ਅਸਥਾਨਾ ਦੀ ਲੀਕ ਚਿੱਠੀ ''ਤੇ ਭਖੀ ਸਿਆਸਤ, ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਘੇਰਿਆ
Wednesday, Dec 15, 2021 - 07:31 PM (IST)
ਚੰਡੀਗੜ੍ਹ : ਬਿਓਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਏ. ਡੀ. ਜੀ. ਪੀ. ਐੱਸ. ਕੇ. ਅਸਥਾਨਾ ਵੱਲੋਂ ਡੀ. ਜੀ. ਪੀ. ਪੰਜਾਬ ਨੂੰ ਲਿਖੀ ਚਿੱਠੀ 'ਤੇ ਸਿਆਸਤ ਭਖ ਗਈ ਹੈ। ਇਸ ਨੂੰ ਲੈ ਕੇ ਹੁਣ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਜੇਕਰ ਏ. ਡੀ. ਜੀ. ਪੀ. ਅਸਥਾਨਾ ਬੋਲ ਪਏ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੂੰਹ ਲੁਕਾਉਣਾ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਫਸਾਉਣ ਵਾਲੀਆਂ ਮੀਟਿੰਗਾਂ ਦੀ ਜਾਂਚ ਕੀਤੀ ਜਾਣੀ ਚਾਹੀਦੈ ਹੈ।
ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਗਵਰਨਰ ਹਾਊਸ ਅਤੇ ਸੀ. ਐੱਮ. ਹਾਊਸ 'ਚ ਵੀ ਮੀਟਿੰਗਾਂ ਹੁੰਦੀਆਂ ਰਹੀਆਂ ਹਨ। ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਐੱਸ. ਐੱਸ. ਬੋਰਡ ਦੇ ਚੇਅਰਮੈਨ ਵੀ ਇਸ ਸਾਜਿਸ਼ ਦਾ ਹਿੱਸਾ ਹਨ। ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਨੂੰ ਪੁੱਛਿਆ ਕਿ ਚੰਨੀ ਸਾਹਿਬ ਦੱਸਣ ਕਿ ਬਿਕਰਮ ਮਜੀਠੀਆ ਖ਼ਿਲਾਫ਼ ਕਿਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਚਿਤਵਾਨੀ ਦਿੰਦੇ ਹੋਏ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਤੁਸੀਂ ਝੂਠੇ ਕੇਸ 'ਚ ਫਸਾਓਗੇ ਤਾਂ ਇਹ ਇਕ ਬਹੁਤ ਵੱਡਾ ਅਪਰਾਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ 5 ਸਾਲਾਂ ਦੀਆਂ ਨਾਕਾਮੀਆਂ ਨੂੰ ਇਸ ਗੱਲ 'ਚ ਹੀ ਢੱਕਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ : ਮੰਤਰੀ ਮੰਡਲ ਦਾ ਅਹਿਮ ਫ਼ੈਸਲਾ, ਕ੍ਰਿਸਮਸ ਤੋਂ ਪਹਿਲਾਂ ਈਸਾਈ ਭਾਈਚਾਰੇ ਨੂੰ ਸੌਗਾਤ ਦੇਵੇਗੀ ਚੰਨੀ ਸਰਕਾਰ
ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਸਿਸਟਮ ਨਾਲ ਨਹੀਂ ਚੱਲਿਆ ਜਾਵੇਗਾ, ਉਦੋਂ ਤੱਕ ਕੁੱਝ ਨਹੀਂ ਕੀਤਾ ਜਾ ਸਕਦਾ ਹੈ। ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਅਸਥਾਨਾ ਸਾਹਿਬ ਦੇ ਮੈਡੀਕਲ ਛੁੱਟੀ 'ਤੇ ਜਾਣ ਮਗਰੋਂ ਹੁਣ ਪੰਜਾਬ ਸਰਕਾਰ ਅਜਿਹੇ ਕਿਸੇ ਅਫ਼ਸਰ ਨੂੰ ਲੱਭ ਰਹੀ ਹੈ, ਜਿਸ ਅੱਗੇ ਸਿਰਫ ਬਿਕਰਮ ਮਜੀਠੀਆ ਨੂੰ ਫੜ੍ਹਨ ਦੀ ਸ਼ਰਤ ਰੱਖੀ ਜਾਵੇਗੀ ਪਰ ਅਜਿਹਾ ਕਦੇ ਵੀ ਨਹੀਂ ਹੋਵੇਗਾ।
ਦੱਸਣਯੋਗ ਹੈ ਕਿ ਏ. ਡੀ. ਜੀ. ਪੀ. ਐੱਸ. ਕੇ. ਅਸਥਾਨਾ ਵੱਲੋਂ ਡੀ. ਜੀ. ਪੀ. ਪੰਜਾਬ ਆਈ. ਪੀ. ਐੱਸ. ਸਹੋਤਾ ਨੂੰ ਭੇਜੀ ਚਿੱਠੀ ਇੰਟਰਨੈੱਟ 'ਤੇ ਘੁੰਮ ਰਹੀ ਹੈ। ਏ. ਡੀ. ਜੀ. ਪੀ. ਅਸਥਾਨਾ ਦੇ ਸਰਕਾਰੀ ਪੱਤਰ ’ਚ ਏ. ਡੀ. ਜੀ. ਪੀ. ਅਸਥਾਨਾ ਵੱਲੋਂ ਸਪੱਸ਼ਟ ਤੌਰ ’ਤੇ ਡਰੱਗਸ ਮਾਮਲੇ ’ਚ ਐੱਸ. ਟੀ. ਐੱਫ਼. ਚੀਫ਼ ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਮਜੀਠੀਆ ਦੇ ਰੋਲ ਦੀ ਜਾਂਚ ਕਰਨ ਤੋਂ ਇਨਕਾਰ ਕਰਦਿਆਂ ਉਲਟਾ ਕਈ ਕਾਨੂੰਨੀ ਸਵਾਲ ਖੜ੍ਹੇ ਕੀਤੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ