ਮਾਛੀਵਾੜਾ ਇਲਾਕੇ ਦੇ ਲੋਕਾਂ ਨੂੰ ਚੜ੍ਹਿਆ ਚਾਅ, ਬੇਹੱਦ ਖ਼ਸਤਾ ਹਾਲਤ ਸੜਕ ਦਾ ਵਿਧਾਇਕ ਨੇ ਕੀਤਾ ਉਦਘਾਟਨ

Monday, Jun 05, 2023 - 02:03 PM (IST)

ਮਾਛੀਵਾੜਾ ਸਾਹਿਬ (ਟੱਕਰ) : ਪਿਛਲੇ ਕਈ ਸਾਲਾਂ ਤੋਂ ਬੇਹੱਦ ਖ਼ਸਤਾ ਹਾਲਤ ਸੜਕ ਸਮਰਾਲਾ-ਮਾਛੀਵਾੜਾ ਸਤਲੁਜ ਪੁਲ ਤੱਕ ਦਾ ਸੰਤਾਪ ਭੋਗ ਰਹੇ ਲੋਕਾਂ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੀ ਮੁਰੰਮਤ ਦਾ ਉਦਘਾਟਨ ਕਰ ਦਿੱਤਾ। ਸੜਕ ’ਤੇ ਪਏ ਡੂੰਘੇ ਖੱਡੇ ਅਤੇ ਰੋਜ਼ਾਨਾਂ ਹੋ ਰਹੇ ਹਾਦਸਿਆਂ ਤੋਂ ਪਰੇਸ਼ਾਨ ਲੋਕਾਂ ਦੇ ਚਿਹਰਿਆਂ ’ਤੇ ਅੱਜ ਖੁਸ਼ੀ ਛਾਈ ਹੋਈ ਸੀ ਅਤੇ ਉਨ੍ਹਾਂ ਨੂੰ ਚਾਅ ਸੀ ਕਿ ਆਖ਼ਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਵਾ ਸਾਲ ਬਾਅਦ ਇਸ ਦਾ ਮੁਰੰਮਤ ਕਾਰਜ ਸ਼ੁਰੂ ਕਰਵਾ ਦਿੱਤਾ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਅੱਜ ਮਾਛੀਵਾੜਾ-ਸਮਰਾਲਾ ਰੋਡ ’ਤੇ ਰੀਬਨ ਕੱਟ ਕੇ ਇਸ ਦੀ ਮੁਰੰਮਤ ਦਾ ਕਾਰਜ ਸ਼ੁਰੂ ਕਰਵਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਕਰੀਬ 18 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਕਾਰਜ ਲਈ 20 ਕਰੋੜ ਰੁਪਏ ਤੋਂ ਵੱਧ ਖ਼ਰਚੇ ਜਾਣਗੇ ਅਤੇ ਜੇਕਰ ਮੌਸਮ ਨੇ ਸਾਥ ਦਿੱਤਾ ਤਾਂ ਇਹ ਕੰਮ 4 ਤੋਂ 5 ਮਹੀਨੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ।

ਵਿਧਾਇਕ ਨੇ ਕਿਹਾ ਕਿ ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਹ ਸੜਕ ਦਾ ਨਿਰਮਾਣ ਕਰਵਾਉਣਾ ਉਨ੍ਹਾਂ ਦਾ ਪਹਿਲਾ ਮਕਸਦ ਹੈ, ਜਿਸ ਨੂੰ ਉਨ੍ਹਾਂ ਪੂਰਾ ਕਰਕੇ ਦਿਖਾਇਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਪਵਾਤ ਤੋਂ ਲੈ ਕੇ ਮਾਛੀਵਾੜਾ ਤੱਕ ਗੁਰੂ ਗੋਬਿੰਦ ਸਿੰਘ ਮਾਰਗ ਅਤੇ ਝਾੜ ਸਾਹਿਬ ਤੋਂ ਲੈ ਕੇ ਸਮਰਾਲਾ ਤੱਕ ਦੋਵੇਂ ਸੜਕਾਂ ਦਾ ਟੈਂਡਰ ਵੀ ਇੱਕ ਹਫ਼ਤੇ ’ਚ ਲੱਗ ਜਾਵੇਗਾ, ਜਿਸ ਦਾ ਨਿਰਮਾਣ ਕਾਰਜ ਵੀ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਪੱਤਰਕਾਰਾਂ ਵਲੋਂ ਸਵਾਲਾਂ ਦੇ ਜਵਾਬ ਦਿੰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਬੇਸ਼ੱਕ ਸਮਰਾਲਾ ਤੋਂ ਲੈ ਕੇ ਸਤਲੁਜ ਪੁਲ ਤੱਕ ਸੜਕ ਦੇ ਨਿਰਮਾਣ ਲਈ ਕੁੱਝ ਸਿਆਸੀ ਆਗੂਆਂ ਨੇ ਇਸ ’ਤੇ ਸਿਆਸਤ ਵੀ ਕੀਤੀ ਪਰ ਉਹ ਧੰਨਵਾਦੀ ਹਨ ਕਿ ਮਾਛੀਵਾੜਾ ਦੇ ਲੋਕਾਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਓ. ਪੁਨੀਤ ਕਲਿਆਣ, ਸੁਖਵਿੰਦਰ ਸਿੰਘ ਗਿੱਲ, ਸ਼ਹਿਰੀ ਪ੍ਰਧਾਨ ਤੇਜਿੰਦਰ ਸਿੰਘ ਗਰੇਵਾਲ, ਮੋਹਿਤ ਕੁੰਦਰਾ, ਪ੍ਰਭਦੀਪ ਰੰਧਾਵਾ, ਬਲਵਿੰਦਰ ਸਿੰਘ ਮਾਨ, ਰਾਜੀਵ ਕੌਸ਼ਲ (ਸਾਰੇ ਆੜ੍ਹਤੀ), ਛਿੰਦਰਪਾਲ ਸਮਰਾਲਾ, ਜਗਮੀਤ ਸਿੰਘ ਮੱਕੜ, ਨਗਿੰਦਰਪਾਲ ਸਿੰਘ ਮੱਕੜ, ਪ੍ਰਵੀਨ ਮੱਕੜ, ਠੇਕੇਦਾਰ ਅਮਰੀਕ ਸਿੰਘ, ਜਸਵੀਰ ਸਿੰਘ ਗਿੱਲ, ਰਣਵੀਰ ਰਾਹੀ, ਵੀ ਮੌਜੂਦ ਸਨ।

ਜਿਸ ਸੜਕ ਦੇ ਨਿਰਮਾਣ ਲਈ ਧਰਨੇ ਲਗਾਏ ਅੱਜ ਉਸ ਦਾ ਵਿਧਾਇਕ ਬਣ ਕੇ ਕੀਤਾ ਉਦਘਾਟਨ

ਸਮਰਾਲਾ-ਮਾਛੀਵਾੜਾ ਸਤਲੁਜ ਪੁਲ ਤੱਕ ਬੇਹੱਦ ਖ਼ਸਤਾ ਹਾਲਤ ਸੜਕ ਪਿਛਲੇ ਕਈ ਸਾਲਾਂ ਤੋਂ ਸਿਆਸੀ ਮੁੱਦਾ ਬਣੀ ਹੋਈ ਸੀ ਅਤੇ ਅਕਾਲੀ ਸਰਕਾਰ ਸਮੇਂ ਕਾਂਗਰਸੀ ਤੇ ‘ਆਪ’ ਵਾਲੇ, ਕਾਂਗਰਸ ਸਰਕਾਰ ਵੇਲੇ ਅਕਾਲੀ ਤੇ ‘ਆਪ’ ਵਾਲੇ ਅਤੇ ਹੁਣ ‘ਆਪ’ ਸਰਕਾਰ ਸਮੇਂ ਅਕਾਲੀ ਤੇ ਕਾਂਗਰਸੀ ਸੜਕ ਦੇ ਨਿਰਮਾਣ ਲਈ ਧਰਨੇ ਲਗਾਉਂਦੇ ਰਹੇ। ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਵੀ ਪਿਛਲੀ ਕਾਂਗਰਸ ਸਰਕਾਰ ਸਮੇਂ ਇਸ ਸੜਕ ਦੇ ਨਿਰਮਾਣ ਲਈ ਧਰਨੇ ਲਗਾਉਂਦੇ ਰਹੇ ਅਤੇ ਉਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਵਾਅਦਾ ਕੀਤਾ ਸੀ ਕਿ ਜਿੱਤਣ ਤੋਂ ਬਾਅਦ ਉਹ ਪਹਿਲ ਦੇ ਅਧਾਰ ’ਤੇ ਸੜਕ ਦਾ ਨਿਰਮਾਣ ਕਰਵਾਉਣਗੇ। ਬੇਸ਼ੱਕ ਇਸ ਸੜਕ ਦਾ ਨਿਰਮਾਣ ਕਰਵਾਉਣ ਲਈ ਸਵਾ ਸਾਲ ਦਾ ਸਮਾਂ ਲੱਗ ਗਿਆ ਪਰ ਵਿਧਾਇਕ ਨੇ ਵਾਅਦਾ ਪੂਰਾ ਕਰ ਦਿਖਾਇਆ ਕਿ ਜਿਸ ਸੜਕ ਲਈ ਧਰਨੇ ਲਗਾਉਂਦੇ ਰਹੇ, ਅੱਜ ਉਸ ਦਾ ਹੀ ਉਦਘਾਟਨ ਕੀਤਾ।

ਸ਼ੈਲਰ ਤੇ ਆੜ੍ਹਤੀ ਐਸੋ. ਵਲੋਂ ਵਿਧਾਇਕ ਦਾ ਧੰਨਵਾਦ

ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਣ ’ਤੇ ਸ਼ੈਲਰ ਐਸੋ. ਦੇ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ, ਆੜ੍ਹਤੀ ਐਸੋ. ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਅਤੇ ਹਰਜਿੰਦਰ ਸਿੰਘ ਖੇੜਾ ਨੇ ਵੀ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦਾ ਧੰਨਵਾਦ ਪ੍ਰਗਟਾਇਆ। ਉਕਤ ਆਗੂਆਂ ਨੇ ਕਿਹਾ ਕਿ ਸਮਰਾਲਾ-ਮਾਛੀਵਾੜਾ ਸਤਲੁਜ ਪੁਲ ਤੱਕ ਇਸ ਸੜਕ ’ਤੇ 2 ਪ੍ਰਮੁੱਖ ਮੰਡੀਆਂ ਹਨ ਅਤੇ ਕਰੀਬ 20 ਤੋਂ ਵੀ ਵੱਧ ਸ਼ੈਲਰ ਹਨ। ਇਸ ਲਈ ਇਸ ਸੜਕ ਦਾ ਨਿਰਮਾਣ ਮੁਕੰਮਲ ਹੋਣ ’ਤੇ ਕਿਸਾਨਾਂ, ਆੜ੍ਹਤੀਆਂ, ਟਰਾਂਸਪੋਰਟਰਾਂ ਅਤੇ ਹਰੇਕ ਵਰਗ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਸੜਕ ਜੰਮੂ-ਕਸ਼ਮੀਰ ਨੂੰ ਦਿੱਲੀ ਨਾਲ ਵੀ ਜੋੜਦੀ ਹੈ ਪਰ ਖ਼ਸਤਾ ਹਾਲਤ ਹੋਣ ਕਾਰਨ ਇਸ ਸੜਕ ’ਤੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਸਨ, ਜੋ ਨਿਰਮਾਣ ਕਾਰਜ ਮੁਕੰਮਲ ਹੋਣ ਤੋਂ ਬਾਅਦ ਇਲਾਕੇ ਦੇ ਲੋਕਾਂ ਦਾ ਕਾਰੋਬਾਰ ਵੀ ਵਧੇਗਾ।


 


Babita

Content Editor

Related News