'ਹਰ-ਹਰ ਮਹਾਦੇਵ' ਦੇ ਲੱਗੇ ਜੈਕਾਰੇ, ਫਿਰੋਜ਼ਪੁਰ 'ਚ 134 ਸਾਲ ਪੁਰਾਣੇ ਸ਼ਿਵ ਮੰਦਿਰ 'ਚ ਉਮੜੇ ਸ਼ਰਧਾਲੂ
Friday, Mar 08, 2024 - 02:27 PM (IST)
ਫਿਰੋਜ਼ਪੁਰ (ਕੁਮਾਰ)- ਦੇਸ਼ ਭਰ ਵਿਚ ਅੱਜ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਫਿਰੋਜ਼ਪੁਰ ਦੇ ਮੰਦਿਰਾਂ ਵਿਚ ਵੀ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਫਿਰੋਜ਼ਪੁਰ ਦੇ ਕਰੀਬ 134 ਸਾਲ ਪੁਰਾਣੇ ਮੰਦਿਰ ਸ਼ਿਵਾਲਿਆ 'ਚ ਸਵੇਰ ਤੋਂ ਭਗਤ ਮੰਦਿਰ ਵਿਚ ਨਤਮਸਤਕ ਹੋ ਰਹੇ ਹਨ ਅਤੇ ਪੂਜਾ ਅਰਚਨਾ ਕਰ ਰਹੇ ਹਨ। 134 ਸਾਲ ਪੁਰਾਣੇ ਸ਼ਿਵ ਮੰਦਿਰ ਵਿਚ ਭਗਵਾਨ ਸ਼ਿਵ ਜੀ ਦੀ 90 ਫੁੱਟ ਵੱਡੀ ਮੂਰਤੀ ਲੱਗੀ ਹੋਈ ਹੈ ਅਤੇ ਮੰਦਿਰ ਵਿਚ ਸ਼ਰਧਾਲੂ ਬਮ-ਬਮ ਭੋਲੇ ਦੇ ਜੈਕਾਰੇ ਲੱਗ ਰਹੇ ਹਨ। ਸਵੇਰ ਤੋਂ ਹੀ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਉਥੇ ਹੀ ਕਾਵੜੀਆਂ ਦਾ ਫਿਰੋਜ਼ਪੁਰ ਵਿਚ ਪਹੁੰਚਣ 'ਤੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ ਗਿਆ।
ਮਹਾਸ਼ਿਵਰਾਤਰੀ ਭਗਵਾਨ ਸ਼ਿਵ ਜੀ ਦੀ ਵਿਸ਼ੇਸ਼ ਪੂਜਾ ਅਤੇ ਅਭਿਸ਼ੇਕ ਦਾ ਦਿਨ ਹੁੰਦਾ ਹੈ। ਹਿੰਦੂ ਕੈਲੰਡਰ ਅਨੁਸਾਰ ਮਹਾਸ਼ਿਵਰਾਤਰੀ ਦਾ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਇਆ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਮਹਾਸ਼ਿਵਰਾਤਰੀ ਦੇ ਦਿਨ ਦੇਵੀ ਪਾਰਵਤੀ ਤੇ ਭਗਵਾਨ ਸ਼ੰਕਰ ਦੀ ਸੱਚੇ ਮਨ ਨਾਲ ਪੂਜਾ ਕਰਨ ਨਾਲ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਸ਼ਿਵਰਾਤਰੀ ਦਾ ਅਰਥ ਹੀ ਹੈ-ਕਲਿਆਣ ਦੀ ਰਾਤ। ਪੂਰੇ ਦਿਨ ਅਤੇ ਰਾਤ ਦੇ ਚਾਰੇ ਪਹਿਰ ਭਗਵਾਨ ਭੋਲੇਨਾਥ ਜੀ ਦੇ ਸ਼ਿਵਲਿੰਗ ਦਾ ਦੁੱਧ, ਗੰਗਾ ਜਲ ਤੇ ਮੰਤਰਾਂ ਨਾਲ ਉਚਾਰਨ ਤੇ ਰੁਦਰਾ ਅਭਿਸ਼ੇਕ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਟਾਂਡਾ ਵਿਖੇ ਮਹਾਸ਼ਿਵਰਾਤਰੀ ਮੌਕੇ ਮੰਦਿਰਾਂ 'ਚ ਲੱਗੀਆਂ ਰੌਣਕਾਂ
ਸ਼ਿਵਲਿੰਗ 'ਤੇ ਜਲ ਨਾਲ ਕਰੋ ਅਭਿਸ਼ੇਕ
ਮਹਾਸ਼ਿਵਰਾਤਰੀ ਦੇ ਸ਼ੁਭ ਦਿਨ 'ਤੇ ਸ਼ਿਵਲਿੰਗ 'ਤੇ ਜਲ ਨਾਲ ਅਭਿਸ਼ੇਕ ਕਰੋ। ਇਸ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ ਘਰ ਲਿਆਓ। ਫਿਰ, 'ਓਮ ਨਮਹ ਸ਼ੰਭਵਾਯ ਚਾ ਮਯੋਭਵਾਯ ਚ ਨਮਹ ਸ਼ੰਕਰਾਯ ਚ' ਮੰਤਰ ਦਾ ਜਾਪ ਕਰਦੇ ਹੋਏ, ਉਸ ਪਾਣੀ ਨੂੰ ਪੂਰੇ ਘਰ ਵਿਚ ਛਿੜਕ ਦਿਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਵਿਚ ਮੌਜੂਦ ਨਕਾਰਾਤਮਕ ਊਰਜਾ ਦੂਰ ਹੋ ਜਾਂਦੀ ਹੈ। ਪਰਿਵਾਰ ਵਿਚ ਖੁਸ਼ਹਾਲੀ, ਏਕਤਾ ਅਤੇ ਸੁੱਖ-ਸਮਰਿੱਧੀ ਬਣੀ ਰਹਿੰਦੀ ਹੈ।
ਘਰ ਦੀ ਇਸ ਦਿਸ਼ਾ 'ਤੇ ਕਰੋ ਰੁਦਰਾਭਿਸ਼ੇਕ
ਜੇਕਰ ਤੁਸੀਂ ਘਰ ਵਿਚ ਕਲੇਸ਼, ਰੋਗ ਜਾਂ ਕਿਸੇ ਹੋਰ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸ਼ਿਵਰਾਤਰੀ ਦੇ ਦਿਨ ਘਰ ਦੀ ਉੱਤਰ-ਪੂਰਬ ਦਿਸ਼ਾ ਵਿਚ ਰੁਦ੍ਰਾਭਿਸ਼ੇਕ ਕਰੋ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਉਪਾਅ ਨਾਲ ਘਰ ਵਿਚ ਖੁਸ਼ਹਾਲੀ ਅਤੇ ਸ਼ਾਂਤੀ ਆਉਂਦੀ ਹੈ।
ਸ਼ਿਵ ਪਰਿਵਾਰ ਦੀ ਫੋਟੋ ਲਗਾਓ
ਘਰ ਦੀ ਉੱਤਰ-ਪੂਰਬ ਦਿਸ਼ਾ 'ਚ ਸ਼ਿਵ ਪਰਿਵਾਰ ਦੀ ਤਸਵੀਰ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਆਉਂਦੀ ਹੈ। ਇਹ ਪਰਿਵਾਰ ਦੇ ਮੈਂਬਰਾਂ ਵਿਚ ਚੱਲ ਰਹੇ ਤਣਾਅ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਇਸ ਤਰ੍ਹਾਂ ਘਰ 'ਚ ਖੁਸ਼ਹਾਲੀ, ਸ਼ਾਂਤੀ ਬਣੀ ਰਹਿੰਦੀ ਹੈ। ਇਸ ਲਈ ਮਹਾਸ਼ਿਵਰਾਤਰੀ ਦੇ ਸ਼ੁਭ ਦਿਨ 'ਤੇ ਤੁਹਾਨੂੰ ਘਰ 'ਚ ਭਗਵਾਨ ਸ਼ਿਵ, ਮਾਤਾ ਪਾਰਵਤੀ, ਕਾਰਤੀਕੇਯ ਅਤੇ ਗਣੇਸ਼ ਜੀ ਦੀ ਤਸਵੀਰ ਜ਼ਰੂਰ ਲਗਾਉਣੀ ਚਾਹੀਦੀ ਹੈ।
ਇਸ ਦਿਸ਼ਾ 'ਚ ਲਗਾਓ ਬੇਲ ਦਾ ਰੁੱਖ
ਘਰ ਦੀ ਪੂਰਬ ਜਾਂ ਉੱਤਰ-ਪੱਛਮ ਦਿਸ਼ਾ ਵਿਚ ਬੇਲ ਦਾ ਰੁੱਖ ਲਗਾਓ। ਮਹਾਸ਼ਿਵਰਾਤਰੀ ਦੇ ਵਿਸ਼ੇਸ਼ ਤਿਉਹਾਰ 'ਤੇ ਸ਼ਾਮ ਨੂੰ ਇਸ ਰੁੱਖ ਦੇ ਹੇਠਾਂ ਘਿਓ ਦਾ ਦੀਵਾ ਜਗਾਓ। ਅਜਿਹਾ ਕਰਨ ਨਾਲ ਘਰ ਦੇ ਵਾਸਤੂ ਨੁਕਸ ਦੂਰ ਹੋ ਜਾਣਗੇ। ਅਜਿਹੀ ਸਥਿਤੀ ਵਿਚ ਇਹ ਘਰ ਅਤੇ ਪਰਿਵਾਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ: ਭਾਜਪਾ ਦੀਆਂ ਨਜ਼ਰਾਂ 2027 ’ਚ CM ਅਹੁਦੇ ’ਤੇ, ਅਕਾਲੀ ਦਲ ਕੇਂਦਰ ’ਚ 2 ਅਹਿਮ ਮੰਤਰਾਲਿਆਂ ਦਾ ਚਾਹਵਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8