ਆਕਾਲੀਆਂ ਨੂੰ ਰਾਸ ਆ ਰਹੇ ਕੈਪਟਨ ਦੇ ਢਿੱਲੇ ਪੈਂਤੜੇ

Friday, May 10, 2019 - 01:35 PM (IST)

ਆਕਾਲੀਆਂ ਨੂੰ ਰਾਸ ਆ ਰਹੇ ਕੈਪਟਨ ਦੇ ਢਿੱਲੇ ਪੈਂਤੜੇ

ਮਜੀਠਾ : ਪਿਛਲੇ ਸਮੇਂ ਦੌਰਾਨ ਅਕਾਲੀ ਦਲ ਵਲੋਂ ਕੀਤੀਆਂ ਰੈਲੀਆਂ 'ਚ ਹੋਇਆ ਲੋਕਾਂ ਦਾ ਇਕੱਠ ਇਹ ਦਰਸਾਉਂਦਾ ਹੈ ਕਿ ਅਕਾਲੀ ਦਲ ਪ੍ਰਤੀ ਲੋਕਾਂ ਅੰਦਰ ਪੈਦਾ ਹੋਇਆ ਗੁੱਸਾ ਕੁਝ ਘਟਿਆ ਹੈ। ਇਨ੍ਹਾਂ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਮੁੜ ਸਿਆਸੀ ਪਿੱਚ 'ਤੇ ਚੰਗਾ ਪ੍ਰਦਰਸ਼ਨ ਕਰ ਸਕਦਾ ਹੈ। ਉੱਧਰ, ਅਕਾਲੀ ਦਲ ਨੂੰ ਹਰ ਮੁੱਦੇ 'ਤੇ ਘੇਰਨ ਵਾਲੇ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਤੋਂ ਬਾਹਰ ਹੋਣ ਨਾਲ ਵੀ ਅਕਾਲੀ ਦਲ ਨੂੰ ਸੁੱਖ ਦਾ ਸਾਹ ਆਇਆ ਹੈ। ਕੈਪਟਨ ਦਾ ਪਹਿਲਾਂ ਵਾਂਗ ਅਕਾਲੀਆਂ ਵਿਰੁੱਧ ਨਾ ਗੱਜਣਾ ਕਾਂਗਰਸੀਆਂ ਤੇ ਆਮ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ। 

ਪੰਜਾਬ ਵਿਧਾਨ ਸਭਾ ਚੋਣਾਂ 'ਚ ਹਾਸ਼ੀਏ 'ਤੇ ਚਲੇ ਗਏ ਅਕਾਲੀ ਦਲ ਨੇ ਲੋਕ ਸਭਾ ਚੋਣਾਂ 'ਚ ਮੁੜ ਪੈਰਾਂ 'ਤੇ ਖੜ੍ਹੇ ਹੋਣਾ ਸ਼ੁਰੂ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਵਰਤੀ ਜਾ ਰਹੀ ਮੱਠੀ ਸੁਰ ਅਕਾਲੀ ਨੂੰ ਰਾਸ ਨਹੀਂ ਆ ਰਹੀ ਹੈ। ਅਕਾਲੀ ਦਲ ਨੂੰ ਚਣੌਤੀ ਦੇਣ ਵਾਲੇ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਤੋਂ ਬਾਹਰ ਹੋਣਾ ਵੀ ਅਕਾਲੀ ਦਲ ਲਈ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ। ਦੋ ਵਰ੍ਹੇ ਪਹਿਲਾਂ ਅਕਾਲੀ ਦਲ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ ਤੇ ਕਾਂਗਰਸ ਨੂੰ ਵੱਡਾ ਬਹੁਮੱਤ ਦੇ ਕੇ ਵਿਧਾਨ ਸਭਾ 'ਚ ਭੇਜਿਆ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਤੇ ਬਹਿਬਲ ਕਲਾਂ ਗੋਲੀ ਕਾਂਡ ਨੇ ਅਕਾਲੀ ਦਲ ਲਈ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਸਨ। ਪਿਛਲੇ ਦੋ ਸਾਲਾਂ 'ਚ ਸੂਬਾ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਤੇ ਵਿਧਾਨ ਸਭਾ ਚੋਣਾਂ 'ਚ ਵਿਰੋਧੀ ਧਿਰ ਵਜੋਂ ਉੱਭਰੀ ਆਮ ਆਦਮੀ ਪਾਰਟੀ ਦਾ ਪੰਜਾਬ ਦੀ ਸਿਆਸਤ 'ਚੋਂ ਹਾਸ਼ੀਏ 'ਤੇ ਚਲੇ ਜਾਣਾ ਵੀ ਅਕਾਲੀ ਦਲ ਲਈ ਲਾਭਦਾਇਕ ਸਾਬਤ ਹੋ ਰਿਹਾ ਹੈ। ਅਕਾਲੀ ਦਲ ਦੀ 'ਆਪ' ਨਾਲ ਜੁੜੀ ਵੋਟ ਮੁੜ ਵਾਪਸ ਆਉਂਦੀ ਨਜ਼ਰ ਆ ਰਹੀ ਹੈ। 

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਇਹ ਪਰਖ ਦੀ ਘੜੀ ਹੈ। ਇਨ੍ਹਾਂ ਚੋਣਾਂ 'ਚ ਪ੍ਰਕਾਸ਼ ਸਿੰਘ ਬਾਦਲ ਵਲੋਂ ਜ਼ਿਆਦਾ ਸਰਗਰਮੀਆਂ ਨਹੀਂ ਵਿਖਾਈਆਂ ਜਾ ਰਹੀਆਂ। ਉਹ ਵੀ ਸੁਖਬੀਰ ਬਾਦਲ ਨੂੰ ਪੂਰੀ ਕਮਾਂਡ ਦੇ ਕੇ ਹਾਲਾਤ ਦਾ ਸਾਹਮਣਾ ਕਰਨ ਲਈ ਤਕੜਾ ਕਰ ਰਹੇ ਹਨ। ਅਕਾਲੀ ਦਲ (ਟਕਸਾਲੀ) ਵਲੋਂ ਵੀ ਕੋਈ ਜ਼ਿਆਦਾ ਪ੍ਰਭਾਵ ਨਹੀਂ ਛੱਡਿਆ ਗਿਆ। ਸੂਤਰਾਂ ਅਨੁਸਾਰ ਕੁਝ ਟਕਸਾਲੀ ਆਗੂਆਂ ਵਲੋਂ ਮੁੜ ਅਕਾਲੀ ਦਲ 'ਚ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ, ਪੰਜਾਬ ਜਮਰੂਹੀ ਗੱਠਜੋੜ ਵਲੋਂ ਵੀ ਮੈਦਾਨ 'ਚ ਹਾਜ਼ਰੀ ਲਵਾਈ ਗਈ ਹੈ ਪਰ ਪੰਜਾਬ ਦੀਆਂ ਕੁਝ ਕੁ ਸੀਟਾਂ ਸੀਟਾਂ ਨੂੰ ਛੱਡ ਉਹ ਵੀ ਕਿਧਰੇ ਲੜਾਈ 'ਚ ਨਜ਼ਰ ਨਹੀਂ ਆ ਰਹੇ। ਇਨ੍ਹਾਂ ਲੋਕਾਂ ਸਭਾ ਚੋਣਾਂ ਦੌਰਾਨ ਮੁਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਨਜ਼ਰ ਆ ਰਿਹਾ ਹੈ।


author

Baljeet Kaur

Content Editor

Related News