ਲੁਧਿਆਣਾ : ਸਿਰਫ 20 ਰੁਪਏ ''ਚ ਲੋੜਵੰਦਾਂ ਨੂੰ ਮਿਲਦੇ ਹਰ ਜ਼ਰੂਰਤ ਦਾ ਸਮਾਨ

12/27/2019 1:06:36 PM

ਲੁਧਿਆਣਾ (ਨਰਿੰਦਰ) : ਸ਼ਹਿਰ 'ਚ 'ਏਕਨੂਰ ਸੇਵਾ ਸੰਸਥਾ' ਵਲੋਂ ਨੇਕੀ ਦੀ ਦੁਕਾਨ ਚਲਾਈ ਜਾ ਰਹੀ ਹੈ, ਜਿੱਥੇ ਸਿਰਫ 20 ਰੁਪਿਆਂ 'ਚ ਲੋੜਵੰਦਾਂ ਨੂੰ ਹਰ ਜ਼ਰੂਰਤ ਦਾ ਸਮਾਨ ਮਿਲ ਰਿਹਾ ਹੈ। ਨੇਕੀ ਦੀ ਦੁਕਾਨ ਦੀ ਪ੍ਰਬੰਧਕ ਬਾਣੀ ਨੇ ਦੱਸਿਆ ਕਿ ਲੁਧਿਆਣਾ 'ਚ 3 ਅਜਿਹੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਹਨ, ਜਿਨ੍ਹਾਂ 'ਚੋਂ ਇਕ ਦੁਕਾਨ ਫਿਰੋਜ਼ਪੁਰ-ਲੁਧਿਆਣਾ ਰੋਡ 'ਤੇ ਹੈ। ਉਨ੍ਹਾਂ ਦੱਸਿਆ ਕਿ ਇੱਥੇ ਹਰ ਕੱਪੜੇ ਦੀ ਕੀਮਤ 20 ਰੁਪਏ ਰੱਖੀ ਗਈ ਹੈ ਤਾਂ ਜੋ ਖਰੀਦਣ ਵਾਲੇ ਨੂੰ ਇਸ ਦੀ ਕਦਰ ਵੀ ਹੋਵੇ ਅਤੇ ਮਹਿਸੂਸ ਵੀ ਨਾ ਹੋਵੇ ਕਿ ਉਹ ਕੁਝ ਮੁਫਤ 'ਚ ਲਿਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੱਪੜਿਆਂ ਤੋਂ ਇਕੱਠੇ ਹੋਣ ਵਾਲੇ ਪੈਸੇ ਵੀ ਉਹ ਗਰੀਬ ਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੀ ਮਦਦ 'ਚ ਲਾਉਂਦੇ ਹਨ।

ਬਾਣੀ ਨੇ ਦੱਸਿਆ ਕਿ ਕੋਈ ਵੀ ਸੱਜਣ ਇਸ ਦੁਕਾਨ 'ਤੇ ਆ ਕੇ ਆਪਣੀ ਜ਼ਰੂਰਤ 'ਚ ਨਾ ਆਉਣ ਵਾਲਾ ਕੱਪੜਾ ਦਾਨ ਕਰ ਸਕਦਾ ਹੈ। ਬਾਣੀ ਮੁਤਾਬਕ ਕੱਪੜਿਆਂ ਤੋਂ ਇਲਾਵਾ ਜੁੱਤੇ, ਚੱਪਲਾਂ, ਕੰਬਲ ਅਤੇ ਬੱਚਿਆਂ ਦੇ ਖਿਡੌਣੇ ਆਦਿ ਵੀ ਇਸ ਦੁਕਾਨ 'ਤੇ ਦਿੱਤੇ ਜਾਂਦੇ ਹਨ ਅਤੇ ਉਹ ਵੀ ਬਿਨਾਂ ਪੈਸਿਆਂ ਦੇ। ਬਾਣੀ ਨੇ ਦੱਸਿਆ ਕਿ ਜੇਕਰ ਕੋਈ ਬੇਹੱਦ ਲੋੜਵੰਦ ਹੋਵੇ ਤਾਂ ਉਸ ਕੋਲੋਂ 20 ਰੁਪਏ ਵੀ ਨਹੀਂ ਲਏ ਜਾਂਦੇ। ਦੂਜੇ ਪਾਸੇ ਇਸ ਦੁਕਾਨ 'ਚ ਆਉਣ ਵਾਲੇ ਮਜ਼ਦੂਰ ਤੇ ਗਰੀਬ ਲੋਕਾਂ ਦਾ ਕਹਿਣਾ ਹੈ ਕਿ ਉਹ ਕਾਫੀ ਖੁਸ਼ ਹਨ ਕਿ ਉਨ੍ਹਾਂ ਦੀ ਲੋੜ ਮੁਤਾਬਕ ਕੱਪੜੇ ਉਨ੍ਹਾਂ ਨੂੰ ਘੱਟ ਕੀਮਤ 'ਤੇ ਅਤੇ ਆਸਾਨੀ ਨਾਲ ਮਿਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੋ ਮਹਿੰਗੇ ਕੱਪੜੇ ਬਾਹਰ ਮਿਲਦੇ ਹਨ, ਉਨ੍ਹਾਂ ਨੂੰ ਉਹ ਇੱਥੇ ਆਸਾਨੀ ਨਾਲ ਖਰੀਦ ਸਕਦੇ ਹਨ।


Babita

Content Editor

Related News