ਮਾਛੀਵਾੜਾ ਮੰਡੀ ’ਚ ਕਿਸਾਨਾਂ ਨੂੰ ਦੂਜੇ ਦਿਨ ਵੀ ਟੋਕਨ ਜਾਰੀ ਨਾ ਹੋਣ ਕਾਰਨ ਖਰੀਦ ਠੱਪ
Friday, Apr 17, 2020 - 08:37 AM (IST)
ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਰਕਾਰ ਵਲੋਂ ਅਨਾਜ ਮੰਡੀਆਂ ’ਚ ਕਿਸਾਨਾਂ ਦੀਆਂ ਫਸਲਾਂ ਖਰੀਦਣ ਦੇ ਪੁਖਤਾ ਪ੍ਰਬੰਧ ਕਰ ਲਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਮਾਛੀਵਾੜਾ ਅਨਾਜ ਮੰਡੀ ਜਿੱਥੇ ਦੂਜੇ ਦਿਨ ਵੀ ਕਿਸਾਨਾਂ ਨੂੰ ਆਪਣੀ ਫਸਲ ਮੰਡੀ ’ਚ ਲਿਆਉਣ ਲਈ ਟੋਕਨ ਜਾਰੀ ਨਾ ਹੋਏ, ਜਿਸ ਕਾਰਨ ਖਰੀਦ ਠੱਪ ਪਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਅਨਾਜ ਮੰਡੀ ’ਚ ਕਰੀਬ 6 ਲੱਖ ਕੁਇੰਟਲ ਕਣਕ ਦੀ ਫਸਲ ਆਮਦ ਹੋਣ ਦੀ ਸੰਭਾਵਨਾ ਹੈ, ਜਿਸ ਲਈ ਸਰਕਾਰ ਨੇ ਦਾਅਵਾ ਕੀਤਾ ਸੀ ਕਿ 15 ਅਪ੍ਰੈਲ ਤੋਂ ਕਿਸਾਨ ਟੋਕਨ ਸਿਸਟਮ ਰਾਹੀਂ ਫਸਲ ਮੰਡੀਆਂ ’ਚ ਲਿਆਉਣ ਜਿਨ੍ਹਾਂ ਨੂੰ ਸਰਕਾਰੀ ਏਜੰਸੀਆਂ ਖਰੀਦਣਗੀਆਂ। ਮਾਛੀਵਾੜਾ ਮਾਰਕਿਟ ਕਮੇਟੀ ਵਲੋਂ 13 ਅਪ੍ਰੈਲ ਤੋਂ ਕਿਸਾਨਾਂ ਨੂੰ ਟੋਕਨ ਜਾਰੀ ਕਰਨੇ ਸਨ ਤਾਂ ਜੋ ਉਹ 15 ਅਪ੍ਰੈਲ ਨੂੰ ਆਪਣੀ ਫਸਲ ਲਿਆ ਸਕਣ ਪਰ 16 ਅਪ੍ਰੈਲ ਨੂੰ ਅਜੇ ਤੱਕ ਇੱਕ ਵੀ ਕਿਸਾਨ ਨੂੰ ਟੋਕਨ ਜਾਰੀ ਨਾ ਹੋਇਆ, ਜਿਸ ਕਾਰਨ ਕਿਸਾਨਾਂ ਦੇ ਨਾਲ-ਨਾਲ ਆੜ੍ਹਤੀ ਵੀ ਪਰੇਸ਼ਾਨ ਹਨ। ਕਿਸਾਨਾਂ ਵਲੋਂ 15 ਅਪ੍ਰੈਲ ਨੂੰ ਮੰਡੀਆਂ ’ਚ ਖਰੀਦ ਸ਼ੁਰੂ ਹੋਣ ਦੇ ਮੱਦੇਨਜ਼ਰ ਖੇਤਾਂ ’ਚ ਆਪਣੀ ਪੱਕ ਕੇ ਤਿਆਰ ਖੜ੍ਹੀ ਫਸਲ ਦੀ ਵਾਢੀ ਸ਼ੁਰੂ ਕਰ ਦਿੱਤੀ ਪਰ ਟੋਕਨ ਨਾ ਮਿਲਣ ਕਾਰਨ ਹੁਣ ਇਹ ਕਿਸਾਨ ਫਸਲ ਘਰਾਂ ’ਚ ਹੀ ਸੰਭਾਲਣ ਲਈ ਮਜ਼ਬੂਰ ਹੋ ਗਏ ਹਨ। ਜੇਕਰ ਮਾਰਕਿਟ ਕਮੇਟੀ ਵਲੋਂ 17 ਅਪ੍ਰੈਲ ਤੋਂ ਵੀ ਕਿਸਾਨਾਂ ਨੂੰ ਟੋਕਨ ਜਾਰੀ ਕੀਤੇ ਜਾਂਦੇ ਹਨ ਤਾਂ ਉਹ 19 ਜਾਂ 20 ਅਪ੍ਰੈਲ ਨੂੰ ਮੰਡੀਆਂ ’ਚ ਫਸਲ ਲਿਆਉਣ ਦੀ ਪ੍ਰਵਾਨਗੀ ਮਿਲੇਗੀ।
ਇਹ ਵੀ ਪੜ੍ਹੋ : ਭਾਰਤੀ ਉਪਕਰਣ ਨਾਲ ਇਟਲੀ 'ਚ ਹੋ ਰਹੀ ਕੋਰੋਨਾ ਮਰੀਜ਼ਾਂ ਦੀ ਜਾਂਚ
ਮਾਛੀਵਾੜਾ ਇਲਾਕੇ ’ਚ ਕਣਕ ਦੀ ਵਾਢੀ ਜ਼ੋਰ ਫੜ੍ਹ ਰਹੀ ਹੈ ਅਤੇ ਕਈ ਕਿਸਾਨਾਂ ਵਲੋਂ ਮੀਂਹ ਤੇ ਅਗਜਨੀ ਦੀਆਂ ਘਟਨਾਵਾਂ ਤੋਂ ਬਚਾਅ ਲਈ ਕੰਬਾਇਨਾਂ ਰਾਹੀਂ ਫਸਲ ਦੀ ਕਟਾਈ ਕਰਵਾ ਘਰਾਂ ’ਚ ਹੀ ਸਟੋਰ ਕਰ ਲਈ ਹੈ। ਜਾਣਕਾਰੀ ਅਨੁਸਾਰ ਆਸ-ਪਾਸ ਦੇ ਖੇਤਰ ’ਚ ਕਰੀਬ 20 ਤੋਂ 30 ਹਜ਼ਾਰ ਕੁਇੰਟਲ ਕਣਕ ਕੱਟ ਕੇ ਕਿਸਾਨਾਂ ਨੇ ਆਪਣੇ ਘਰਾਂ ’ਚ ਰੱਖੀ ਹੈ ਅਤੇ ਟੋਕਨ ਦਾ ਇੰਤਜ਼ਾਰ ਹੈ। ਜੇਕਰ ਮਾਰਕਿਟ ਕਮੇਟੀ ਵਲੋਂ ਕਿਸਾਨਾਂ ਨੂੰ ਫਸਲ ਮੰਡੀਆਂ ’ਚ ਲਿਆਉਣ ਲਈ ਟੋਕਨ ਜਾਰੀ ਨਾ ਕੀਤੇ ਤਾਂ ਹਾਲਾਤ ਇਹ ਹੋ ਜਾਣਗੇ ਕਿ ਮੰਡੀ ’ਚ ਫਸਲ ਲਿਆਉਣ ਲਈ ਕਿਸਾਨਾਂ ’ਚ ਹਫ਼ੜਾ-ਦਫ਼ੜੀ ਮੱਚ ਜਾਵੇਗੀ। ਦੂਜੇ ਪਾਸੇ ਮਾਰਕਿਟ ਕਮੇਟੀ ਦੇ ਅਧਿਕਾਰੀ ਗੁਰਮੇਲ ਸਿੰਘ ਵਲੋਂ ਫਿਰ ਪੁਰਾਣਾ ਜਵਾਬ ਦਿੰਦਿਆਂ ਕਿਹਾ ਕਿ ਤਕਨੀਕੀ ਖ਼ਰਾਬੀ ਕਾਰਨ ਕਿਸਾਨਾਂ ਦੇ ਟੋਕਨ ਜਾਰੀ ਨਹੀਂ ਹੋ ਸਕੇ।
ਇਹ ਵੀ ਪੜ੍ਹੋ : ਭਾਰਤ ਵਿਚ ਹੁਣ ਵੱਡੀ ਪੱਧਰ 'ਤੇ ਸਾਹਮਣੇ ਆਉਣਗੇ 'ਕੋਰੋਨਾ ਦੇ ਕੇਸ'
ਪਰੇਸ਼ਾਨ ਹੋਏ ਕਿਸਾਨਾਂ ਤੇ ਆੜ੍ਹਤੀਆਂ ਨੇ ਸਰਕਾਰ ਅੱਗੇ ਪਾਈ ਦੁਹਾਈ
ਫਸਲ ਦੀ ਕਟਾਈ ਕਰ ਘਰਾਂ ’ਚ ਸੰਭਾਲੀ ਬੈਠੇ ਕਿਸਾਨ ਪਰਮਿੰਦਰ ਸਿੰਘ ਤੇ ਹਰਮੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਤਾਂ ਦਾਅਵਾ ਕੀਤਾ ਸੀ ਕਿ 15 ਅਪ੍ਰੈਲ ਤੋਂ ਖਰੀਦ ਸ਼ੁਰੂ ਹੋ ਜਾਵੇਗੀ ਪਰ 2 ਦਿਨ ਹੋ ਗਏ ਉਹ ਰੋਜ਼ਾਨਾ ਹੀ ਟੋਕਨ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਆਪਣੀ ਫਸਲ ਵੇਚ ਕੇ ਉਸਦਾ ਮੁੱਲ ਵੱਟ ਸਕਣ। ਦੂਸਰੇ ਪਾਸੇ ਆੜ੍ਹਤੀ ਐਸੋ. ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਨੇ ਕਿਹਾ ਕਿ ਕਣਕ ਦੀ ਖਰੀਦ ਪਹਿਲਾਂ ਹੀ 15 ਦਿਨ ਦੇਰੀ ਨਾਲ ਸ਼ੁਰੂ ਹੋਈ ਹੈ ਅਤੇ ਉਪਰੋਂ ਟੋਕਨ ਜਾਰੀ ਨਾ ਹੋਣ ਕਾਰਨ ਕਿਸਾਨਾਂ ’ਚ ਬੇਵਸਾਹੀ ਵਾਲਾ ਮਾਹੌਲ ਬਣਿਆ ਹੈ, ਇਸ ਲਈ ਸਰਕਾਰ ਜਲਦ ਤੋਂ ਜਲਦ ਟੋਕਨ ਜਾਰੀ ਕਰੇ।