ਚਾਲੀ ਮੁਕਤਿਆਂ ਦੀ ਯਾਦ 'ਚ ਮਨਾਇਆ ਜਾਂਦਾ ਮਾਘੀ ਮੇਲਾ, ਲੱਖਾਂ ਦੀ ਤਾਦਾਦ ’ਚ ਸ੍ਰੀ ਮੁਕਤਸਰ ਸਾਹਿਬ ਪੁੱਜੀਆਂ ਸੰਗਤਾਂ
Sunday, Jan 14, 2024 - 10:59 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ,ਕੁਲਦੀਪ)- ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 40 ਮੁਕਤਿਆਂ ਦੀ ਯਾਦ ਵਿਚ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਚ ਮਾਘੀ ਦਾ ਮੇਲਾ ਹੁੰਦਾ ਹੈ। ਲੋਹੜੀ ਦੇ ਦਿਨ ਤੋਂ ਹੀ ਸੰਗਤ ਨੇ ਸ੍ਰੀ ਮੁਕਤਸਰ ਸਾਹਿਬ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਸਵੇਰ ਤੋਂ ਹੀ ਲੱਖਾਂ ਦੀ ਤਾਦਾਦ ਵਿਚ ਸੰਗਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਈਆਂ ਅਤੇ 40 ਮੁਕਤਿਆਂ ਨੂੰ ਨਮਨ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਮੌਸਮ ਵਿਭਾਗ ਦਾ ਰੈੱਡ ਅਲਰਟ, ਗੁਰੂ ਨਗਰੀ ’ਚ ਲੋਹੜੀ ਮੌਕੇ ਸ਼ਾਮ ਨੂੰ ਤਾਪਮਾਨ 1 ਡਿਗਰੀ ਤੱਕ ਹੋਣ ਦੀ ਸੰਭਾਵਨਾ
ਸ੍ਰੀ ਮੁਕਤਸਰ ਸਾਹਿਬ ਦੀ ਉਹ ਧਰਤੀ ਜਿੱਥੇ ਦਸਮ ਪਿਤਾ ਵੱਲੋਂ ਮੁਗਲ ਹਕੂਮਤ ਵਿਰੁੱਧ ਆਖ਼ਰੀ ਅਤੇ ਫੈਸਲਾਕੁੰਨ ਜੰਗ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਜਗ੍ਹਾ 'ਤੇ ਹੀ 40 ਸਿੱਖਾਂ ਨੇ ਗੁਰੂ ਸਾਹਿਬ ਦਾ ਜੰਗ ਵਿਚ ਸਾਥ ਦਿੱਤਾ, ਜੋ ਆਨੰਦਪੁਰ ਸਾਹਿਬ ਵਿਖੇ ਇਹ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ। ਮਾਤਾ ਭਾਗ ਕੌਰ ਦੀ ਪ੍ਰੇਰਨਾ ਨਾਲ ਭਾਈ ਮਹਾ ਸਿੰਘ ਦੀ ਅਗਵਾਈ ਵਿਚ ਉਹ 40 ਸਿੱਖ ਖਿਦਰਾਣੇ ਦੀ ਇਸ ਢਾਬ 'ਤੇ ਪਹੁੰਚੇ ਅਤੇ ਜੰਗ ਵਿਚ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਿੱਖ ਇਤਿਹਾਸ ਵਿਚ ਇਹਨਾਂ 40 ਸਿੱਖਾਂ ਨੂੰ 40 ਮੁਕਤਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਘ ਮਹੀਨੇ ਦੀ ਪਹਿਲੀ ਤਰੀਕ ਨੂੰ ਉਨ੍ਹਾਂ 40 ਮੁਕਤਿਆਂ ਦੀ ਯਾਦ ਵਿਚ ਮਾਘੀ ਦਾ ਮੇਲਾ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਲੋਹੜੀ ਮੌਕੇ ਛਿੜੀ ਕੰਬਣੀ, ਸ਼ਿਮਲਾ ਤੇ ਡਲਹੌਜ਼ੀ ਨਾਲੋਂ ਵੀ ਠੰਡਾ ਰਿਹਾ ਗੁਰਦਾਸਪੁਰ, ਇਨ੍ਹਾਂ ਸ਼ਹਿਰਾਂ ਲਈ ਅਲਰਟ ਜਾਰੀ
ਅੱਜ ਮਾਘੀ ਮੌਕੇ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਵੀ ਪੱਵਿਤਰ ਸਰੋਵਰ ਵਿਚ ਸੰਗਤ ਵੱਡੀ ਗਿਣਤੀ ਵਿਚ ਇਸ਼ਨਾਨ ਕਰ ਰਹੀ ਹੈ। ਮੇਲਾ ਮਾਘੀ ਨੂੰ ਲੈ ਕੇ ਗੁਰੂ ਦੀ ਲਾਡਲੀ ਫੌਜ ਦੇ ਨਾਂ ਨਾਲ ਜਾਣੇ ਜਾਂਦੇ ਨਿਹੰਗ ਸਿੰਘਾਂ ਨੇ ਵੀ ਸ੍ਰੀ ਮੁਕਤਸਰ ਸਾਹਿਬ ਵਿਚ ਡੇਰੇ ਲਗਾ ਲਏ ਹਨ। ਗੁਰਦੁਆਰਾ ਟਿੱਬੀ ਸਾਹਿਬ ਦੇ ਕੋਲ ਅਤੇ ਨਿਹੰਗਾਂ ਦੀ ਛਾਉਣੀ ’ਚ ਵੱਡੀ ਗਿਣਤਚ ਵਿਚ ਨਿਹੰਗ ਸਿੰਘ ਪਹੁੰਚ ਚੁੱਕੇ ਹਨ, ਜੋ ਕਿ 15 ਜਨਵਰੀ ਨੂੰ ਗੁਰਦੁਆਰਾ ਗੁਰੂ ਦਾ ਖੂਹ ਦੇ ਕੋਲ ਘੋੜ ਦੌੜ ਵਿਚ ਨੇਜ਼ੇਬਾਜ਼ੀ ਦੇ ਹੈਰਤਅੰਗੇਜ ਕਰਤਬ ਦਿਖਾਉਣਗੇ। ਉਧਰ, ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਚ ਸ਼ੁਰੂ ਹੋਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 14 ਜਨਵਰੀ ਯਾਨੀ ਅੱਜ ਪਵੇਗਾ।
ਇਹ ਵੀ ਪੜ੍ਹੋ : ਪੰਜਾਬ ’ਚ ਵਾਪਰਿਆ ਵੱਡਾ ਹਾਦਸਾ, ਧਾਰਮਿਕ ਸਥਾਨਾਂ ਤੋਂ ਪਰਤ ਰਹੇ 4 ਨੌਜਵਾਨਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8