ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਲਸ, ਫੌਜ ਤੇ NDA ਦੀਆਂ ਟੀਮਾਂ ਤਿਆਰ: DIG

08/19/2019 7:01:42 PM

ਮਾਛੀਵਾੜਾ ਸਾਹਿਬ (ਟੱਕਰ) - ਲੁਧਿਆਣਾ ਦਿਹਾਤੀ ਰੇਂਜ ਦੇ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਵਲੋਂ ਅੱਜ ਪੁਲਸ ਅਧਿਕਾਰੀਆਂ ਨੂੰ ਨਾਲ ਲੈ ਕੇ ਸਤਲੁਜ ਦਰਿਆ ਦਾ ਦੌਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ ਖੱਟੜਾ ਨੇ ਦੱਸਿਆ ਕਿ ਭਾਖੜਾ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਕਾਫ਼ੀ ਵਧਿਆ ਹੈ ਪਰ ਫਿਲਹਾਲ ਸਥਿਤੀ ਕੰਟਰੋਲ ਹੇਠ ਹੈ। ਕਿਤੇ ਵੀ ਧੁੱਸੀ ਬੰਨ੍ਹ ਨੂੰ ਢਾਹ ਲੱਗਣ ਦਾ ਸਮਾਚਾਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਹੜ੍ਹ ਆਉਣ ਦੀ ਸਥਿਤੀ 'ਚ ਪੁਲਸ, ਫੌਜ ਅਤੇ ਐੱਨ.ਡੀ.ਆਰ.ਐੱਫ਼ ਦੀਆਂ ਟੀਮਾਂ ਤਿਆਰ ਹਨ ਅਤੇ ਲੋਕਾਂ ਦੀ ਸੁਰੱਖਿਆ ਪਹਿਲ ਦੇ ਆਧਾਰ 'ਤੇ ਕੀਤੀ ਜਾਵੇਗੀ। ਦਿਹਾਤੀ ਰੇਂਜ 'ਚ ਪੈਂਦੇ ਪੁਲਸ ਜ਼ਿਲਾ ਖੰਨਾ, ਨਵਾਂਸ਼ਹਿਰ ਅਤੇ ਜਗਰਾਉਂ ਦੇ 127 ਪਿੰਡ ਨਾਜ਼ੁਕ ਕਰਾਰ ਦਿੱਤੇ ਗਏ ਹਨ, ਜਿੱਥੇ ਧੁੱਸੀ ਬੰਨ੍ਹ 'ਚ ਪਾੜ ਪੈਣ ਨਾਲ ਹੜ੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ।  

ਉਨ੍ਹਾਂ ਦੱਸਿਆ ਕਿ ਤਿੰਨਾਂ ਪੁਲਸ ਜ਼ਿਲਿਆਂ ਦੇ ਐੱਸ.ਐੱਸ.ਪੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਪੂਰੀ ਚੌਕਸੀ ਨਾਲ ਨਿਗਰਾਨੀ ਰੱਖੀ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਪਹਿਲਾਂ ਲੋਕਾਂ ਨੂੰ ਸੁਰੱਖਿਤ ਕੱਢਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਖੰਨਾ ਦੇ ਐੱਸ.ਐੱਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ, ਨਵਾਂਸ਼ਹਿਰ ਦੇ ਐੱਸ.ਐੱਸ.ਪੀ.ਅਲਕਾ ਮੀਨਾ, ਐੱਸ.ਪੀ. ਐੱਚ. ਹਰੀਸ਼ ਦਿਆਮਾ, ਡੀ.ਐੱਸ.ਪੀ ਨਵਨੀਤ ਕੌਰ ਗਿੱਲ ਆਦਿ ਮੌਜੂਦ ਸਨ।


rajwinder kaur

Content Editor

Related News