ਆਦਰਸ਼ ਸਕੂਲਾਂ ਨੂੰ ਬਚਾਉਣ ਲਈ ਮੇਨ ਹਾਈਵੇ ਰੋਡ ਨੂੰ ਕੀਤਾ ਜਾਮ

08/20/2017 1:44:20 AM

ਭਵਾਨੀਗੜ੍ਹ,   (ਸੰਜੀਵ/ਵਿਕਾਸ/ਅੱਤਰੀ)-  ਨਿੱਜੀ ਸਕੂਲਾਂ ਦੀ ਲੁੱਟ ਦੇ ਖਿਲਾਫ ਤੇ ਆਦਰਸ਼ ਸਕੂਲਾਂ ਨੂੰ ਬਚਾਉਣ ਲਈ 72 ਘੰਟਿਆਂ ਲਈ ਭੁੱਖ ਹੜਤਾਲ 'ਤੇ ਬੈਠੇ ਵਿੱਦਿਆ ਬਚਾਓ ਸੰਘਰਸ਼ ਕਮੇਟੀ ਦੇ ਕਨਵੀਨਰ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਅੱਜ ਸ਼ਹੀਦ ਭਗਤ ਸਿੰਘ ਚੌਕ ਵਿਚ ਵੱਡੀ ਤਦਾਦ ਵਿਚ ਇਕੱਠੇ ਹੋਏ ਆਦਰਸ਼ ਸਕੂਲ ਬਾਲਦ ਖੁਰਦ ਦੇ ਸੈਂਕੜੇ ਵਿਦਿਆਰਥੀਆਂ ਤੇ ਬੱਚਿਆਂ ਦੇ ਮਾਪਿਆਂ ਨੇ ਧਰਨੇ ਵਿਚ ਪਹੁੰਚ ਕੇ ਐੱਫ. ਸੀ. ਐੱਸ. ਕੰਪਨੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਪੂਰੇ ਸ਼ਹਿਰ ਵਿਚ ਦੀ ਆਦਰਸ਼ ਸਕੂਲ ਬਚਾਓ ਵਿੱਦਿਆ ਬਚਾਓ, ਵਿੱਦਿਆ ਦਾ ਨਿੱਜੀਕਰਨ ਬੰਦ ਕਰੋ ਦੇ ਬੈਨਰ ਹੱਥਾਂ 'ਚ ਫੜ ਕੇ ਰੋਸ ਮਾਰਚ ਕੀਤਾ ਤੇ ਮੇਨ ਹਾਈਵੇ ਰੋਡ ਨੂੰ ਜਾਮ ਕਰ ਦਿੱਤਾ।
ਧਰਨੇ ਦੌਰਾਨ ਕਮੇਟੀ ਦੇ ਕਨਵੀਨਰ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਐੱਫ. ਸੀ. ਐੱਸ. ਕੰਪਨੀ ਨੇ ਬੱਚਿਆਂ ਦੀ ਪੜ੍ਹਾਈ ਨਾਲ ਖਿਲਵਾੜ ਕੀਤਾ ਹੈ ਪਿਛਲੇ 6 ਮਹੀਨਿਆਂ ਤੋਂ ਬੱਚਿਆਂ ਨੂੰ ਕਿਤਾਬਾਂ, ਵਰਦੀਆਂ ਅਤੇ ਨਾ ਹੀ ਲੋੜੀਂਦੀ ਸਮੱਗਰੀ ਮਿਲੀ ਹੈ ਤੇ ਨਾ ਹੀ 6 ਮਹੀਨਿਆਂ ਤੋਂ ਅਧਿਆਪਕਾਂ ਨੂੰ ਤਨਖਾਹਾਂ ਤੱਕ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਧੋਖਾ ਕਰਨ ਵਾਲੀ ਕੰਪਨੀ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ। 
ਜਥੇਦਾਰ ਪ੍ਰਸ਼ੋਤਮ ਸਿੰਘ ਨੇ ਕਿਹਾ ਕਿ ਬਾਲਦ ਖੁਰਦ ਦੇ ਆਦਰਸ਼ ਸਕੂਲ 'ਚ 2200 ਦੇ ਕਰੀਬ ਬੱਚੇ ਪੜ੍ਹ ਰਹੇ ਹਨ ਜਿਨ੍ਹਾਂ ਨੂੰ ਹਾਲੇ ਤੱਕ ਪ੍ਰਾਇਮਰੀ ਸਕੂਲ ਵਾਲੀਆਂ ਕਿਤਾਬਾਂ ਨਸੀਬ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਾਂ ਐੱਫ. ਸੀ. ਐੱਸ. ਕੰਪਨੀ ਮਸਲੇ ਦੇ ਹੱਲ ਲਈ ਗੰਭੀਰ ਨਹੀਂ ਹੁੰਦੀ ਤਾਂ ਪੂਰੇ ਪੰਜਾਬ ਵਿਚੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਤੇ ਮਾਪਿਆਂ ਸਮੇਤ 30 ਅਗਸਤ ਨੂੰ ਡੀ. ਜੀ. ਐੱਸ. ਚੰਡੀਗੜ੍ਹ ਦਾ ਘਿਰਾਓ ਕੀਤਾ ਜਾਵੇਗਾ।
ਹਾਈਵੇ ਰੋਡ 'ਤੇ ਲੱਗੇ ਜਾਮ ਵਿਚ ਪਹੁੰਚੇ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾÎਇਕ ਅਮਨ ਅਰੋੜਾ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ, ਪੰਜਾਬੀਅਤ ਤੇ ਸਮਾਜ ਲਈ ਕਾਲਾ ਦਿਨ ਹੈ ਕਿਉਂਕਿ ਜਿਹੜੇ ਬੱਚਿਆਂ ਨੇ ਸਕੂਲ 'ਚ ਬੈਠ ਕੇ ਪੜ੍ਹਾਈ ਕਰਨੀ ਸੀ ਅੱਜ ਉਹ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਧਰਨੇ ਲਾ ਕੇ ਬੈਠੇ ਹਨ। 
ਇਸ ਤੋਂ ਇਲਾਵਾ ਧਰਨੇ ਵਿਚ ਬੈਠੀ ਆਦਰਸ਼ ਸਕੂਲ ਦੀ ਵਿਦਿਆਰਥਣ ਸੁਖਦੀਪ ਕੌਰ ਅਤੇ ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ 6 ਮਹੀਨਿਆਂ ਤੋਂ ਨਾ ਕੋਈ ਕਿਤਾਬਾਂ ਅਤੇ ਨਾ ਹੀ ਵਰਦੀਆਂ ਅਤੇ ਹੋਰ ਲੋੜੀਂਦਾ ਸਾਮਾਨ ਮਿਲ ਰਿਹਾ ਹੈ। ਆਦਰਸ਼ ਸਕੂਲ ਦੇ ਵਿਦਿਆਰਥੀਆਂ ਅਤੇ ਮਾਪਿਆਂ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸ਼ਾਂਤਮਈ ਢੰਗ ਨਾਲ ਮੇਨ ਹਾਈਵੇ ਨੂੰ ਤਕਰੀਬਨ 2 ਘੰਟੇ ਤੱਕ ਜਾਮ ਕਰ ਕੇ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ ਅਤੇ ਬਾਅਦ ਵਿਚ ਸ਼ਹੀਦ ਭਗਤ ਸਿੰਘ ਚੌਕ ਪਹੁੰਚ ਕੇ ਕਮੇਟੀ ਦੇ ਕਨਵੀਨਰ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ 30 ਅਗਸਤ ਤੱਕ ਭੁੱਖ ਹੜਤਾਲ 'ਤੇ ਬੈਠਣ ਦਾ ਫੈਸਲਾ ਲਿਆ ਗਿਆ । 
 ਇਸ ਦੌਰਾਨ ਗੁਰਤੇਜ ਝਨੇੜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਭੂਪ ਚੰਦ ਚੰਨੋ, ਨਰਿੰਦਰ ਕੌਰ ਭਰਾਜ, ਗੁਰਦੀਪ ਸਿੰਘ ਫੱਗੂਵਾਲਾ, ਬਿੱਕਰ ਸਿੰਘ ਔਲਖ, ਹਰਭਜਨ ਹੈਪੀ, ਬਲਦੇਵ ਸਿੰਘ ਸਿੱਧੂ, ਚਰਨਜੀਤ ਬਲਿਆਲ, ਗੁਰਮੀਤ ਸਿੰਘ, ਦਰਸ਼ਨ ਸਿੰਘ, ਮੰਗਲ ਢਿੱਲੋਂ, ਮਲਕੀਤ ਸਿੰਘ, ਜਸਵੀਰ ਸਿੰਘ, ਭੀਮਾ ਸਿੰਘ, ਜੋਰਾ ਸਿੰਘ ਬਲਿਆਲ ਸਮੇਤ ਵੱਡੀ ਗਿਣਤੀ ਵਿਚ ਸਕੂਲੀ ਬੱਚੇ ਅਤੇ ਮਾਪੇ ਹਾਜ਼ਰ ਸਨ।


Related News