ਮਾਹਿਲਪੁਰ: ਨੌਜਵਾਨ ਦੇ ਕਤਲ ਮਾਮਲੇ 'ਚ ਨਵਾਂ ਮੋੜ, ਪ੍ਰੇਮਿਕਾ ਵੱਲੋਂ ਪ੍ਰੇਮੀ ਦੇ ਭਰਾ ਨੂੰ ਕੀਤੇ ਫ਼ੋਨ ਨੇ ਖੋਲ੍ਹੇ ਭੇਤ
Saturday, Sep 18, 2021 - 07:08 PM (IST)
ਮਾਹਿਲਪੁਰ (ਅਗਨੀਹੋਤਰੀ)-28 ਜੁਲਾਈ ਦੀ ਰਾਤ ਨੂੰ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਮਜ਼ਾਰਾ ਡੀਂਗਰੀਆਂ ਦੇ ਇਕ ਨੌਜਵਾਨ ਦਾ ਕਤਲ ਕਰਕੇ ਨਜ਼ਦੀਕੀ ਪਿੰਡ ਐਮਾਂ ਜੱਟਾਂ ਦੇ ਬਾਹਰਵਾਰ ਸੁੱਟੀ ਲਾਸ਼ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਦਰਅਸਲ ਪੀੜਤ ਪਰਿਵਾਰ ਨੇ ਮ੍ਰਿਤਕ ਦੀ ਪ੍ਰੇਮਿਕਾ ਦੀ ਫ਼ੋਨ ਰਿਕਾਰਡਿੰਗ ਜਾਰੀ ਕਰਕੇ ਦੋਸ਼ ਲਾਇਆ ਕਿ ਮਾਹਿਲਪੁਰ ਪੁਲਸ ਨੇ ਮਿਲੀਭੁਗਤ ਕਰਕੇ ਅਤੇ ਉਨ੍ਹਾਂ ਨੂੰ ਇਨਸਾਫ਼ ਦੇਣ ਦਾ ਵਾਅਦਾ ਕਰਕੇ ਵੀ ਕਤਲ ਦੇ ਮਾਮਲੇ ’ਚ ਪਹਿਲਾਂ ਕੁੜੀ ਦੇ ਪਿਤਾ 'ਤੇ ਉਨ੍ਹਾਂ ਵੱਲੋਂ ਜ਼ੋਰ ਪਾਉਣ ’ਤੇ ਹੁਣ ਪ੍ਰੇਮਿਕਾ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਬਾਕੀ ਦੇ ਪਰਿਵਾਰਕ ਮੈਂਬਰਾਂ ਨੂੰ ਛੱਡ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 15 ਦਿਨਾਂ ਅੰਦਰ ਪੁਲਸ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਥਾਣਾ ਮਾਹਿਲਪੁਰ ਅੱਗੇ ਧਰਨਾ ਦੇਣਗੇ।
ਇਹ ਵੀ ਪੜ੍ਹੋ: ਜਲੰਧਰ ’ਚ ਹੋਣ ਵਾਲਾ ਸੂਰਿਆ ਕਿਰਨ ਦਾ 'ਏਅਰ ਸ਼ੋਅ' ਹੋਇਆ ਰੱਦ, ਨਿਰਾਸ਼ ਪਰਤੇ ਲੋਕ (ਵੀਡੀਓ)
ਮਜ਼ਾਰਾ ਡੀਂਗਰੀਆਂ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਪਾਲ ਸਿੰਘ ਦੇ ਬਾਬਾ ਕਰਨੈਲ ਸਿੰਘ, ਦਿਲਬਾਗ ਸਿੰਘ ਚਾਚਾ, ਰਸ਼ਪਾਲ ਸਿੰਘ ਭਰਾ, ਬਲਵਿੰਦਰ ਕੌਰ ਮਾਤਾ, ਰਾਕੇਸ਼ ਕੁਮਾਰ ਭਰਾ, ਅਮਨਦੀਪ ਸਿੰਘ ਚਚੇਰਾ ਭਰਾ, ਪਰਿਵਾਰਕ ਮੈਂਬਰ ਗੁਰਬਖ਼ਸ਼ ਕੌਰ, ਲਖ਼ਵਿੰਦਰ ਸਿੰਘ, ਸੁਰਿੰਦਰ ਕੌਰ ਤੇ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਜਸਪਾਲ ਸਿੰਘ ਦਾ ਪਿੰਡ ਦੀ ਹੀ ਕੁੜੀ ਨਾਲ ਪ੍ਰੇਮ ਸੰਬੰਧ ਸਨ ਅਤੇ 28 ਜੁਲਾਈ ਦੀ ਰਾਤ ਪ੍ਰੇਮਿਕਾ ਦੇ ਫ਼ੋਨ ਆਉਣ ’ਤੇ ਉਹ ਰਾਤ 11 ਵਜੇ ਦੇ ਕਰੀਬ ਘਰੋਂ ਚਲਾ ਗਿਆ ਅਤੇ ਸਵੇਰੇ ਉਸ ਦੀ ਲਾਸ਼ ਪਿੰਡ ਐਮਾਂ ਜੱਟਾ ਦੇ ਬਾਹਰਵਾਰ ਨਹਿਰ ਕਿਨਾਰੇ ਅਰਧ ਨਗਨ ਹਾਲਤ ਵਿਚ ਮਿਲੀ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ’ਚ ਕਾਂਗਰਸ ਦੇ ਪ੍ਰਦਰਸ਼ਨ ਦੌਰਾਨ ਇਕ ਵਰਕਰ ਤੋਂ ਮਿਲਿਆ ਰਿਵਾਲਵਰ
ਉਨ੍ਹਾਂ ਦੱਸਿਆ ਕਿ ਮਾਹਿਲਪੁਰ ਪੁਲਸ ਨੇ ਉਸ ਵੇਲੇ ਪ੍ਰੇਮਿਕਾ ਦੇ ਪਿਤਾ ਸਤਨਾਮ ਸਿੰਘ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਦੀ ਪ੍ਰੇਮਿਕਾ ਨੇ ਫ਼ੋਨ ਕਰਕੇ ਦੱਸਿਆ ਕਿ 28 ਜੁਲਾਈ ਦੀ ਰਾਤ ਉਸ ਨੇ ਜਸਪਾਲ ਨੂੰ ਘਰ ਬੁਲਾਇਆ ਸੀ ਅਤੇ ਉਸ ਦੀ ਉਸ ਦੇ ਭਰਾਵਾਂ ਰੋਹਿਤ, ਮੋਹਿਤ, ਮਾਤਾ ਆਸ਼ਾ, ਪਿਤਾ ਸਤਨਾਮ ਸਿੰਘ ਅਤੇ ਚਾਚੇ ਨੇ ਕੁੱਟਮਾਰ ਕਰਕਦਿਆਂ ਜਸਪਾਲ ਨੂੰ ਡੰਡਿਆਂ ਅਤੇ ਭੂਕਨਿਆਂ ਨਾਲ ਜਾਨੋਂ ਮਾਰ ਦਿੱਤਾ ਅਤੇ ਤੜਕਸਾਰ ਉਸ ਦੀ ਲਾਸ਼ ਐਮਾਂ ਜੱਟਾਂ ਦੇ ਬਾਹਰਵਾਰ ਸੁੱਟ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਪਹਿਲਾਂ ਮ੍ਰਿਤਕਾ ਦੇ ਪਿਤਾ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਹੁਣ ਪੀੜਤ ਪਰਿਵਾਰ ਵੱਲੋਂ ਉੱਚ ਅਫ਼ਸਰਾਂ ਨੂੰ ਸ਼ਿਕਾਇਤਾਂ ਕਰਨ ਤੋਂ ਬਾਅਦ ਰੋਹਿਤ ਦਾਦਰਾ ਨੂੰ ਡੇਢ ਮਹੀਨੇ ਬਾਅਦ ਕੇਸ ਵਿਚ ਸ਼ਾਮਲ ਕਰਕੇ ਗ੍ਰਿਫ਼ਤਾਰ ਕੀਤਾ। ਉਹ ਪੁਲਸ ਨੂੰ ਰਿਕਾਰਡਿੰਗ ਵੀ ਦੇ ਚੁੱਕੇ ਹਨ ਪਰ ਪੁਲਸ ਵੱਲੋਂ ਸਾਰੇ ਪਰਿਵਾਰ ਨੂੰ ਨਾਮਜ਼ਦ ਨਹੀਂ ਕੀਤਾ ਜਾ ਰਿਹਾ, ਜਦਕਿ ਉਨ੍ਹਾਂ ਦੇ ਲੜਕੇ ਦਾ ਕਤਲ ਪ੍ਰੇਮਿਕਾ ਦੇ ਘਰ ਵਿਚ ਹੋਇਆ ਸੀ।
ਉਨ੍ਹਾਂ ਮੰਗ ਕੀਤੀ ਕਿ ਜੇਕਰ ਪੁਲਸ ਨੇ 15 ਦਿਨਾਂ ਅੰਦਰ ਸਾਰੇ ਪਰਿਵਾਰ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਥਾਣਾ ਮਾਹਿਲਪੁਰ ਅੱਗੇ ਧਰਨਾ ਦੇਣਗੇ। ਇਸ ਸਬੰਧੀ ਚੌਕੀ ਇੰਚਾਰਜ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਤੱਥਾਂ ’ਤੇ ਆਧਾਰਿਤ ਹੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੁੜੀ ਕਈ ਵਾਰੀ ਬਿਆਨ ਬਦਲ ਰਹੀ ਹੈ ਪਰ ਪੁਲਸ ਨੇ ਫ਼ਿਰ ਵੀ ਬਾਰੀਕੀ ਅਤੇ ਵਿਗਿਆਨਕ ਢੰਗ ਨਾਲ ਪੜਤਾਲ ਕਰਕੇ ਜੋ ਕਾਰਵਾਈ ਬਣਦੀ ਸੀ, ਕੀਤੀ ਹੈ। ਕੁੜੀ ਦੇ ਰੋਜ਼ਾਨਾ ਬਦਲਦੇ ਬਿਆਨਾਂ ਨੂੰ ਨਹੀਂ ਮੰਨਿਆ ਜਾ ਰਿਹਾ। ਕੁੜੀ ਨੇ ਉੱਚ ਅਫ਼ਸਰਾਂ ਨੂੰ ਜੋ ਬਿਆਨ ਦਿੱਤੇ ਹਨ, ਓਹੀ ਮੰਨੇ ਗਏ ਹਨ।
ਇਹ ਵੀ ਪੜ੍ਹੋ: ਜਲੰਧਰ: ਜੁੱਤੀਆਂ ਪਾ ਕੇ ਜੋਤ ਜਗਾਉਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਮੰਗੀ ਮੁਆਫ਼ੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ