ਨਸ਼ੇ ''ਚ ਟੱਲੀ ਨੌਜਵਾਨ ਦੀਆਂ ਅਜੀਬ ਹਰਕਤਾਂ! ਸੋਸ਼ਲ ਮੀਡੀਆ ''ਤੇ ਵੀਡੀਓ ਵਾਇਰਲ

Thursday, Jun 04, 2026 - 06:44 PM (IST)

ਨਸ਼ੇ ''ਚ ਟੱਲੀ ਨੌਜਵਾਨ ਦੀਆਂ ਅਜੀਬ ਹਰਕਤਾਂ! ਸੋਸ਼ਲ ਮੀਡੀਆ ''ਤੇ ਵੀਡੀਓ ਵਾਇਰਲ

ਲੁਧਿਆਣਾ (ਰਾਜ): ਪੰਜਾਬ ਵਿਚ ਨਸ਼ੇ ਦਾ ਛੇਵਾਂ ਦਰਿਆ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਨੌਜਵਾਨ ਪੀੜ੍ਹੀ ਲਗਾਤਾਰ ਇਸ ਦਲਦਲ ਵਿਚ ਧੱਸਦੀ ਜਾ ਰਹੀ ਹੈ। ਲੁਧਿਆਣਾ ਸ਼ਹਿਰ ਦੇ ਕੋਨੇ-ਕੋਨੇ ਵਿਚ ਨਸ਼ਾ ਵੇਚਣ ਵਾਲਿਆਂ ਦਾ ਜਾਲ ਇਸ ਕਦਰ ਫੈਲ ਚੁੱਕਾ ਹੈ ਕਿ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਆਸਾਨੀ ਨਾਲ ਮੌਤ ਦਾ ਇਹ ਸਾਮਾਨ ਮਿਲ ਰਿਹਾ ਹੈ। ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਲੁਧਿਆਣਾ ਦੇ ਪੌਸ਼ ਇਲਾਕੇ ਜਵਾਹਰ ਨਗਰ ਕੈਂਪ ਦਾ ਇਕ ਬਹੁਤ ਹੀ ਸ਼ਰਮਨਾਕ ਅਤੇ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੇ ਜਿੱਥੇ ਇਲਾਕੇ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਹੀ ਦੂਜੇ ਪਾਸੇ ਕਮਿਸ਼ਨਰੇਟ ਪੁਲਸ ਦੇ ਉਨ੍ਹਾਂ ਦਾਅਵਿਆਂ ਦੀ ਵੀ ਫੂਕ ਕੱਢ ਦਿੱਤੀ ਹੈ ਜਿਸ ਵਿਚ ਨਸ਼ਾ ਤਸਕਰਾਂ 'ਤੇ ਨਕੇਲ ਕੱਸਣ ਦੀਆਂ ਗੱਲਾਂ ਕਹੀਆਂ ਜਾਂਦੀਆਂ ਹਨ।

ਵਾਇਰਲ ਹੋ ਰਹੇ ਇਸ ਵੀਡੀਓ ਵਿਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਦਿਨ-ਦਿਹਾੜੇ ਸੜਕ ਵਿਚਾਲੇ ਨਸ਼ੇ ਦੀ ਓਵਰਡੋਜ਼ ਲੈ ਕੇ ਟੱਲੀ ਹੋਇਆ ਪਿਆ ਹੈ। ਨਸ਼ੇ ਦੀ ਲੋਰ ਉਸ 'ਤੇ ਇਸ ਕਦਰ ਹਾਵੀ ਸੀ ਕਿ ਉਸ ਤੋਂ ਜ਼ਮੀਨ 'ਤੇ ਠੀਕ ਤਰ੍ਹਾਂ ਸਿੱਧੇ ਖੜ੍ਹੇ ਵੀ ਨਹੀਂ ਹੋਇਆ ਜਾ ਰਿਹਾ ਸੀ। ਉਹ ਕਦੇ ਅੱਗੇ ਤਾਂ ਕਦੇ ਪਿੱਛੇ ਡਿੱਗਦੇ-ਸੰਭਲਦੇ ਹੋਏ ਸ਼ਰੇਆਮ ਸੜਕ ਦੇ ਵਿਚਕਾਰ ਅਜੀਬੋ-ਗਰੀਬ ਹਰਕਤਾਂ ਕਰਦਾ ਨਜ਼ਰ ਆ ਰਿਹਾ ਸੀ। ਆਉਣ-ਜਾਣ ਵਾਲੇ ਰਾਹਗੀਰ ਅਤੇ ਵਾਹਨ ਚਾਲਕ ਉਸ ਦੀ ਇਸ ਹਾਲਤ ਨੂੰ ਦੇਖ ਕੇ ਸਹਿਮ ਰਹੇ ਸਨ ਅਤੇ ਕਈ ਲੋਕ ਤਮਾਸ਼ਬੀਨ ਬਣ ਕੇ ਉਸ ਦੀ ਵੀਡੀਓ ਬਣਾ ਰਹੇ ਸਨ, ਜੋ ਹੁਣ ਇੰਟਰਨੈੱਟ 'ਤੇ ਅੱਗ ਵਾਂਗ ਫੈਲ ਚੁੱਕੀ ਹੈ।

ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਨੇ ਦਬੀ ਜ਼ੁਬਾਨ ਵਿਚ ਵੱਡੇ ਖੁਲਾਸੇ ਕਰਦਿਆਂ ਦੱਸਿਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਉਕਤ ਨੌਜਵਾਨ ਅਕਸਰ ਇਸੇ ਜਵਾਹਰ ਨਗਰ ਕੈਂਪ ਇਲਾਕੇ ਵਿਚ ਪੂਰੀ ਤਰ੍ਹਾਂ ਨਸ਼ੇ ਵਿਚ ਟੁੰਨ ਹੋ ਕੇ ਇਧਰ-ਓਧਰ ਭਟਕਦਾ ਅਤੇ ਦੁਕਾਨਾਂ ਦੇ ਬਾਹਰ ਖੜ੍ਹਾ ਨਜ਼ਰ ਆਉਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਨਸ਼ੇ ਦੀ ਸਪਲਾਈ ਇੰਨੀ ਆਸਾਨ ਹੋ ਚੁੱਕੀ ਹੈ ਕਿ ਅਜਿਹੇ ਨਸ਼ੇੜੀਆਂ ਦੀ ਤਾਦਾਦ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨਾਲ ਹੁਣ ਔਰਤਾਂ ਅਤੇ ਬੱਚਿਆਂ ਦਾ ਘਰਾਂ ਤੋਂ ਨਿਕਲਣਾ ਵੀ ਦੁੱਭਰ ਹੋ ਗਿਆ ਹੈ। ਵਿਚਕਾਰ ਸੜਕ 'ਤੇ ਹੋਏ ਇਸ ਹਾਈ-ਵੋਲਟੇਜ ਡਰਾਮੇ ਤੋਂ ਬਾਅਦ ਹੁਣ ਸਥਾਨਕ ਪੁਲਸ ਦੀ ਮੁਸਤੈਦੀ ਅਤੇ ਪੀ.ਸੀ.ਆਰ ਪੈਟਰੋਲਿੰਗ 'ਤੇ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿ ਆਖਰ ਸ਼ਰੇਆਮ ਨਸ਼ਾ ਕਰਕੇ ਹੰਗਾਮਾ ਮਚਾਉਣ ਵਾਲੇ ਅਤੇ ਇਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਮਗਰਮੱਛਾਂ 'ਤੇ ਕਾਨੂੰਨ ਦਾ ਹੰਟਰ ਕਦੋਂ ਚੱਲੇਗਾ।


author

Anmol Tagra

Content Editor

Related News