ਪਾਵਰਕਾਮ ਦੇ ਸਰਦੀ ’ਚ ਵੀ ਨਿਕਲ ਰਹੇ ‘ਪਸੀਨੇ’, 20 ਫ਼ੀਸਦੀ ਕਰਮਚਾਰੀਆਂ ਦੇ ਮੋਢਿਆਂ ’ਤੇ ਮੇਨਟੀਨੈਂਸ ਦੀ ਕਮਾਨ

Wednesday, Nov 29, 2023 - 12:26 PM (IST)

ਪਾਵਰਕਾਮ ਦੇ ਸਰਦੀ ’ਚ ਵੀ ਨਿਕਲ ਰਹੇ ‘ਪਸੀਨੇ’, 20 ਫ਼ੀਸਦੀ ਕਰਮਚਾਰੀਆਂ ਦੇ ਮੋਢਿਆਂ ’ਤੇ ਮੇਨਟੀਨੈਂਸ ਦੀ ਕਮਾਨ

ਜਲੰਧਰ (ਪੁਨੀਤ)–ਮੁੱਢਲੀਆਂ ਸਹੂਲਤਾਂ ਵਿਚ ਅਹਿਮ ਸਥਾਨ ਰੱਖਣ ਵਾਲੇ ਪਾਵਰਕਾਮ ਕੋਲ ਸਟਾਫ਼ ਦੀ ਬੇਹੱਦ ਸ਼ਾਰਟੇਜ ਚੱਲ ਰਹੀ ਹੈ। ਫੀਲਡ ਵਿਚ ਤਾਇਨਾਤ 20 ਫ਼ੀਸਦੀ ਕਰਮਚਾਰੀਆਂ ਵੱਲੋਂ ਜਲੰਧਰ ਸਰਕਲ ਵਿਚ ਟੈਕਨੀਕਲ ਕੰਮ ਦੀ ਜ਼ਿੰਮੇਵਾਰੀ ਸੰਭਾਲੀ ਜਾ ਰਹੀ ਹੈ, ਜਦਕਿ 80 ਫ਼ੀਸਦੀ ਅਹੁਦੇ ਖਾਲੀ ਪਏ ਹਨ। ਪੱਕੇ ਕਰਮਚਾਰੀਆਂ ਦੀ ਭਰਤੀ ਦੇ ਉਲਟ ਵਿਭਾਗ ਵੱਲੋਂ ਕੰਪਲੇਂਟ ਹੈਂਡਲਿੰਗ ਬਾਈਕ (ਸੀ. ਐੱਚ. ਬੀ.) ਕਰਮਚਾਰੀਆਂ ਨੂੰ ਠੇਕੇ ’ਤੇ ਰੱਖ ਕੇ ਕੰਮ ਚਲਾਇਆ ਜਾ ਰਿਹਾ ਹੈ।

ਦੂਜੇ ਪਾਸੇ ਸਟਾਫ਼ ਦੀ ਸ਼ਾਰਟੇਜ ਕਾਰਨ ਬਿਜਲੀ ਖ਼ਪਤਕਾਰਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ। ਰੁਟੀਨ ਵਿਚ ਪੈਣ ਵਾਲੇ ਫਾਲਟ, ਬਾਰਿਸ਼, ਹਨੇਰੀ ਅਤੇ ਮੌਸਮ ਖ਼ਰਾਬ ਹੋਣ ਕਾਰਨ ਲਾਈਨਾਂ ਵਿਚ ਆਉਣ ਵਾਲੀ ਖ਼ਰਾਬੀ ਸਮੇਂ ’ਤੇ ਠੀਕ ਨਹੀਂ ਹੋ ਪਾਉਂਦੀ। ਘੰਟਿਆਂਬੱਧੀ ਬੱਤੀ ਬੰਦ ਰਹਿਣ ਕਾਰਨ ਫੀਲਡ ਸਟਾਫ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਮੀ ਦਾ ਮੌਸਮ ਭਾਵੇਂ ਨਿਕਲ ਚੁੱਕਾ ਹੈ ਪਰ ਸਟਾਫ਼ ਦੀ ਸ਼ਾਰਟੇਜ ਕਾਰਨ ਸਰਦੀ ਦੇ ਮੌਸਮ ਵਿਚ ਵੀ ਪਾਵਰਕਾਮ ਦੇ ਪਸੀਨੇ ਨਿਕਲ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਗਰਮੀ ਦੇ ਮੌਸਮ ਤੋਂ ਬਾਅਦ ਹੋਣ ਵਾਲਾ ਮੇਨਟੀਨੈਂਸ ਦਾ ਕੰਮ ਵਿਭਾਗੀ ਕਰਮਚਾਰੀਆਂ ਲਈ ਆਫ਼ਤ ਬਣਿਆ ਹੋਇਆ ਹੈ। ਸਟਾਫ਼ ਦੀ ਸ਼ਾਰਟੇਜ ਨਾਲ ਜੂਝ ਰਹੇ ਪਾਵਰਕਾਮ ਦੇ ਸਰਦੀ ਦੇ ਮੌਸਮ ਵਿਚ ਪਸੀਨੇ ਨਿਕਲ ਰਹੇ ਹਨ ਕਿਉਂਕਿ 20 ਫ਼ੀਸਦੀ ਕਰਮਚਾਰੀਆਂ ਦੇ ਮੋਢਿਆਂ ’ਤੇ ਕੰਮਕਾਜ ਦਾ ਪੂਰਾ ਬੋਝ ਪਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਸੈਸ਼ਨ 'ਚ 'ਆਪ' ਵਿਧਾਇਕਾ ਨੇ ਚੁੱਕਿਆ ਨਹਿਰਾਂ 'ਚ ਵਰਤੇ ਘਟੀਆ ਮਟੀਰੀਅਲ ਦਾ ਮੁੱਦਾ

ਪਿਛਲੇ ਸਮੇਂ ਦੌਰਾਨ ਪ੍ਰਾਪਤ ਹੋਏ ਅੰਕੜਿਆਂ ਮੁਤਾਬਕ ਜਲੰਧਰ ਸਰਕਲ ਅਧੀਨ 5 ਡਿਵੀਜ਼ਨਾਂ ਵਿਚ ਜੇ. ਈ., ਲਾਈਨਮੈਨ, ਸਹਾਇਕ ਲਾਈਨਮੈਨ (ਏ. ਐੱਲ. ਐੱਮ.) ਨੂੰ ਮਿਲਾ ਕੇ ਟੈਕਨੀਕਲ ਸਟਾਫ਼ ਦੇ ਕੁੱਲ 1957 ਅਹੁਦੇ ਹਨ, ਜਿਨ੍ਹਾਂ ਵਿਚੋਂ 1565 ਖਾਲੀ ਪਏ ਹੋਏ ਹਨ ਅਤੇ ਇਸ ਸਮੇਂ ਸਿਰਫ 392 ਕਰਮਚਾਰੀ ਫ਼ੀਲਡ ਵਿਚ ਕੰਮ ਕਰਨ ਲਈ ਉਪਲੱਬਧ ਹਨ। ਸਟਾਫ਼ ਦੀ ਸ਼ਾਰਟੇਜ ਕਾਰਨ ਜੇ. ਈ., ਐੱਸ. ਡੀ. ਓ. ਤੋਂ ਲੈ ਕੇ ਡਿਵੀਜ਼ਨ ਦੇ ਐਕਸੀਅਨ ਤਕ ਪ੍ਰੇਸ਼ਾਨ ਹਨ। ਮੌਸਮ ਦੀ ਖ਼ਰਾਬੀ ਵਿਚ ਸ਼ਿਕਾਇਤਾਂ ਵਧਣ ’ਤੇ ਅਧਿਕਾਰੀ ਕਈ ਵਾਰ ਬੇਵੱਸ ਨਜ਼ਰ ਆਉਂਦੇ ਹਨ। ਖੁੱਲ੍ਹ ਕੇ ਭਾਵੇਂ ਅਧਿਕਾਰੀ ਕੁਝ ਨਹੀਂ ਕਹਿੰਦੇ ਪਰ ਉਨ੍ਹਾਂ ਦੀ ਪ੍ਰੇਸ਼ਾਨੀ ਖਾਲੀ ਪਏ ਅੰਕੜਿਆਂ ਵਿਚ ਨਜ਼ਰ ਆਉਂਦੀ ਹੈ। ਕਈਆਂ ਦਾ ਕਹਿਣਾ ਹੈ ਕਿ ਸਟਾਫ ਦੀ ਸ਼ਾਰਟੇਜ ਦਾ ਪੱਕਾ ਹੱਲ ਕੱਢਣਾ ਚਾਹੀਦਾ ਹੈ।

ਦੂਜੇ ਪਾਸੇ ਫਾਲਟ ਸਮੇਂ ’ਤੇ ਠੀਕ ਨਾ ਹੋਣ ਦੀ ਸੂਰਤ ਵਿਚ ਇੰਡਸਟਰੀ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਰਮਚਾਰੀਆਂ ਦੀ ਘਾਟ ਕਾਰਨ ਕਈ-ਕਈ ਘੰਟੇ ਇੰਡਸਟਰੀ ਬੰਦ ਰਹਿੰਦੀ ਹੈ। ਦੂਜੇ ਪਾਸੇ ਕਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਟਾਫ਼ ਦੀ ਸ਼ਾਰਟੇਜ ਕਾਰਨ ਉਹ ਓਵਰ ਵਰਕਲੋਡ ਦਾ ਸ਼ਿਕਾਰ ਹੋ ਰਹੇ ਹਨ ਅਤੇ ਮੇਨਟੀਨੈਂਸ ਦਾ ਕੰਮ ਤੇਜ਼ ਸਪੀਡ ਨਾਲ ਨਹੀਂ ਹੋ ਪਾ ਰਿਹਾ। ਕਈ ਕਰਮਚਾਰੀਆਂ ਨੂੰ ਨਿਯਮਿਤ ਰੂਪ ਵਿਚ ਡਿਪ੍ਰੈਸ਼ਨ ਦੀ ਦਵਾਈ ਖਾਣੀ ਪੈ ਰਹੀ ਹੈ। ਅਜਿਹੇ ਹਾਲਾਤ ਵਿਚ ਪੱਕੀ ਭਰਤੀ ਕਰਨ ਨਾਲ ਕਰਮਚਾਰੀਆਂ ਨੂੰ ਰਾਹਤ ਮਿਲੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਐਪ ਨਾਲ ਚੱਲਣ ਵਾਲੀਆਂ ਟੈਕਸੀਆਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ

ਲਗਾਤਾਰ ਵਧ ਰਹੇ ਖਪਤਕਾਰਾਂ ਨਾਲ ਗੰਭੀਰ ਹੋ ਰਹੀ ਸਮੱਸਿਆ
ਟੈਕਨੀਕਲ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਕੰਪਲੇਂਟ ਹੈਂਡਲਿੰਗ ਬਾਈਕ (ਸੀ. ਐੱਚ. ਬੀ.) ਕਰਮਚਾਰੀਆਂ ਨੂੰ ਠੇਕੇ ’ਤੇ ਰੱਖਿਆ ਗਿਆ ਹੈ। ਉਕਤ ਕਰਮਚਾਰੀਆਂ ਤੋਂ ਸਪੋਰਟਿੰਗ ਸਟਾਫ਼ ਦੇ ਤੌਰ ’ਤੇ ਕੰਮ ਕਰਵਾਇਆ ਜਾਂਦਾ ਹੈ। ਇਨ੍ਹਾਂ ਨੂੰ ਵਿਭਾਗੀ ਲਾਈਨਮੈਨ ਜਾਂ ਸਹਾਇਕ ਲਾਈਨਮੈਨ ਦੀ ਨਿਗਰਾਨੀ ਵਿਚ ਕੰਮ ਕਰਨਾ ਹੁੰਦਾ ਹੈ। ਵਿਭਾਗੀ ਅੰਕੜਿਆਂ ਮੁਤਾਬਕ 413 ਸੀ. ਐੱਚ. ਬੀ. ਕੰਮ ਕਰਰਹੇ ਹਨ। ਪੱਕੇ ਕਰਮਚਾਰੀ ਅਤੇ ਸੀ. ਐੱਚ. ਬੀ. ਨੂੰ ਮਿਲਾ ਕੇ ਵੀ ਟੈਕਨੀਕਲ ਸਟਾਫ਼ ਦੇ ਖਾਲੀ ਅਹੁਦਿਆਂ ਦੀ ਪੂਰਤੀ ਨਹੀਂ ਹੁੰਦੀ। ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਤਾਂ ਕਿ ਸਮੱਸਿਆ ਦਾ ਹੱਲ ਹੋ ਸਕੇ ਪਰ ਸਾਲਾਂ ਤੋਂ ਚਲੀ ਆ ਰਹੀ ਸਮੱਸਿਆ ਦਾ ਹੱਲ ਨਹੀਂ ਹੋ ਪਾ ਰਿਹਾ ਅਤੇ ਦਿਨੋ-ਦਿਨ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਖ਼ਪਤਕਾਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਸਟਾਫ਼ ਦੀ ਸ਼ਾਰਟੇਜ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।

ਸਿਸਟਮ ਸਮਝਦੇ ਹੀ ਸਰਕਲ ਹੈੱਡ ਇੰਜੀ. ਗੁਲਸ਼ਨ ਚੁਟਾਨੀ ਦਾ ਕਰ ਦਿੱਤਾ ਤਬਾਦਲਾ
ਬਿਜਲੀ ਮਾਮਲੇ ਵਿਚ ਇੰਡਸਟਰੀ ਦੀ ਗ੍ਰੋਥ ਵਿਚ ਪਵੇਗੀ ਰੁਕਾਵਟ

ਪਾਵਰਕਾਮ ਜਲੰਧਰ ਦੇ ਸਰਕਲ ਹੈੱਡ ਸੁਪਰਿੰਟੈਂਡੈਂਟ ਇੰਜੀ. ਗੁਲਸ਼ਨ ਕੁਮਾਰ ਚੁਟਾਨੀ ਦਾ 6 ਮਹੀਨਿਆਂ ਦੌਰਾਨ ਹੀ ਤਬਾਦਲਾ ਕਰ ਦਿੱਤਾ ਗਿਆ ਹੈ, ਜੋ ਕਿ ਸਮਝ ਤੋਂ ਪਰ੍ਹੇ ਨਜ਼ਰ ਆ ਰਿਹਾ ਹੈ। ਜਲੰਧਰ ਦਾ ਸਿਸਟਮ ਸਮਝਣਾ ਆਸਾਨ ਨਹੀਂ ਹੈ। ਇਥੇ ਛੋਟੀ-ਵੱਡੀ ਇੰਡਸਟਰੀ, ਐਗਰੀਕਲਚਰ ਕੁਨੈਕਸ਼ਨ ਅਤੇ ਵੱਡੀ ਗਿਣਤੀ ਵਿਚ ਕਮਰਸ਼ੀਅਲ ਕੁਨੈਕਸ਼ਨ ਚੱਲਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇੰਜੀ. ਚੁਟਾਨੀ ਨੇ ਅਜੇ ਕੁਝ ਸਮਾਂ ਪਹਿਲਾਂ ਹੀ ਜਲੰਧਰ ਦੇ ਸਿਸਟਮ ਨੂੰ ਸਮਝਿਆ ਸੀ ਤੇ ਸਿਸਟਮ ਸਮਝਦੇ ਹੀ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਇੰਜੀ. ਚੁਟਾਨੀ ਨੂੰ ਜਲੰਧਰ ਤੋਂ ਅੰਮ੍ਰਿਤਸਰ ਭੇਜਿਆ ਗਿਆ ਹੈ, ਜਦਕਿ ਅੰਮ੍ਰਿਤਸਰ ਦੇ ਸੁਰਿੰਦਰਪਾਲ ਸੋਂਧੀ ਨੂੰ ਉਨ੍ਹਾਂ ਦੀ ਥਾਂ ’ਤੇ ਜਲੰਧਰ ਦਾ ਸੁਪਰਿੰਟੈਂਡੈਂਟ ਇੰਜੀਨੀਅਰ ਲਾਇਆ ਗਿਆ ਹੈ। ਚੁਟਾਨੀ ਦੀ ਅਗਵਾਈ ਵਿਚ ਜਲੰਧਰ ਦੇ ਸਿਸਟਮ ਸੁਚਾਰੂ ਢੰਗ ਨਾਲ ਚੱਲਣਾ ਸ਼ੁਰੂ ਹੋ ਚੁੱਕਾ ਸੀ। ਹੁਣ ਨਵੇਂ ਅਧਿਕਾਰੀ ਨੂੰ ਆ ਕੇ ਸਿਸਟਮ ਸਮਝਣਾ ਪਵੇਗਾ ਅਤੇ ਉਸ ਵਿਚ ਕੁਝ ਮਹੀਨੇ ਦਾ ਸਮਾਂ ਲੱਗੇਗਾ। ਪਾਵਰਕਾਮ ਦੇ ਸੁਪਰਿੰਟੈਂਡੈਂਟ ਅਹੁਦੇ ਤੋਂ ਰਿਟਾਇਰਡ ਹੋਏ ਅਧਿਕਾਰੀ ਦਾ ਕਹਿਣਾ ਹੈ ਕਿ ਵਿਭਾਗ ਨੂੰ ਇੰਨੀ ਜਲਦੀ ਤਬਾਦਲੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਇਸਦਾ ਖਮਿਆਜ਼ਾ ਇੰਡਸਟਰੀ ਨੂੰ ਭੁਗਤਣਾ ਪੈਂਦਾ ਹੈ ਕਿਉਂਕਿ ਸਰਕਲ ਹੈੱਡ ਮਹੱਤਵਪੂਰਨ ਅਹੁਦਾ ਹੈ।

ਇਸ ਅਹੁਦੇ ’ਤੇ ਕੰਮ ਕਰਨ ਵਾਲੇ ਵਿਅਕਤੀ ਵੱਲੋਂ ਸਿਸਟਮ ਦੀ ਬਿਹਤਰੀ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਹੁੰਦੀਆਂ ਹਨ। ਤਬਾਦਲੇ ਹੁੰਦੇ ਹਨ, ਯੋਜਨਾਵਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਇੰਜੀ. ਚੁਟਾਨੀ ਦੇ ਤਬਾਦਲੇ ਨਾਲ ਇੰਡਸਟਰੀ ਦੇ ਬਿਜਲੀ ਸਿਸਟਮ ਦੇ ਮਾਮਲੇ ਵਿਚ ਮਿਲਣ ਵਾਲੀ ਗ੍ਰੋਥ ’ਤੇ ਕੁਝ ਸਮੇਂ ਲਈ ਬ੍ਰੇਕ ਲੱਗਣੀ ਸੁਭਾਵਿਕ ਹੈ। ਨਵੇਂ ਅਧਿਕਾਰੀ ਨੂੰ ਸਭ ਕੁਝ ਜ਼ਮੀਨੀ ਪੱਧਰ ’ਤੇ ਵੇਖਣਾ ਪਵੇਗਾ। ਵਿਭਾਗ ਨੂੰ ਇੰਨੇ ਅਹਿਮ ਅਹੁਦੇ ’ਤੇ ਕੰਮ ਕਰ ਰਹੇ ਅਧਿਕਾਰੀਆਂ ਨੂੰ ਸਿਸਟਮ ਦੀ ਬਿਹਤਰੀ ਲਈ ਕੰਮ ਕਰਨ ਦਾ ਪੂਰਾ ਸਮਾਂ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ 'ਤੇ ਹੋਏ ਹਮਲੇ ਨੂੰ ਲੈ ਕੇ ਗੈਂਗਸਟਰ ਬਿਸ਼ਨੋਈ 'ਤੇ ਭੜਕੇ ਗੁਰਸਿਮਰਨ ਮੰਡ, ਕਹੀਆਂ ਵੱਡੀਆਂ ਗੱਲਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News