''ਸਾਡੀ ਲੱਗਦੀ ਕਿਸੇ ਨਾ ਵੇਖੀ, ਤੇ ਟੁੱਟਦੀ ਨੂੰ ਜਗ ਜਾਣਦਾ''
Wednesday, Aug 12, 2020 - 06:43 PM (IST)
ਮਜੀਠਾ (ਸਰਬਜੀਤ): ''ਸਾਡੀ ਲੱਗਦੀ ਕਿਸੇ ਨਾ ਵੇਖੀ ਤੇ ਟੁੱਟਦੀ ਨੂੰ ਜਗ ਜਾਣਦਾ।' ਜੀ ਹਾਂ, ਇਹ ਸ਼ਬਦ ਇਸ ਵੇਲੇ ਬਿਲਕੁਲ ਫਿੱਟ ਬੈਠ ਰਹੇ ਹਨ ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਸਭਾ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ 'ਤੇ ਜਿਨ੍ਹਾਂ ਦੀ ਆਪਸ 'ਚ ਬਣਦੀ ਸ਼ਾਇਦ ਹੀ ਕਿਸੇ ਨੇ ਦੇਖੀ ਹੋਵੇ ਪਰ ਹੁਣ ਜਦੋਂ ਦੋਵਾਂ ਦਿੱਗਜ ਅਤੇ ਉੱਚ ਕੋਟੀ ਦੇ ਕਾਂਗਰਸੀ ਲੀਡਰਾਂ ਦੀ ਟੁੱਟ ਗਈ ਹੈ ਤਾਂ ਜਗ ਜ਼ਾਹਿਰ ਹੋਣ ਨਾਲ ਪੰਜਾਬ ਕਾਂਗਰਸ ਦੀ ਸਿਆਸਤ 'ਚ ਸਿਆਸੀ ਭੂਚਾਲ ਆ ਗਿਆ ਹੈ, ਜਿਸ ਨੇ ਕਾਂਗਰਸ ਹਾਈਕਮਾਂਡ ਨੂੰ ਵੀ ਸੋਚਾਂ ਵਿਚ ਪਾ ਕੇ ਰੱਖ ਦਿੱਤਾ ਹੈ ਕਿ ਉਹ (ਕਾਂਗਰਸ ਹਾਈਕਮਾਂਡ) ਇਸ ਬਾਰੇ ਫੈਸਲਾ ਲਵੇ ਤਾਂ ਕਿਵੇਂ ਲਵੇ?
ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਇਨ੍ਹੀਂ ਦਿਨੀਂ ਪੰਜਾਬ ਕਾਂਗਰਸ ਵਿਚ ਜਿਸ ਤਰ੍ਹਾਂ ਕਾਂਗਰਸ ਦੇ ਧੜਿਆਂ ਦਰਮਿਆਨ ਸਿਆਸੀ ਜੰਗ ਪੂਰੀ ਤਰ੍ਹਾਂ ਭਖੀ ਹੋਈ ਹੈ ਅਤੇ ਪ੍ਰਤਾਪ ਸਿੰਘ ਬਾਜਵਾ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਪੰਜਾਬ 'ਚ ਵਿਕ ਰਹੇ ਨਸ਼ੇ ਅਤੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਮੱਦੇਨਜ਼ਰ ਰੱਖਦਿਆਂ ਲੰਮੇਂ ਹੱਥੀਂ ਲੈਂਦਿਆਂ ਲਗਾਤਾਰ ਸਵਾਲਾਂ ਦੇ ਬੌਛਾੜ ਕੀਤੀ ਜਾ ਰਹੀ ਹੈ, ਇਸ ਦੇ ਚੱਲਦਿਆਂ ਪੰਜਾਬ ਕਾਂਗਰਸ ਦੀ ਰਾਜਨੀਤੀ ਵਿਚ ਸਿਆਸੀ ਭੂਚਾਲ ਆ ਗਿਆ ਹੈ ਕਿਉਂਕਿ ਹੋ ਸਕਦਾ ਹੈ ਕਿ ਸ਼ਾਇਦ ਇਹ ਪੰਜਾਬ ਕਾਂਗਰਸ ਦੀ ਸਿਆਸਤ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ 'ਤੇ ਰਹਿ ਚੁੱਕੇ ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਸਭਾ ਜੋ ਇਕ ਘਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ, ਖੁੱਲ੍ਹ•ਕੇ ਮੈਦਾਨ 'ਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ ਨਿੱਤਰੇ ਹੋਣ ਤਾਂ ਜੋ ਕਾਂਗਰਸ ਪਾਰਟੀ ਦੀ ਲੋਕ ਮਨਾਂ ਅੰਦਰ ਡਿੱਗਦੀ ਜਾ ਰਹੀ ਸ਼ਾਖ ਨੂੰ ਬਚਾਅ ਕੇ ਉਹ ਕਾਂਗਰਸ ਹਾਈਕਮਾਂਡ ਪ੍ਰਤੀ ਬਣਦੇ ਆਪਣੇ ਫਰਜ਼ ਨੂੰ ਨਿਭਾਅ ਸਕਣ। ਇੱਥੇ ਇਹ ਵੀ ਦੱਸਦੇ ਜਾਈਏ ਕਿ ਪ੍ਰਤਾਪ ਸਿੰਘ ਬਾਜਵਾ ਦੇ ਸਵਾਲਾਂ ਦੇ ਚੱਕਰਵਿਊ 'ਚ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਫਸੇ ਹਨ, ਉਸ ਸਭ ਦੇ ਮੱਦੇਨਜ਼ਰ ਇਸ 'ਚੋਂ ਬਾਹਰ ਨਿਕਲਣ ਦਾ ਤੋੜ ਕੈਪਟਨ-ਜਾਖੜ ਧੜੇ ਨੂੰ ਲੱਭਣਾ ਪਵੇਗਾ।
ਕਿਉਂ ਤੇ ਕਿੰਝ ਆਇਆ ਪੰਜਾਬ ਦੀ ਸਿਆਸਤ 'ਚ ਭੂਚਾਲ?
ਜੀ ਹਾਂ, ਹੁਣ ਅਸੀਂ ਚਰਚਾ ਕਰਨ ਜਾ ਰਹੇ ਹਾਂ ਪੰਜਾਬ ਦੀ ਸਿਆਸਤ ਵਿਚ ਆਏ ਸਿਆਸੀ ਭੂਚਾਲ ਦੀ ਜਿਸ ਨੇ ਉੱਚ ਲੈਵਲ ਤੋਂ ਲੈ ਕੇ ਬੂਥ ਲੈਵਲ ਤੱਕ ਦੇ ਆਗੂਆਂ ਤੇ ਵਰਕਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਹ ਸਿਆਸੀ ਭੂਚਾਲ ਆਉਣ ਦਾ ਮੁੱਖ ਕਾਰਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ 'ਚ ਆਉਣ ਤੋਂ ਪਹਿਲਾਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਕੀਤੇ ਵਾਅਦੇ ਪੂਰਾ ਨਾ ਕਰਨਾ ਅਤੇ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਸੈਂਕੜੇ ਲੋਕਾਂ ਦੀਆਂ ਮੌਤਾਂ ਹਨ। ਇਸ ਸਭ ਨੂੰ ਧਿਆਨ ਵਿਚ ਰੱਖਦਿਆਂ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ਨੇ ਆਵਾਜ਼ ਬੁਲੰਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਜਿਸ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਸਵਾਲਾਂ ਦੇ ਕਟਹਿਰੇ 'ਚ ਲਿਆ ਖੜ੍ਹਾ ਕੀਤਾ ਹੈ ਅਤੇ ਲਗਾਤਾਰ ਬਾਜਵਾ ਵਲੋਂ ਕੈਪਟਨ 'ਤੇ ਕੀਤੇ ਜਾ ਰਹੇ ਸਿਆਸੀ ਹਮਲਿਆਂ ਰਾਹੀਂ ਪੁੱਛਿਆ ਜਾ ਰਿਹਾ ਹੈ ਕਿ ਕੈਪਟਨ ਸਾਹਿਬ! ਦੱਸੋ, ਕਿੱਥੇ ਗਿਆ ਤੁਹਾਡਾ ਪੰਜਾਬ ਦੀ ਜਨਤਾ ਨਾਲ ਪੰਜਾਬ ਨੂੰ 100 ਦਿਨਾਂ ਅੰਦਰ ਨਸ਼ਾ ਮੁਕਤ ਕਰਨ ਦਾ ਵਾਅਦਾ ਕਿਉਂਕਿ ਪੰਜਾਬ ਤਾਂ ਨਸ਼ਾ ਮੁਕਤ ਨਹੀਂ ਹੋ ਸਕਿਆ ਪਰ ਇਸ ਵੇਲੇ ਤੁਹਾਡੀ ਅਣਗਹਿਲੀ ਅਤੇ ਲਾਪਰਵਾਹੀ ਦੇ ਚੱਲਦਿਆਂ ਨਸ਼ਾ ਨਾ ਰੁਕਣ ਦੀ ਸੂਰਤ ਵਿਚ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜਿਆਂ ਲੋਕਾਂ ਦੀਆਂ ਹੋਈਆਂ ਮੌਤਾਂ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ? ਜ਼ਰਾ ਜੁਆਬ ਦਾ ਤਾਂ ਦਿਓ! ਇਹ ਸਭ ਅੱਜ ਕੱਲ੍ਹ ਪੰਜਾਬ ਕਾਂਗਰਸ ਦੀ ਰਾਜਨੀਤੀ 'ਚ ਚੱਲ ਰਿਹਾ ਹੈ ਪਰ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਬਾਜਵਾ ਦੇ ਸਵਾਲਾਂ ਦਾ ਜੁਆਬ ਦੇਣਾ ਉੱਚਿਤ ਨਹੀਂ ਸਮਝ ਰਹੇ ਅਤੇ ਅਣਦੇਖੀ ਕਰਦਿਆਂ ਇਸਦੇ ਉਲਟ ਪੰਜਾਬ ਸਰਕਾਰ ਵਲੋਂ ਪ੍ਰਤਾਪ ਬਾਜਵਾ ਨੂੰ ਦਿੱਤੀਆ ਸਹੂਲਤਾਂ ਜਿਨ੍ਹਾਂ ਸਕਿਓਰਟੀ ਆਦਿ ਵਾਪਸ ਲੈਣੀ ਸ਼ਾਮਲ ਹਨ, ਨੂੰ ਬੰਦ ਕਰਨ ਨੂੰ ਪਹਿਲ ਦੇ ਰਹੇ ਹਨ ਅਤੇ ਅਜਿਹਾ ਹੋਣ ਇਹੀ ਗੱਲ ਦਰਸਾਉਂਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਈ ਵੱਡਾ ਉਲਟ ਫੇਰ ਪੰਜਾਬ ਕਾਂਗਰਸ ਦੀ ਸਿਆਸਤ ਵਿਚ ਹੋ ਸਕਦਾ ਹੈ।
ਕੀ ਸੁਨੀਲ ਜਾਖੜ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ 'ਤੇ ਰਹਿਣਗੇ ਜਾਂ ਫਿਰ...?
ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ਦਾ ਧੜਾ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਪ੍ਰਦੇਸ਼ ਪ੍ਰਧਾਨ ਕਾਂਗਰਸ 'ਤੇ ਸ਼ਬਦੀ ਬਾਣਾਂ ਰਾਹੀਂ ਹਾਵੀ ਹੁੰਦਾ ਨਜ਼ਰੀ ਪੈ ਰਿਹਾ ਹੈ, ਉਸ ਤੋਂ ਇਹੀ ਕਿਆਸ ਲਗਾਇਆ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਕਾਂਗਰਸ ਹਾਈਕਮਾਂਡ ਬਾਜਵਾ-ਦੂਲੋ ਧੜੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਸੁਨੀਲ ਜਾਖੜ ਨੂੰ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਹਟਾ ਦੇਵੇ ਅਤੇ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਫਿਰ ਬਾਜਵਾ-ਦੂਲੋ ਧੜੇ ਦੀ ਬੱਲੇ-ਬੱਲੇ ਹੋਵੇਗੀ ਅਤੇ ਬਾਕੀ ਸਭ ਥੱਲੇ-ਥੱਲੇ ਹੋਣਗੇ ਪਰ ਇਹ ਸਭ ਕਰਨ ਲਈ ਕਾਂਗਰਸ ਹਾਈਕਮਾਂਡ ਨੂੰ ਸੋਚ ਸਮਝ ਕੇ ਫੈਸਲਾ ਲੈਣਾ ਪਵੇਗਾ ਅਤੇ ਜੇਕਰ ਕਾਂਗਰਸ ਹਾਈਕਮਾਂਡ ਜਲਦਬਾਜ਼ੀ ਵਿਚ ਫੈਸਲਾ ਲੈ ਲੈਂਦੀ ਹੈ ਤਾਂ ਕਿਤੇ ਨਾ ਹੋਵੇ ਕਿ ਸਿਆਣਿਆਂ ਦਾ ਕਥਨ ਸੱਚ ਹੋ ਜਾਵੇ ਕਿ 'ਹੱਥਾਂ ਨਾਲ ਬੰਨ੍ਹੀਆਂ, ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ। ਓਧਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਸੁਨੀਲ ਜਾਖੜ ਵੀ ਬੇਹੱਦ ਇਮਾਨਦਾਰ ਅਤੇ ਸਾਫ ਅਕਸ ਵਾਲੇ ਰਾਜਨੇਤਾ ਹਨ ਜੋ ਰਾਜਨੀਤੀ ਦੇ ਹਰ ਤਰ੍ਹਾਂ ਦੇ ਪੈਂਤੜੇ ਤੋਂ ਵਾਕਿਫ ਹਨ। ਇਸ ਦੇ ਚੱਲਦਿਆਂ ਪ੍ਰਦੇਸ਼ ਪ੍ਰਧਾਨਗੀ ਦੇ ਅਹੁਦੇ ਤੋਂ ਜਾਖੜ ਨੂੰ ਹਟਾਉਣਾ ਇੰਨਾ ਆਸਾਨ ਨਹੀਂ ਹੋਵੇਗਾ।
ਕੀ ਕੈਪਟਨ ਅਮਰਿੰਦਰ ਸਿੰਘ ਆਪਣੀ ਤੇ ਸੁਨੀਲ ਜਾਖੜ ਦੀ ਸ਼ਾਖ ਬਚਾਉਣ ਲਈ ਖੇਡਣਗੇ ਕੋਈ ਕੋਈ ਦਾਅ-ਪੇਚ?:
ਜਿੱਥੇ ਇਕ ਪਾਸੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਦਾ ਧੜਾ ਹੈ, ਉਥੇ ਦੂਜੇ ਪਾਸੇ ਦੋ ਰਾਜ ਸਭਾ ਮੈਂਬਰਾਨ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ਦਾ ਵੀ ਧੜਾ ਹੈ ਅਤੇ ਇਹ ਦੋਵੇਂ ਧੜੇ ਜਿੱਥੇ ਸਿਆਸਤ ਦੇ ਹਰ ਦਾਅ-ਪੇਚ ਤੋਂ ਪੂਰੀ ਤਰ੍ਹਾਂ ਜਾਣੂ ਹਨ, ਉਥੇ ਹੁਣ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜਾਬ ਵਿਚ ਹੋਈਆਂ ਸੈਂਕੜੇ ਵਿਅਕਤੀਆਂ ਦੀਆਂ ਮੌਤਾਂ ਤੋਂ ਬਾਅਦ ਜੋ ਹਾਲਾਤ ਪੰਜਾਬ ਕਾਂਗਰਸ ਵਿਚ ਆਪਸੀ ਗ੍ਰਹਿ-ਯੁੱਧ ਛਿੜਨ ਨਾਲ ਬਣ ਗਏ ਹਨ, ਉਸ ਨੂੰ ਮੁੱਖ ਰੱਖਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਸਿਆਸੀ ਦਾਅ-ਪੇਚ ਆਪਣੇ ਰਾਜਨੀਤਿਕ ਕੈਰੀਅਰ ਵਿਚੋਂ ਬਾਹਰ ਕੱਢਣਾ ਪਵੇਗਾ ਜੋ ਪ੍ਰਤਾਪ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ਦੇ ਰੱਥ ਨੂੰ ਰੋਕ ਅਤੇ ਪੰਜਾਬ ਕਾਂਗਰਸ ਵਿਚ ਮਚੇ ਘਮਾਸਾਨ ਨੂੰ ਸ਼ਾਂਤ ਕਰ ਦੇਵੇ ਅਤੇ ਜੇਕਰ ਕੈਪਟਨ ਸਿੰਘ ਅਜਿਹਾ ਕਰਨ ਵਿਚ ਸਫਲ ਹੋ ਜਾਂਦੇ ਹਨ ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਅਕਸ ਹਾਈਕਮਾਂਡ ਦੀਆਂ ਨਜ਼ਰਾਂ ਵਿਚ ਪਹਿਲਾਂ ਨਾਲੋਂ ਹੋਰ ਜ਼ਿਆਦਾਤਰ ਬਿਹਤਰ ਹੋ ਜਾਵੇਗਾ ਅਤੇ ਬਾਕੀ ਰਹੀ ਗੱਲ ਬਾਜਵਾ-ਦੂਲੋ ਧੜੇ ਦੀ, ਇਨ੍ਹਾਂ ਨਾਲ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਆਪਣੇ ਬਹੁਤ ਹੀ ਸਹਿਜ ਸੁਭਾਅ ਅਤੇ ਸੂਝ-ਬੂਝ ਨਾਲ ਟੇਬਲ ਟਾਕ ਕਰਕੇ ਮਸਲੇ ਦਾ ਹੱਲ ਕੱਢ ਲੈਣਗੇ ਕਿਉਂਕਿ ਸੋਨੀਆ ਗਾਂਧੀ ਨੂੰ ਤਿਆਗ ਦੀ ਮੂਰਤ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਪਾਰਟੀ ਲਈ ਪ੍ਰਧਾਨ ਮੰਤਰੀ ਦਾ ਅਹੁਦਾ ਤੱਕ ਛੱਡ ਦਿੱਤਾ ਸੀ।
ਕੀ ਕਾਂਗਰਸ ਹਾਈਕਮਾਂਡ ਲੱਭੇਗੀ ਕੈਪਟਨ-ਜਾਖੜ ਤੇ ਬਾਜਵਾ-ਦੂਲੋ ਧੜਿਆਂ ਦਰਮਿਆਨ ਚੱਲ ਰਹੀ ਸਿਆਸੀ ਜੰਗ ਨੂੰ ਸ਼ਾਂਤ ਕਰਨ ਦਾ ਤੋੜ?:
ਜਿਸ ਤਰ੍ਹਾਂ ਪੰਜਾਬ ਕਾਂਗਰਸ ਦੀ ਸਿਆਸਤ ਵਿਚ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ਵਲੋਂ ਜ਼ਹਿਰੀਲੀ ਸ਼ਰਾਬ ਦੇ ਕਾਰਨ ਪੰਜਾਬ ਵਿਚ ਹੋਈਆਂ ਮੌਤਾਂ ਤੋਂ ਬਾਅਦ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ ਕਾਰਗੁਜ਼ਾਰੀ ਵਿਰੁੱਧ ਮੋਰਚਾ ਖੋਲ੍ਹਿਆ ਗਿਆ ਹੈ, ਉਸ ਨੂੰ ਮੱਦੇਨਜ਼ਰ ਰੱਖਦਿਆਂ ਕਾਂਗਰਸ ਹਾਈਕਮਾਂਡ ਨੂੰ ਇਨ੍ਹਾਂ ਦੋਵਾਂ ਧੜਿਆਂ ਦਰਮਿਆਨ ਚੱਲ ਰਹੀ ਸਿਆਸੀ ਜੰਗ ਨੂੰ ਸ਼ਾਂਤ ਕਰਨ ਦਾ ਤੋੜ ਜਲਦ ਤੋਂ ਜਲਦ ਲੱਭਣਾ ਪਵੇਗਾ ਕਿਉਂਕਿ ਇਕ ਪਾਸੇ ਜਿੱਥੇ ਨਗਰ ਨਿਗਮ ਚੋਣਾਂ ਆ ਰਹੀਆਂ ਹਨ, ਉਥੇ ਦੂਜੇ ਪਾਸੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਦਾ ਬੁਰਾ ਅਸਰ ਪੈ ਸਕਦਾ ਹੈ ਜਿਸ ਨਾਲ ਮੁੜ ਕਾਂਗਰਸ ਪਾਰਟੀ ਆਪਣੇ ਟੀਚੇ ਤੋਂ ਖੁੰਝ ਨਾ ਜਾਵੇ ਪਰ ਹੁਣ ਇਹ ਸਭ ਕਾਂਗਰਸ ਹਾਈਕਮਾਂਡ ਨੇ ਦੇਖਣਾ ਹੋਵੇਗਾ ਕਿ ਇਨ੍ਹਾਂ ਦੋਵਾਂ ਧੜਿਆਂ ਨੂੰ ਕਿਸ ਤਰ੍ਹਾਂ ਚੁੱਪ ਕਰਵਾਇਆ ਜਾਵੇ।