ਹੈ। ਇਸ ਸਬੰਧ ’ਚ ਥਾਣਾ ਸੁਲਤਾਨਵਿੰਡ ਦੇ ਐਸ.ਐਚ.ਓ.ਨੇ ਦੱਸਿਆ ਕਿ ਲੋਕਾਂ ਨਾਲ ਠੱਗੀਆਂ ਮਾਰਨ ਦੇ ਦੋਸ਼ ਹੇਠ ਨਵਦੀਪ ਸਿੰਘ ਗਿੱਲ ਤੇ ਲਖਵਿੰਦਰ ਸਿੰਘ ਲੱਖਾ ਦੇ ਖਿਲਾਫ਼ ਧਾਰਾ 420 ਦੇ ਤਹਿਤ ਪੁਲਸ ਕੇਸ ਦਰਜ ਕਰਕੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਤੇ ਦੂਜੇ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। 
 


Bharat Thapa

Content Editor

Related News