ਮਾਛੀਵਾੜਾ ਸਾਹਿਬ ''ਚ ਕਿਸਾਨ ਦੀ ਫ਼ਸਲ ਵੱਧ ਤੋਲ ਕੇ ਚੂਨਾ ਲਾਉਂਦਾ ਆੜ੍ਹਤੀ ਫੜ੍ਹਿਆ

Thursday, Apr 22, 2021 - 03:15 PM (IST)

ਮਾਛੀਵਾੜਾ ਸਾਹਿਬ (ਟੱਕਰ) : ਦੇਸ਼ ਦਾ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ’ਚੋਂ ਲੰਘਦੇ ਹੋਏ ਕਰਜ਼ੇ ਹੇਠ ਡੁੱਬਿਆ ਪਿਆ ਹੈ ਅਤੇ ਖੇਤੀਬਾੜੀ ਕਾਲੇ ਕਾਨੂੰਨਾਂ ਖ਼ਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਕੁੱਝ ਲਾਲਚੀ ਆੜ੍ਹਤੀ ਆਪਣੀਆਂ ਤਿਜੋਰੀਆਂ ਭਰਨ ਲਈ ਕਿਸਾਨਾਂ ਨੂੰ ਚੂਨਾ ਲਗਾਉਣ ਤੋਂ ਬਾਜ਼ ਨਹੀਂ ਆਉਂਦੇ। ਇਸ ਤਹਿਤ ਮਾਛੀਵਾੜਾ ਮਾਰਕਿਟ ਕਮੇਟੀ ਨੇ ਇੱਕ ਆੜ੍ਹਤੀ ਵੱਲੋਂ ਮੰਡੀ ’ਚ ਵਿਕਣ ਆਈ ਕਿਸਾਨ ਦੀ ਵੱਧ ਫ਼ਸਲ ਤੋਲ ਕੇ ਉਸ ਨੂੰ ਚੂਨਾ ਲਗਾਉਂਦਿਆਂ ਫੜ੍ਹਿਆ ਹੈ। ਮਾਰਕਿਟ ਕਮੇਟੀ ਸਕੱਤਰ ਹਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਛੀਵਾੜਾ ਅਨਾਜ ਮੰਡੀ ’ਚ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਤਹਿਤ 5 ਫੜ੍ਹਾਂ ’ਚ ਜਾ ਕੇ ਕਿਸਾਨਾਂ ਦੀ ਤੁਲਾਈ ਕਰ ਰਹੇ ਕੰਡਿਆਂ ਦੀ ਜਾਂਚ ਕੀਤੀ ਗਈ ਤਾਂ ਇੱਕ ਆੜ੍ਹਤੀ ਦੀ ਫਰਮ ਮੰਗਤ ਰਾਏ ਪਵਨ ਕੁਮਾਰ ਦੀ ਦੁਕਾਨ ’ਤੇ 200 ਗ੍ਰਾਮ ਫ਼ਸਲ ਪ੍ਰਤੀ 50 ਕਿੱਲੋ ਵੱਧ ਤੋਲੀ ਜਾ ਰਹੀ ਸੀ। ਮਾਰਕਿਟ ਕਮੇਟੀ ਵੱਲੋਂ ਵੱਧ ਫ਼ਸਲ ਤੋਲਣ ਵਾਲੇ ਮੰਗਤ ਰਾਏ ਪਵਨ ਕੁਮਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਜਵਾਬ ਮੰਗਿਆ ਹੈ। ਸਕੱਤਰ ਹਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਆੜ੍ਹਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਸਬੰਧੀ ਆੜ੍ਹਤੀ ਦਾ ਜਵਾਬ ਆਉਣ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਵੱਲੋਂ ਰੋਜ਼ਾਨਾ ਹੀ ਮਾਛੀਵਾੜਾ ਮੰਡੀ, ਉਪ ਖਰੀਦ ਕੇਂਦਰ ਸ਼ੇਰਪੁਰ ਬੇਟ, ਹੇਡੋਂ ਬੇਟ, ਲੱਖੋਵਾਲ ਕਲਾਂ ਤੇ ਬੁਰਜ ਪਵਾਤ ਵਿਖੇ ਰੋਜ਼ਾਨਾ ਹੀ ਕੰਡਿਆਂ ’ਤੇ ਅਚਨਚੇਤ ਜਾਂਚ ਕੀਤੀ ਜਾਵੇਗੀ, ਇਸ ਲਈ ਆੜ੍ਹਤੀ ਨਿਯਮਾਂ ਅਨੁਸਾਰ ਕੰਮ ਕਰਨ ਅਤੇ ਕਿਸਾਨਾਂ ਦੀ ਪੂਰੀ ਫ਼ਸਲ ਤੋਲਣ।ਕੁਝ ਕੁ ਲਾਲਚੀ ਆੜ੍ਹਤੀ ਇਸ ਕਿੱਤੇ ਨੂੰ ਬਦਨਾਮ ਕਰ ਰਹੇ : ਖੇੜਾ

ਮਾਛੀਵਾੜਾ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਵੱਧ ਤੁਲਾਈ ਕਰਨਾ ਬਹੁਤ ਮੰਦਭਾਗਾ ਹੈ ਪਰ ਇਸ ਮਾਮਲੇ ’ਚ 2-3 ਲਾਲਚੀ ਆੜ੍ਹਤੀਆਂ ਦੀਆਂ ਮਾੜੀਆਂ ਹਰਕਤਾਂ ਕਾਰਨ ਸਾਰਾ ਕਿੱਤਾ ਹੀ ਬਦਨਾਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਆੜ੍ਹਤੀ ਕਿਸਾਨਾਂ ਨੂੰ ਚੂਨਾ ਲਗਾਉਂਦਾ ਹੈ ਜਾਂ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦਾ ਕਿਸਾਨਾਂ ਨਾਲ ਨਹੁੰ-ਮਾਸ ਵਾਲਾ ਰਿਸ਼ਤਾ ਹੈ, ਜਿਸ ਨੂੰ ਸਭ ਬਹਾਲ ਰੱਖਣਾ ਚਾਹੁੰਦੇ ਹਨ, ਇਸ ਲਈ 1-2 ਆੜ੍ਹਤੀ ਜੋ ਅਜਿਹੀਆਂ ਹਰਕਤਾਂ ਕਰਦੇ ਹਨ, ਉਨ੍ਹਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਕੇ ਇਸ ਕਿੱਤੇ ਤੇ ਰਿਸ਼ਤੇ ਦੀ ਪਵਿੱਤਰਤਾ ਨੂੰ ਬਹਾਲ ਰੱਖਣਾ ਚਾਹੀਦਾ ਹੈ।

ਫਸਲ ਵੱਧ ਤੋਲਣ ਵਾਲੇ ਆੜ੍ਹਤੀ ਖਿਲਾਫ਼ ਜੇਕਰ ਸਖ਼ਤ ਕਾਰਵਾਈ ਨਾ ਹੋਈ ਤਾਂ ਕਿਸਾਨ ਯੂਨੀਅਨ ਐਕਸ਼ਨ ਲਵੇਗੀ: ਲੱਖੋਵਾਲ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦੇਸ਼ ਦਾ ਕਿਸਾਨ ਤਾਂ ਪਹਿਲਾਂ ਹੀ ਬੜੇ ਸੰਕਟਮਈ ਦੌਰ ’ਚੋਂ ਗੁਜ਼ਰ ਰਿਹਾ ਹੈ ਅਤੇ ਇਨ੍ਹਾਂ ਹਾਲਾਤਾਂ ਵਿਚ ਵੀ ਕਿਸਾਨਾਂ ਨੂੰ ਰਗੜਾ ਲਗਾਉਣ ਵਾਲੇ ਆੜ੍ਹਤੀ ਨੂੰ ਕਿਸੇ ਵੀ ਹਾਲਤ ’ਚ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮਾਛੀਵਾੜਾ ਮਾਰਕਿਟ ਕਮੇਟੀ ਵੱਲੋਂ ਜੇਕਰ ਫ਼ਸਲ ਦੀ ਵੱਧ ਤੁਲਾਈ ਕਰਨ ਵਾਲੇ ਆੜ੍ਹਤੀ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਕਿਸਾਨ ਯੂਨੀਅਨ ਆਪਣੇ ਤੌਰ ’ਤੇ ਕਾਰਵਾਈ ਕਰਕੇ ਉਸਦੀ ਮੱਦਦ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਕਰਾਏਗੀ। ਇਸ ਲਈ ਉਹ ਪ੍ਰਸਾਸ਼ਨ ਤੋਂ ਮੰਗ ਕਰਦੇ ਹਨ ਕਿ ਅਜਿਹੇ ਲਾਲਚੀ ਆੜ੍ਹਤੀ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਹੋਰ ਆੜ੍ਹਤੀ ਅਜਿਹੀ ਕੋਝੀ ਹਰਕਤ ਨਾ ਕਰੇ।

ਮੰਡੀਆਂ ’ਚ ਕਿਸਾਨਾਂ ਦੀ ਫ਼ਸਲ ਵੱਧ ਤੋਲਣ ਦਾ ਇਹ ਕੋਈ ਨਵਾਂ ਮਾਮਲਾ ਨਹੀਂ, ਪਹਿਲਾਂ ਵੀ ਪ੍ਰਸਾਸ਼ਨ ਤੇ ਮਾਰਕਿਟ ਕਮੇਟੀ ਵੱਲੋਂ ਕਈ ਲਾਲਚੀ ਆੜ੍ਹਤੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ ਪਰ ਸਖ਼ਤ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਅਜਿਹੇ ਕੁਝ ਕੁ ਆੜ੍ਹਤੀ ਹਰੇਕ ਸਾਲ ਲੱਖਾਂ ਰੁਪਏ ਵੱਧ ਫ਼ਸਲ ਤੋਲ ਕੇ ਆਪਣੀਆਂ ਤਿਜੋਰੀਆਂ ਭਰ ਰਹੇ ਹਨ। ਜਾਣਕਾਰੀ ਅਨੁਸਾਰ ਆੜ੍ਹਤੀਆਂ ਨੂੰ ਫ਼ਸਲ ਵੇਚਣ ਬਦਲੇ 2.50 ਫ਼ੀਸਦੀ ਕਮਿਸ਼ਨ ਮਿਲਦਾ ਹੈ ਅਤੇ ਜੋ ਵੀ ਕਿਸਾਨ ਉਨ੍ਹਾਂ ਤੋਂ ਫ਼ਸਲ ਬਦਲੇ ਪੇਸ਼ਗੀ ਰਕਮ ਲੈ ਕੇ ਜਾਂਦਾ ਹੈ ਉਸਦਾ 1.50 ਤੋਂ 2.50 ਫ਼ੀਸਦੀ ਵਿਆਜ ਵੀ ਲੈਂਦੇ ਹਨ। ਆੜ੍ਹਤ ’ਚ ਕਮਾਈ ਹੋਣ ਦੇ ਬਾਵਜੂਦ ਵੀ ਫਿਰ ਵੱਧ ਫ਼ਸਲ ਤੋਲ ਕੇ ਕਿਸਾਨਾਂ ਨੂੰ ਚੂਨਾ ਲਗਾਉਣ ਵਾਲੇ ਅਜਿਹੇ ਲਾਲਚੀ ਆੜ੍ਹਤੀ ਨੂੰ ਜੇਕਰ ਮੰਡੀ ਬੋਰਡ ਤੇ ਪ੍ਰਸਾਸ਼ਨ ਨੇ ਸਖ਼ਤ ਕਾਰਵਾਈ ਕਰ ਨੱਥ ਨਾ ਪਾਈ ਤਾਂ ਆਉਣ ਵਾਲੇ ਸਮੇਂ ’ਚ ਵੀ ਕਿਸਾਨ ਡੁੱਬਦਾ ਰਹੇਗਾ ਅਤੇ ਲਾਲਚੀ ਆੜ੍ਹਤੀ ਆਪਣੀਆਂ ਤਿਜੋਰੀਆਂ ਭਰਦੇ ਰਹਿਣਗੇ।
 


Babita

Content Editor

Related News