ਢੀਂਡਸਾ ਪਿਉ-ਪੁੱਤ ਅਕਾਲੀ ਦਲ ਨਾਲ ਆਰ-ਪਾਰ ਦੀ ਲੜਾਈ ਦੇ ਮੂਡ ’ਚ
Saturday, Jan 18, 2020 - 02:13 PM (IST)
ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਕੇ ਟਕਸਾਲੀਆਂ ਨਾਲ ਸੁਰ ਮਿਲਾਉਣ ਵਾਲੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦਾ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਆਰ-ਪਾਰ ਦੀ ਲੜਾਈ ‘ਚ ਆ ਗਏ ਹਨ। ਉਨ੍ਹਾਂ ਦੇ ਮੀਡੀਆ ‘ਚ ਆਏ ਤਾਜ਼ਾ ਬਿਆਨ ਇਸ ਗੱਲ ਦਾ ਸੰਕੇਤ ਦੇ ਰਹੇ ਹੈ ਕਿ ਸੁਖਦੇਵ ਸਿੰਘ ਢੀਂਡਸਾ ਆਉਣ ਵਾਲੇ ਦਿਨਾਂ ‘ਚ ਪੰਜਾਬ ਵਿਚ ਅਕਾਲੀ ਦਲ ਦੀ 10 ਸਾਲਾ ਸਰਕਾਰ ‘ਚ ਹੋਏ ਕਈ ਅਹਿਮ ਖੁਲਾਸਿਆਂ ਤੋਂ ਪਰਦਾ ਚੁੱਕ ਸਕਦੇ ਹਨ।
ਜਾਣਕਾਰ ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਢੀਂਡਸਾ ਪਿਉ-ਪੁੱਤਰ ਨੂੰ 15 ਦਿਨਾਂ ਦਾ ਨੋਟਿਸ ਜਾਰੀ ਕਰ ਕੇ ਜੋ ਜਵਾਬਤਲਬੀ ਕੀਤੀ ਹੈ, ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ‘ਚ ਬੈਠੇ ਅੱਧੀ ਦਰਜਨ ਵੱਡੇ ਨੇਤਾ ਨਾਰਾਜ਼ ਦੱਸੇ ਜਾ ਰਹੇ ਹਨ। ਸੂਤਰਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨਸ਼ੇ ਅਤੇ ਹੋਰ ਕਈ ਮਾਮਲੇ ਜੋ ਅੱਜ ਤੱਕ ਬੁਝਾਰਤ ਬਣੇ ਹੋਏ ਹਨ, ਉਨ੍ਹਾਂ ਤੋਂ ਪਰਦੇ ਚੁੱਕੇ ਜਾ ਸਕਦੇ ਹਨ।
ਸੂਤਰਾਂ ਨੇ ਦੱਸਿਆ ਕਿ ਜਦੋਂ ਪੰਥ ਰਤਨ ਜਥੇ. ਮਰਹੂਮ ਗੁਰਚਰਨ ਸਿੰਘ ਟੌਹੜਾ ਅਕਾਲੀ ਦਲ ਤੋਂ ਬਾਗੀ ਹੋਏ ਸਨ ਤਾਂ ਉਨ੍ਹਾਂ ਖਿਲਾਫ ਖੂਬ ਬਿਆਨਬਾਜ਼ੀ ਹੋਈ ਸੀ ਪਰ ਜਦੋਂ ਉਹ ਅਕਾਲੀ ਦਲ ‘ਚ ਵਾਪਸ ਆ ਗਏ ਸਨ ਤਾਂ ਬਿਆਨਬਾਜ਼ੀ ਕਰਨ ਵਾਲੇ ਕਈ ਵੱਡੇ ਨੇਤਾ ਜਥੇਦਾਰ ਟੌਹੜਾ ਦੇ ਮੱਥੇ ਲੱਗਣ ਤੋਂ ਕੰਨੀ ਕਤਰਾਉਂਦੇ ਸਨ। ਸ਼ਾਇਦ ਇਸੇ ਕਰ ਕੇ ਹੁਣ ਸੁਖਦੇਵ ਸਿੰਘ ਢੀਂਡਸਾ ਜੋ ਅਕਾਲੀ ਦਲ ਤੋਂ ਬਾਗੀ ਹੋਏ ਹਨ, ਉਨ੍ਹਾਂ ਖਿਲਾਫ ਵੱਡੇ ਅਕਾਲੀ ਨੇਤਾ ਜਾਂ ਤਾਂ ਬਿਆਨਬਾਜ਼ੀ ਕਰਨ ਤੋਂ ਕੰਨੀ ਕਤਰਾ ਰਹੇ ਹਨ ਜਾਂ ਫਿਰ ਪਾਰਟੀ ਵੱਲੋਂ ਦਿੱਤੇ ਬਿਆਨਾਂ ਤੋਂ ਪਾਸਾ ਵੱਟ ਰਹੇ ਹਨ ਕਿਉਂਕਿ ਸ. ਢੀਂਡਸਾ ਵੀ ਆਪਣੇ ਆਪ ‘ਚ ਵੱਡੇ ਕੱਦ ਦੇ ਨੇਤਾ ਹਨ।