ਗਰਮੀ ਦਾ ਕਹਿਰ ਤੇ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਪਰੇਸ਼ਾਨ ਲੁਧਿਆਣਾ ਵਾਸੀ
Saturday, May 14, 2022 - 05:36 PM (IST)
ਲੁਧਿਆਣਾ(ਸਲੂਜਾ) : ਇਸ ਸਮੇਂ ਗਰਮੀ ਦਾ ਕਹਿਰ ਅਤੇ ਬਿਜਲੀ ਦੇ ਅਣਐਲਾਨੇ ਕੱਟ ਲੁਧਿਆਣਵੀਆਂ ਦੀ ਜਾਨ ਕੱਢਣ ’ਤੇ ਤੁਲੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਘਰ ਅਤੇ ਦਫ਼ਤਰ ਦੇ ਅੰਦਰ ਰਹਿੰਦੇ ਹਾਂ ਤਾਂ ਬਿਜਲੀ ਨਹੀਂ ਹੁੰਦੀ, ਬਾਹਰ ਕਦਮ ਰੱਖਦੇ ਹਨ ਤਾਂ ਜਾਨ ਕੱਢ ਕੇ ਰੱਖ ਦੇਣ ਵਾਲੀ ਤਿੱਖੀ ਧੁੱਪ ਬੇਹਾਲ ਕਰ ਦਿੰਦੀ ਹੈ। ਇਸ ਹਾਲਾਤ ’ਚ ਲੁਧਿਆਣਵੀਆਂ ਦੇ ਸਾਹ ਫੁੱਲਣ ਲੱਗੇ ਹਨ। ਆਖਿਰ ਜਾਣ ਤਾਂ ਕਿੱਥੇ ਜਾਣ?
ਕੀ ਰਿਹਾ ਤਾਪਮਾਨ
ਪੰਜਾਬ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ 41 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ ਹੈ, ਜਦੋਂਕਿ ਘੱਟੋ-ਘੱਟ ਤਾਪਮਾਨ 29.2 ਡਿਗਰੀ ਸੈਲਸੀਅਸ ਰਿਹਾ। ਸਵੇਰ ਸਮੇਂ ਹਵਾ ਵਿਚ ਨਮੀ ਦੀ ਮਾਤਰਾ 46 ਫੀਸਦੀ ਅਤੇ ਸ਼ਾਮ ਨੂੰ ਨਮੀ ਦੀ ਮਾਤਰਾ 28 ਫੀਸਦੀ ਰਹੀ।
ਕਿਵੇਂ ਰਹੇਗਾ ਮੌਸਮ ਦਾ ਮਿਜਾਜ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਨੇੜੇ ਦੇ ਇਲਾਕਿਆਂ ’ਚ ਗਰਮ ਹਵਾਵਾਂ ਚੱਲਣ ਨਾਲ ਮੌਸਮ ਦਾ ਮਿਜਾਜ਼ ਗਰਮ ਅਤੇ ਖੁਸ਼ਕ ਬਣਿਆ ਰਹਿ ਸਕਦਾ ਹੈ।
ਇਹ ਵੀ ਪੜ੍ਹੋ :- ਵਿਦੇਸ਼ 'ਚ ਬੈਠੇ ਅੱਤਵਾਦੀਆਂ ਨੂੰ ਡਿਪੋਰਟ ਕਰਨ ਲਈ ਜੁਆਇੰਟ ਪਲਾਨ ਤਿਆਰ ਕਰ ਰਹੀ ਪੁਲਸ
ਪਾਵਰਕਾਮ ਦੀ ਕਾਰਜਗੁਜ਼ਾਰੀ ’ਤੇ ਚੁੱਕੇ ਸਵਾਲ
ਲੁਧਿਆਣਾ ਦੇ ਵੱਖ-ਵੱਖ ਕੈਟਾਗਿਰੀ ਨਾਲ ਸਬੰਧਤ ਲੋਕਾਂ ਨੇ ਸੰਪਰਕ ਕਰਨ ’ਤੇ ਪਾਵਰਕਾਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਹਰ ਸਾਲ ਹੀ ਗਰਮੀ ਅਤੇ ਝੋਨੇ ਦੀ ਸ਼ੁਰੂਆਤ ਤੋਂ ਪਹਿਲਾਂ ਪਾਵਰਕਾਮ ਵਲੋਂ ਬਿਜਲੀ ਲਾਈਨਾਂ ਪਾਵਰ ਗ੍ਰਿਡ ਅਤੇ ਟਰਾਂਸਫਾਰਮਰਾਂ ਦੀ ਮੁਰੰਮਤ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਪਰ ਜਦੋਂ ਗਰਮੀ ਦਾ ਆਗਾਜ਼ ਹੋ ਜਾਂਦਾ ਹੈ ਤਾਂ ਪਾਵਰਕਾਮ ਦਾ ਸਮੁੱਚਾ ਸਿਸਟਮ ਹੀ ਡਗਮਗਾ ਜਾਂਦਾ ਹੈ।
ਇਹ ਵੀ ਪੜ੍ਹੋ :- ਡਿੱਪੂ ਹੋਲਡਰਾਂ ਨੂੰ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਤਹਿਤ ਵੰਡੀ ਕਣਕ ਦੇ ਕਮਿਸ਼ਨ ਵਜੋਂ 42 ਕਰੋੜ ਜਾਰੀ
ਪਾਵਰਕਾਮ ਦੇ ਟਰਾਂਸਫਾਰਮਰ ਅਤੇ ਸਬ-ਸਟੇਸ਼ਨ ਓਵਰਲੋਡ ਹੋ ਜਾਂਦੇ ਹਨ, ਜਿਸ ਕਾਰਨ ਜਨਤਾ ਨੂੰ ਲਗਾਤਾਰ ਲੱਗਣ ਵਾਲੇ ਅਣਐਲਾਨੇ ਬਿਜਲੀ ਕੱਟਾਂ ਦਾ ਸੰਤਾਪ ਭੋਗਣਾ ਪੈਂਦਾ ਹੈ। ਜਦ ਬਿਜਲੀ ਗੁੱਲ ਦੀ ਸ਼ਿਕਾਇਤ ਦਰਜ ਕਰਵਾਉਂਦੇ ਹਨ ਤਾਂ ਪਾਵਰਕਾਮ ਦੇ ਆਨਲਾਈਨ ਸ਼ਿਕਾਇਤ ਕੇਂਦਰ ਬਿਨ੍ਹਾਂ ਸ਼ਿਕਾਇਤ ਦਾ ਨਿਬੇੜਾ ਕੀਤੇ ਹੀ ਸਬੰਧਤ ਉਪਭੋਗਤਾਵਾਂ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਤੁਹਾਡੀ ਸ਼ਿਕਾਇਤ ਦਾ ਨਿਬੇੜਾ ਕਰ ਦਿੱਤਾ ਗਿਆ ਹੈ। ਜਦਕਿ ਸ਼ਿਕਾਇਤ ਦਾ ਹੱਲ ਹੋਇਆ ਨਹੀਂ ਹੁੰਦਾ। ਇਸ ਸਬੰਧ ’ਚ ਲੋਕ ਪਾਵਰਕਾਮ ਦੇ ਅਧਿਕਾਰੀਆਂ ਨੂੰ ਲਗਾਤਾਰ ਮੰਗ-ਪੱਤਰ ਸੌਂਪ ਕੇ ਮੰਗ ਕਰਦੇ ਆ ਰਹੇ ਹਨ।
ਇਹ ਵੀ ਪੜ੍ਹੋ :- ਡਿਮਾਂਡ ’ਚ 35 ਫੀਸਦੀ ਵਾਧਾ ,ਆਰਥਿਕ ਤੰਗੀ ਕਾਰਨ ਬਿਜਲੀ ਦੀ ਸਪਲਾਈ ’ਤੇ ਆਵੇਗਾ 2800 ਕਰੋੜ ਦਾ ਖਰਚਾ
ਕੀ ਕਹਿੰਦੇ ਹਨ ਪਾਵਰਕਾਮ ਦੇ ਅਧਿਕਾਰੀ
ਪਾਵਰਕਾਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਵਰਕਾਮ ’ਚ ਪਿਛਲੇ ਕਈ ਸਾਲਾਂ ਤੋਂ ਹੀ ਰੈਗੂਲਰ ਆਧਾਰ ’ਤੇ ਨਵੀਂਆ ਭਰਤੀਆਂ ਨਾ ਹੋਣ ਦੀ ਵਜ੍ਹਾ ਨਾਲ ਵਿਭਾਗ ਵਿਚ ਜੇ. ਈ. ਤੋਂ ਲੈ ਕੇ ਐੱਸ. ਡੀ. ਓ. ਤੱਕ ਦੀਆਂ ਪੋਸਟਾਂ ਖਾਲੀ ਪਈਆਂ ਹਨ। ਵਿਭਾਗ ਨੂੰ ਹਰ ਸਾਲ ਹੀ ਕੰਟ੍ਰੈਕਟ ਆਧਾਰ ’ਤੇ ਬਿਜਲੀ ਗੁੱਲ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕਰਨ ਲਈ ਮੋਟਰਸਾਈਕਲ ਸਵਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਲੈਣੀਆਂ ਪੈਂਦੀਆਂ ਹਨ। ਕਈ ਵਾਰ ਤਾਂ ਬਿਜਲੀ ਬਿੱਲਾਂ ਦੀ ਵਸੂਲੀ ਲਈ ਸੇਵਾਮੁਕਤ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਲੈਣੀਆਂ ਪੈਂਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦ ਜ਼ਿਆਦਾ ਗਰਮੀ ਦੀ ਵਜ੍ਹਾ ਨਾਲ ਪਾਵਰ ਸਪਲਾਈ ਪ੍ਰਭਾਵਿਤ ਹੋ ਜਾਂਦੀ ਹੈ ਤਾਂ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ’ਤੇ ਕੁਝ ਸਮੇਂ ’ਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਿਕਾਇਤਾਂ ਆ ਜਾਂਦੀਆਂ ਹਨ, ਜਿਨ੍ਹਾਂ ਦਾ ਨਿਬੇੜਾ ਕਰਨ ’ਚ ਦੇਰੀ ਹੋ ਜਾਂਦੀ ਹੈ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਕਈ ਵਾਰ ਮੁਲਾਜ਼ਮਾਂ ਦੀ ਭਰਤੀ ਨੂੰ ਲੈ ਕੇ ਲਿਖਿਆ ਜਾ ਚੁੱਕਾ ਹੈ ਤਾਂ ਕਿ ਖਪਤਕਾਰਾਂ ਨੂੰ ਬਿਹਤਰ ਸਰਵਿਸ ਪ੍ਰਦਾਨ ਕੀਤੀ ਜਾ ਸਕੇ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।