ਲੁਧਿਆਣਾ ਦੇ ਨੌਜਵਾਨ ਨੇ ਸੋਸ਼ਲ ਮੀਡੀਆ ''ਤੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਨੂੰ ਦਿੱਤੀ ਧਮਕੀ
Wednesday, Aug 02, 2017 - 03:23 AM (IST)
ਲੁਧਿਆਣਾ (ਤਰੁਣ)— ਯੂ. ਪੀ. ਦੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੂੰ ਫੇਸਬੁੱਕ 'ਤੇ ਧਮਕੀ ਦੇਣ ਵਾਲੇ ਇਕ ਦੋਸ਼ੀ ਦੀ ਭਾਲ ਵਿਚ ਯੂ. ਪੀ. ਦੀ ਪੁਲਸ ਨੇ ਮਹਾਨਗਰ ਵਿਚ ਛਾਪੇਮਾਰੀ ਕੀਤੀ। ਕਰੀਬ 4 ਘੰਟੇ ਤੱਕ ਯੂ. ਪੀ. ਪੁਲਸ ਨੇ ਸਥਾਨਕ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਦੇ ਨਾਲ ਮਿਲ ਕੇ ਦੋਸ਼ੀ ਦੀ ਭਾਲ ਕੀਤੀ ਪਰ ਪੁਲਸ ਦੇ ਹੱਥ ਕੁਝ ਨਾ ਲੱਗਾ ਤੇ ਉਨ੍ਹਾਂ ਨੂੰ ਖਾਲੀ ਹੱਥ ਮੁੜਨਾ ਪਿਆ।
ਆਜ਼ਮਗੜ੍ਹ ਦੇ ਐੱਸ. ਪੀ. ਅਜੇ ਕੁਮਾਰ ਸਾਹਨੀ ਨਾਲ ਮੋਬਾਇਲ ਰਾਹੀਂ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਆਜ਼ਮਗੜ੍ਹ ਜ਼ਿਲੇ ਦੇ ਬਕਸਪੁਰ ਕਸਬੇ ਦੇ ਅਧੀਨ ਰਹਿਣ ਵਾਲੇ ਰੋਹਿਤ ਨਾਮੀ ਨੌਜਵਾਨ ਨੇ ਯੂ. ਪੀ. ਦੇ ਮੁੱਖ ਮੰਤਰੀ ਖਿਲਾਫ ਫੇਸਬੁੱਕ 'ਤੇ ਇਕ ਵੀਡੀਓ ਅਪਲੋਡ ਕੀਤੀ ਸੀ, ਜਿਸ ਵਿਚ ਉਕਤ ਦੋਸ਼ੀ ਨੇ ਮੁੱਖ ਮੰਤਰੀ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਦੇ ਹੋਏ ਉਨ੍ਹਾਂ ਨੂੰ ਧਮਕਾਇਆ। ਇਸ ਤੋਂ ਬਾਅਦ ਪੁਲਸ ਨੇ ਦੋਸ਼ੀ ਖਿਲਾਫ 28 ਜੁਲਾਈ ਨੂੰ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਆਜ਼ਮਗੜ੍ਹ ਜ਼ਿਲੇ ਦੇ ਰਹਿਣ ਵਾਲੇ ਰੋਹਿਤ ਨਾਮੀ ਨੌਜਵਾਨ ਦੀ ਭਾਲ ਵਿਚ ਯੂ. ਪੀ. ਪੁਲਸ ਲੁਧਿਆਣਾ ਆਈ ਸੀ। ਯੂ. ਪੀ. ਪੁਲਸ ਨੂੰ ਮੋਬਾਇਲ ਡਿਟੇਲ ਅਤੇ ਲੋਕੇਸ਼ਨ ਰਾਹੀਂ ਪਤਾ ਲੱਗਾ ਕਿ ਦੋਸ਼ੀ ਰੋਹਿਤ ਲੁਧਿਆਣਾ ਸਥਿਤ ਢੋਕਾ ਮੁਹੱਲੇ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਨਾਲ ਸੰਪਰਕ ਵਿਚ ਹੈ। ਇਸੇ ਆਧਾਰ 'ਤੇ ਪੁਲਸ ਨੇ ਦੋਸ਼ੀ ਦੀ ਭਾਲ ਵਿਚ ਛਾਪੇਮਾਰੀ ਕੀਤੀ ਹੈ।
ਸੂਤਰਾਂ ਮੁਤਾਬਕ ਦੋਸ਼ੀ ਰੋਹਿਤ ਮੂਲ ਰੂਪ ਤੋਂ ਯੂ. ਪੀ. ਦਾ ਰਹਿਣ ਵਾਲਾ ਹੈ, ਜੋ ਕਿ ਲੁਧਿਆਣਾ ਵਿਚ ਨੌਕਰੀ ਕਰਦਾ ਹੈ। ਦੋਸ਼ੀ ਦਾ ਚਾਚਾ ਪਿਆਰੇ ਲਾਲ ਢੋਕਾ ਮੁਹੱਲੇ ਵਿਚ ਕਿਰਾਏ 'ਤੇ ਰਹਿੰਦਾ ਹੈ। ਦੋਸ਼ੀ ਲੁਧਿਆਣਾ ਤੋਂ ਇਕ ਡਾਕਟਰ ਨਾਲ ਵੀ ਸੰਪਰਕ ਵਿਚ ਸੀ। ਛਾਣਬੀਣ ਤੋਂ ਬਾਅਦ ਯੂ. ਪੀ. ਦੇ ਸਰਾਏਨੀਰ ਕਸਬੇ ਦੇ ਥਾਣਾ ਮੁਖੀ ਕੈਲਾਸ਼ ਯਾਦਵ ਅਤੇ ਉਨ੍ਹਾਂ ਦੀ ਟੀਮ ਖਾਲੀ ਹੱਥ ਯੂ. ਪੀ. ਮੁੜ ਚੁੱਕੀ ਹੈ।
