ਲੁਧਿਆਣਾ: ਕੋਰੋਨਾ ਤੋਂ ਬੇਖ਼ੌਫ਼ ਲੋਕਾਂ ਦੀ ਸਬਜ਼ੀ ਮੰਡੀ 'ਚ ਜੁੜੀ ਭੀੜ
Wednesday, Jun 24, 2020 - 04:50 PM (IST)
ਲੁਧਿਆਣਾ : ਲੁਧਿਆਣਾ ਦੇ ਸਬਜ਼ੀ ਮੰਡੀ 'ਚ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੀ ਉਦੋਂ ਫੂਕ ਨਿਕਲ ਗਈ, ਜਦੋਂ ਸਬਜ਼ੀ ਮੰਡੀ 'ਚ ਲੋਕਾਂ ਦੀ ਭਾਰੀ ਭੀੜ ਲੱਗ ਗਈ। ਲੋਕਾਂ ਵੱਲੋਂ ਆਪਸ 'ਚ ਨਾ ਤਾਂ ਕੋਈ ਦਾਇਰਾ ਬਣਾਇਆ ਗਿਆ ਸੀ ਅਤੇ ਨਾ ਹੀ ਸੈਨੇਟਾਈਜ਼ਰ ਜਾਂ ਬੁਖਾਰ ਚੈੱਕ ਕਰਨ ਸਬੰਧੀ ਕੋਈ ਪ੍ਰਬੰਧ ਸੀ। ਦੱਸ ਦੇਈਏ ਕਿ ਇਹ ਉਹੀ ਸਬਜ਼ੀ ਮੰਡੀ ਹੈ, ਜਿੱਥੇ ਬੀਤੇ ਦਿਨੀਂ ਏ. ਸੀ. ਪੀ. ਅਨਿਲ ਕੋਹਲੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।
ਲੁਧਿਆਣਾ ਦੀ ਸਬਜ਼ੀ ਮੰਡੀ 'ਚ ਲੋਕਾਂ ਦੀ ਭੀੜ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਕੋਰੋਨਾ ਵਰਗੀ ਕੋਈ ਬੀਮਾਰੀ ਹੀ ਨਾ ਹੋਵੇ। ਦੂਜੇ ਪਾਸੇ ਸਬਜ਼ੀ ਖਰੀਦਣ ਆਏ ਲੋਕਾਂ ਨੇ ਵੀ ਦੱਸਿਆ ਕਿ ਸਬਜ਼ੀ ਮੰਡੀ 'ਚ ਕੋਈ ਬਹੁਤੇ ਚੰਗੇ ਪ੍ਰਬੰਧ ਨਹੀਂ ਹਨ ਅਤੇ ਅਨਪੜ੍ਹਤਾ ਕਰਕੇ ਲੇਬਰ ਆਪਸ 'ਚ ਕੋਈ ਦਾਇਰਾ ਨਹੀਂ ਬਣਾਉਂਦੇ। ਸਬਜ਼ੀ ਮੰਡੀ 'ਚ ਕੋਰੋਨਾ ਤੋਂ ਬਚਾਅ ਸਬੰਧੀ ਬਣਾਏ ਨਿਯਮਾਂ ਦੀਆਂ ਸ਼ਰੇਆਅ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਪੁਲਸ ਵੱਲੋਂ ਅਪਣਾਈ ਗਈ ਸਖਤੀ ਨੂੰ ਲੈ ਕੇ ਹਾਲਾਂਕਿ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਰਾਜੂ ਮਲਿਕ ਅਤੇ ਪ੍ਰਧਾਨ ਗੁਰਕਮਲ ਸਿੰਘ ਈਲੂ ਆਦਿ ਨੇ ਅਰਸ਼ਪ੍ਰੀਤ ਕੌਰ ਨੂੰ ਤਰਕ ਦਿੱਤਾ ਕਿ ਸਬਜ਼ੀ ਮੰਡੀ ’ਚ ਸਬਜ਼ੀਆਂ ਅਤੇ ਫਲਾਂ ਦੀ ਵਿਕਰੀ ਦਾ ਪੂਰਾ ਸਿਸਟਮ ਹੋਲਸੇਲ ਹੋਣ ਦੇ ਬਾਵਜੂਦ ਜ਼ਿਆਦਾਤਰ ਔਰਤਾਂ ਅਤੇ ਹੋਰ ਸ਼ਹਿਰ ਵਾਸੀ ਪਰਚੂਨ 'ਚ ਹੀ ਖਰੀਦਦਾਰੀ ਕਰਨ ਲਈ ਮੰਡੀ ’ਚ ਪੁੱਜ ਰਹੇ ਹਨ, ਜਿਸ ਕਾਰਨ ਇੱਥੇ ਭੀੜ ਜਮ੍ਹਾ ਹੋ ਜਾਂਦੀ ਹੈ।
ਇਸੇ ਦੌਰਾਨ ਐੱਸ. ਐੱਚ. ਓ. ਅਰਸ਼੍ਰਪੀਤ ਕੌਰ ਵੱਲੋਂ ਕੁੱਝ ਆੜ੍ਹਤੀਆਂ ਦੇ ਚਲਾਨ ਕੱਟਣ ਸਬੰਧੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਚੇਅਰਮੈਨ ਮਲਿਕ ਅਤੇ ਪ੍ਰਧਾਨ ਈਲੂ ਦੀ ਅਗਵਾਈ 'ਚ ਵਿਧਾਇਕ ਸੰਜੇ ਤਲਵਾੜ ਨਾਲ ਬੈਠਕ ਕਰ ਕੇ ਆੜ੍ਹਤੀਆਂ ਦੀਆਂ ਪਰੇਸ਼ਾਨੀਆਂ ਦਾ ਮੁੱਦਾ ਚੁੱਕਿਆ। ਆੜ੍ਹਤੀਆਂ ਨੇ ਕਿਹਾ ਕਿ ਸਬਜ਼ੀ ਮੰਡੀ ’ਚ ਜੁੱਟਣ ਵਾਲੀ ਲਾਪਰਵਾਹ ਜਨਤਾ ਦੀ ਭੀੜ ਸਬੰਧੀ ਜਦੋਂ ਮੀਡੀਆ 'ਚ ਖ਼ਬਰ ਪ੍ਰਕਾਸ਼ਿਤ ਹੁੰਦੀ ਹੈ ਤਾਂ ਇਸ ਦਾ ਨਜ਼ਲਾ ਵੀ ਆੜ੍ਹਤੀਆਂ ’ਤੇ ਹੀ ਡਿੱਗਦਾ ਹੈ। ਉਨ੍ਹਾਂ ਨੇ ਵਿਧਾਇਕ ਤਲਵਾੜ ਤੋਂ ਮੰਗ ਕੀਤੀ ਹੈ ਕਿ ਉਹ ਆੜ੍ਹਤੀ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੁਲਸ ਪ੍ਰਸ਼ਾਸਨ ਨੂੰ ਨਰਮ ਰੁਖ ਅਪਣਾਉਣ ਸਬੰਧੀ ਹਦਾਇਤਾਂ ਦੇਣ।