ਲੁਧਿਆਣਾ ਦੀ ਮਾਨਿਆ ਸ਼ਰਮਾ ਨੇ 263 ਰਨ ਨਾਟ ਆਊਟ ਪਾਰੀ ਖੇਡਦਿਆਂ ਵਿਸ਼ਵ ਰਿਕਾਰਡ ਬਣਾਇਆ
07/08/2022 2:47:17 PM

ਲੁਧਿਆਣਾ-(ਮੁਕੇਸ਼)- ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਦੀ ਮਾਨਿਆ ਸ਼ਰਮਾ 16 ਸਾਲ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ ਅੰਡਰ-19 ਅੰਤਰ ਜ਼ਿਲਾ ਮਹਿਲਾ ਕ੍ਰਿਕਟ ਟੂਰਨਾਮੈਂਟ ’ਚ ਵੀਰਵਾਰ ਨੂੰ ਪਟਿਆਲਾ ’ਚ ਖੇਡੇ ਗਏ ਇਕ ਦਿਨਾ ਮੈਚ ’ਚ ਫਤਿਹਗੜ੍ਹ ਟੀਮ ਖਿਲਾਫ ਲੁਧਿਆਣਾ ਮਹਿਲਾ ਕ੍ਰਿਕਟ ਟੀਮ ਵਲੋਂ ਖੇਡਦਿਆਂ 263 ਦੌੜਾਂ ਨਾਟ ਆਊਟ ਖੇਡਦਿਆਂ ਵਿਸ਼ਵ ਰਿਕਾਰਡ ਬਣਾਇਆ।
ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੱਧਰ ’ਤੇ ਨਿਊਜ਼ੀਲੈਂਡ ਦੀ ਏਮਿਲਾ ਚਾਰਲੋਟ ਕੈਰੀ 232 ਰਨ ਨਾਟ ਆਊਟ, ਆਸਟ੍ਰੇਲੀਆ ਦੀ ਕਲਾਰਕ ਦੇ 229 ਰਨ, ਸੋਮਵਾਰ ਨੂੰ ਪਟਿਆਲਾ ਵਿਖੇ ਅਕਾਂਕਸ਼ਾ ਨੇ ਲੁਧਿਆਣਾ ਟੀਮ ਵਲੋਂ ਸੰਗਰੂਰ ਖਿਲਾਫ ਖੇਡਦਿਆਂ 219 ਰਨਾਂ ਦੀ ਪਾਰੀ ਖੇਡੀ, ਜਦਕਿ ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟਰ ਟੀਮ ਦੀ ਹਰਮਨਪ੍ਰੀਤ ਕੌਰ ਨੇ ਵਨ-ਡੇ ਮੈਚ ’ਚ 171 ਦੌੜਾਂ ਬਣਾਈਆਂ ਸਨ। ਮਾਨਿਆ ਸ਼ਰਮਾ ਨੇ ਇਨ੍ਹਾਂ ਸਾਰੀਆਂ ਨੂੰ ਪਿੱਛੇ ਛੱਡਦਿਆਂ 169 ਬਾਲਾਂ ਤੇ 51 ਚੌਕੇ ਲਾਉਂਦੇ ਹੋਏ 263 ਦੌੜਾਂ ਨਾਟ ਆਊਟ ਰਹਿੰਦਿਆਂ ਵਿਸ਼ਵ ਰਿਕਾਰਡ ਬਣਾਇਆ। ਲੁਧਿਆਣਾ ਨੇ 597 ਰਨ ਪੈਨਲਟੀ ਅੰਕਾਂ ਨਾਲ ਬਣਾਉਂਦੇ ਹੋਏ ਫਤਿਹਗੜ੍ਹ ਨੂੰ ਕੇਵਲ 48 ਰਨਾਂ ਤੇ ਆਊਟ ਕਰਦਿਆਂ ਹੋਇਆਂ 549 ਰਨਾਂ ਨਾਲ ਹਰਾ ਦਿੱਤਾ।
ਇਹ ਵੀ ਪੜ੍ਹੋ : ਰਾਸ਼ਟਰ ਮੰਡਲ ਖੇਡਾਂ ’ਚ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ : ਮਨਪ੍ਰੀਤ
ਮਾਨਿਆ ਸ਼ਰਮਾ ਦੇ ਪਿਤਾ ਕਮਲ ਸ਼ਰਮਾ, ਦਾਦਾ ਰਾਜਕੁਮਾਰ ਸ਼ਰਮਾ, ਮਾਤਾ ਮੰਜੂ ਸ਼ਰਮਾ ਨੇ ਕਿਹਾ ਕਿ ਮਾਨਿਆ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਹੈ, ਜੋ ਕਿ ਡੀ. ਸੀ. ਐੱਮ. ਫੋਕਲ ਪੁਆਇੰਟ ਸਕੂਲ ਦੀ 10ਵੀਂ ਦੀ ਵਿਦਿਆਰਥਣ ਹੈ। 12 ਸਾਲ ਦੀ ਉਮਰ ਤੋਂ ਹੀ ਮਾਨਿਆ ਨੇ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਮ੍ਰਿਤੀ ਮੰਦਾਨਾ ਨੂੰ ਆਪਣਾ ਆਦਰਸ਼ ਮੰਨਦੀ ਹੈ। ਮਾਨਿਆ ਸ਼ਰਮਾ ਦਾ ਟੀਚਾ ਅੰਡਰ-19 ਵਰਲਡ ਕੱਪ ਟੀਮ ’ਚ ਖੇਡਣਾ ਹੈ, ਜਿਸ ਲਈ ਉਹ ਦਿਨ-ਰਾਤ ਸਖਤ ਮਿਹਨਤ ਕਰ ਰਹੀ ਹੈ। ਕੋਚ ਸੰਜੇ/ਰਮਨਪ੍ਰੀਤ ਕੌਰ ਐੱਲ. ਡੀ. ਸੀ. ਏ. ਨੇ ਕਿਹਾ ਕਿ ਮਾਨਿਆ ਨੇ ਵਰਲਡ ਰਿਕਾਰਡ ਬਣਾ ਕੇ ਪੰਜਾਬ, ਮਾਪਿਆਂ ਪਿਤਾ, ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।