ਹੰਗਾਮਾ ਹੋਣ ਕਾਰਨ ਖੁੱਲ੍ਹੀ ਸਬਜ਼ੀ ਮੰਡੀ ’ਚ ਹੋ ਰਹੀ ਨਾਜਾਇਜ਼ ਵਸੂਲੀ ਦੀ ਪੋਲ
Tuesday, Jul 02, 2024 - 04:15 PM (IST)
ਲੁਧਿਆਣਾ (ਹਿਤੇਸ਼) : ਚੰਡੀਗੜ੍ਹ ਰੋਡ ਦੇ ਨਜ਼ਦੀਕ ਏਕਤਾ ਮਾਰਕਿਟ ਦੇ ਨਾਂ 'ਤੇ ਲੱਗਣ ਵਾਲੀ ਸਬਜ਼ੀ ਮੰਡੀ 'ਚ ਐਤਵਾਰ ਰਾਤ ਨੂੰ ਜੰਮ ਕੇ ਹੰਗਾਮਾ ਹੋਇਆ। ਇਸ ਦੌਰਾਨ ਰੇਹੜੀ ਵਾਲਿਆਂ ਨੇ ਕੁੱਝ ਲੋਕਾਂ 'ਤੇ ਨਾਜਾਇਜ਼ ਵਸੂਲੀ ਦਾ ਦੋਸ਼ ਲਾਇਆ। ਰੇਹੜੀ ਵਾਲਿਆਂ ਦੇ ਮੁਤਾਬਕ ਕੁੱਝ ਲੋਕਾਂ ਨੇ ਸਬਜ਼ੀ ਮੰਡੀ 'ਚ ਚੱਲ ਰਹੇ ਜਨਰੇਟਰ ਨੂੰ ਜ਼ਬਰਨ ਬੰਦ ਕਰਕੇ ਪ੍ਰਤੀ ਦੁਕਾਨ 300 ਰੁਪਏ ਦੇਣ ਦੀ ਮੰਗ ਕੀਤੀ। ਇਸ ਦਾ ਰੇਹੜੀ ਵਾਲਿਆਂ ਵਲੋਂ ਵਿਰੋਧ ਕਰਨ 'ਤੇ ਨੌਜਵਾਨਾਂ ਨਾਲ ਹੱਥੋਪਾਈ ਹੋਣ ਦੀ ਵੀ ਸੂਚਨਾ ਹੈ।
ਇਸ ਮਾਮਲੇ ਤੋਂ ਨਗਰ ਨਿਗਮ ਨੇ ਪੱਲਾ ਝਾੜ ਲਿਆ ਹੈ। ਜ਼ੋਨ-ਬੀ ਦੀ ਤਹਿਬਾਜ਼ਾਰੀ ਸ਼ਾਖਾ ਦੇ ਮੁਲਾਜ਼ਮਾਂ ਨੇ ਕਿਹਾ ਕਿ ਇਹ ਸਬਜ਼ੀ ਮੰਡੀ ਗਲਾਡਾ ਦੀ ਜਗ੍ਹਾ ’ਤੇ ਲੱਗ ਰਹੀ ਹੈ, ਜਿਸ ਸਬਜ਼ੀ ਮੰਡੀ ਨੂੰ ਕਦੇ ਹਟਾਉਣ ਦੀ ਕਾਰਵਾਈ ਨਗਰ ਨਿਗਮ ਵੱਲੋਂ ਨਹੀਂ ਕੀਤੀ ਗਈ ਅਤੇ ਨਾ ਫ਼ੀਸ ਦੀ ਵਸੂਲੀ ਕੀਤੀ ਜਾਂਦੀ ਹੈ। ਰੇਹੜੀ-ਫੜ੍ਹੀ ਵਾਲਿਆਂ ਮੁਤਾਬਕ ਸਬਜ਼ੀ ਮੰਡੀ ’ਚ ਨਾਜਾਇਜ਼ ਵਸੂਲੀ ਕਰਨ ਲਈ ਆਏ ਨੌਜਵਾਨ ਇਕ ਵਿਧਾਇਕ ਦਾ ਨਾਂ ਲੈ ਰਹੇ ਸਨ ਅਤੇ ਉਨ੍ਹਾਂ ਨੇ ਇਕ ਵਿਅਕਤੀ ਨਾਲ ਫੋਨ ’ਤੇ ਗੱਲ ਵੀ ਕਰਵਾਈ, ਜੋ ਖ਼ੁਦ ਨੂੰ ਵਿਧਾਇਕ ਦੱਸ ਰਿਹਾ ਸੀ ਅਤੇ ਉਸ ਨੇ ਕਿਹਾ ਕਿ ਜਿਸ ਤਰ੍ਹਾਂ ਲੜਕੇ ਕਹਿ ਰਹੇ ਹਨ, ਉਸੇ ਹੀ ਤਰ੍ਹਾਂ ਕਰ ਲਵੋ।
ਇਸ ਗੱਲ ਦਾ ਇਲਾਕੇ ਦੇ ਵਿਧਾਇਕ ਭੋਲਾ ਗਰੇਵਾਲ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਪੁਲਸ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਜਿਨ੍ਹਾਂ ਗੱਡੀਆਂ ’ਤੇ ਨੌਜਵਾਨ ਆਏ ਸਨ, ਉਨ੍ਹਾਂ ਦੇ ਨੰਬਰ ਨੋਟ ਕਰ ਲਏ ਗਏ ਹਨ ਅਤੇ ਉਸ ਦੇ ਆਧਾਰ ’ਤੇ ਨੌਜਵਾਨਾਂ ਨੂੰ ਫੜ੍ਹ ਕੇ ਲਿਆਉਣ ਲਈ ਡਵੀਜ਼ਨ ਨੰ. 7 ਦੀ ਪੁਲਸ ਨੂੰ ਨਿਰਦੇਸ਼ ਦਿੱਤੇ ਹਨ, ਜਿਸ ਤੋਂ ਪਤਾ ਲੱਗ ਜਾਵੇਗਾ ਕਿ ਨੌਜਵਾਨ ਕਿਸ ਦੀ ਸ਼ਹਿ ’ਤੇ ਆਏ ਸਨ। ਐੱਸ. ਐੱਚ. ਓ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਮਿਲਣ ’ਤੇ ਸਬਜ਼ੀ ਮੰਡੀ ਵਿਚ ਹੰਗਾਮਾ ਕਰਨ ਵਾਲੇ ਨੌਜਵਾਨਾਂ ਦੀਆਂ ਗੱਡੀਆਂ ਦੇ ਨੰਬਰ ਨਾਲ ਪਛਾਣ ਕਰ ਕੇ ਉਨਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਗਈ ਸੀ ਪਰ ਉਹ ਫ਼ਰਾਰ ਹਨ। ਉਨ੍ਹਾਂ ਨੂੰ ਜਲਦ ਕਾਬੂ ਕਰ ਕੇ ਕਾਰਵਾਈ ਕੀਤੀ ਜਾਵੇਗੀ।