ਅੰਤਰਰਾਸ਼ਟਰੀ ਨਗਰ ਕੀਰਤਨ ਦੀ ਮਹਾਰਾਸ਼ਟਰ ਤੋਂ ਤੇਲੰਗਾਨਾ ਲਈ ਰਵਾਨਗੀ

Monday, Sep 16, 2019 - 01:05 PM (IST)

ਅੰਤਰਰਾਸ਼ਟਰੀ ਨਗਰ ਕੀਰਤਨ ਦੀ ਮਹਾਰਾਸ਼ਟਰ ਤੋਂ ਤੇਲੰਗਾਨਾ ਲਈ ਰਵਾਨਗੀ

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤਾ ਗਿਆ ਅੰਤਰਰਾਸ਼ਟਰੀ ਨਗਰ ਕੀਰਤਨ ਨਾਗਪੁਰ ਤੋਂ ਤੇਲੰਗਾਨਾ ਦੇ ਨਿਜ਼ਾਮਾਬਾਦ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ। ਨਾਗਪੁਰ 'ਚ ਗੁ. ਸ੍ਰੀ ਗੁਰੂ ਸਿੰਘ ਸਭਾ ਵਿਖੇ ਧਾਰਮਿਕ ਦੀਵਾਨ ਸਜਾਏ ਗਏ, ਜਿਸ ਮਗਰੋਂ ਅਰਦਾਸ ਨਾਲ ਨਗਰ ਕੀਰਤਨ ਦੀ ਅੱਗੇ ਰਵਾਨਗੀ ਹੋਈ। ਦੱਸਣਯੋਗ ਹੈ ਕਿ ਨਗਰ ਕੀਰਤਨ ਹੁਣ ਮਹਾਰਾਸ਼ਟਰ ਤੋਂ ਬਾਅਦ ਤੇਲੰਗਾਨਾ ਵਿਖੇ 2 ਦਿਨ ਰਹੇਗਾ, ਜਿਸ ਤੋਂ ਬਾਅਦ ਕਰਨਾਟਕ 'ਚ ਦਾਖ਼ਲ ਹੋਵੇਗਾ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਪ੍ਰਤੀ ਸੰਗਤ 'ਚ ਉਤਸ਼ਾਹ ਨਿਰੰਤਰ ਜਾਰੀ ਹੈ। ਰਵਾਨਗੀ ਸਮੇਂ ਵੀ ਵੱਡੀ ਗਿਣਤੀ 'ਚ ਸੰਗਤ ਨੇ ਸ਼ਮੂਲੀਅਤ ਕੀਤੀ।

ਗੁ. ਸ੍ਰੀ ਗੁਰੂ ਸਿੰਘ ਸਭਾ ਨਾਗਪੁਰ ਵਿਖੇ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਗੁਰਮਤਿ ਵਿਚਾਰਾਂ ਵੀ ਹੋਈਆਂ। ਇਥੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਪਾਲ ਸਿੰਘ, ਹਰਜਿੰਦਰ ਸਿੰਘ ਸਕੱਤਰ, ਜਗਜੀਤ ਸਿੰਘ ਮੀਤ ਪ੍ਰਧਾਨ, ਮੇਜਰਪਾਲ ਸਿੰਘ, ਗੁਰਲੀਨ ਸਿੰਘ ਸੰਯੁਕਤ ਸਕੱਤਰ ਤੇ ਸੁਰਜੀਤ ਸਿੰਘ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁ. ਨਾਨਕ ਦਰਬਾਰ ਕਮੇਟੀ ਦੇ ਅਹੁਦੇਦਾਰਾਂ 'ਚ ਜਸਮੀਤ ਸਿੰਘ ਭਾਟੀਆ ਪ੍ਰਧਾਨ, ਕੁਲਵਿੰਦਰਪਾਲ ਸਿੰਘ ਆਦਿ ਵੀ ਮੌਜੂਦ ਸਨ। ਇਸ ਮੌਕੇ ਨਾਗਪੁਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਹਾਜ਼ਰ ਸਨ, ਜਿਨ੍ਹਾਂ ਪ੍ਰਬੰਧਕੀ ਸਹਿਯੋਗ ਦਿੱਤਾ। ਪ੍ਰਤਾਪ ਸਿੰਘ ਅਨੁਸਾਰ ਨਗਰ ਕੀਰਤਨ 'ਚ ਸ਼ਾਮਿਲ ਸੰਗਤ ਦੀ ਟਹਿਲ ਸੇਵਾ ਲਈ ਵੀ ਸਥਾਨਕ ਸੰਗਤਾਂ ਮੋਹਰੀ ਹਨ। ਨਗਰ ਕੀਰਤਨ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਵਧੀਕ ਮੈਨੇਜਰ ਪਰਮਜੀਤ ਸਿੰਘ, ਰਜਵੰਤ ਸਿੰਘ ਸੁਪਰਵਾਈਜ਼ਰ, ਭਾਈ ਸਰਬਜੀਤ ਸਿੰਘ ਢੋਟੀਆਂ, ਗੁਰਲਾਲ ਸਿੰਘ, ਬਖਸ਼ੀਸ਼ ਸਿੰਘ ਆਦਿ ਵੀ ਪ੍ਰਬੰਧਕੀ ਸੇਵਾਵਾਂ ਨਿਭਾਅ ਰਹੇ ਹਨ।


author

Anuradha

Content Editor

Related News