ਲੁਧਿਆਣਾ ਪੁਲਸ ਨੇ ACP ਕੋਹਲੀ ਨੂੰ ਦਿੱਤੀ ਸ਼ਰਧਾਂਜਲੀ, ਕੱਢਿਆ ਕੈਂਡਲ ਮਾਰਚ
Sunday, May 10, 2020 - 11:21 AM (IST)
ਲੁਧਿਆਣਾ (ਨਰਿੰਦਰ) : ਲੁਧਿਆਣਾ ਪੁਲਸ ਵੱਲੋਂ ਬੀਤੇ ਦਿਨ ਕੋਰੋਨਾ ਵਾਇਰਸ ਕਾਰਨ ਆਪਣੀ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਏ. ਸੀ. ਪੀ. ਅਨਿਲ ਕੋਹਲੀ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਕੈਡਲ ਮਾਰਚ ਜਗਰਾਓਂ ਪੁਲ ਤੋਂ ਲੈ ਕੇ ਘੰਟਾ ਘਰ ਤੱਕ ਕੱਢਿਆ ਗਿਆ, ਜਿਸ 'ਚ ਲੁਧਿਆਣਾ ਪੁਲਸ ਦੇ ਸਾਰੇ ਹੀ ਜਵਾਨ ਅਤੇ ਸੀਨੀਅਰ ਅਫਸਰ ਸ਼ਾਮਲ ਹੋਏ ਅਤੇ ਹੱਥਾਂ 'ਚ ਮੋਮਬੱਤੀਆਂ ਲੈ ਕੇ 'ਡੀ. ਸੀ. ਪੀ. ਕੋਹਲੀ ਅਮਰ ਰਹੇ' ਦੇ ਬੈਨਰ ਲੈ ਕੇ ਪੁਲਸ ਵੱਲੋਂ ਇਕ ਮਾਰਚ ਕੱਢਿਆ ਗਿਆ।
ਇਸ ਦੌਰਾਨ ਲੁਧਿਆਣਾ ਪੁਲਸ ਵੱਲੋਂ ਏ. ਸੀ. ਪੀ. ਕੋਹਲੀ ਨੂੰ ਸ਼ਰਧਾਂਜਲੀ ਦਿੱਤੀ ਗਈ। ਲੁਧਿਆਣਾ ਦੇ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਿਕੰਦ ਨੇ ਕਿਹਾ ਕਿ ਏ. ਸੀ. ਪੀ. ਕੋਹਲੀ ਨੇ ਲੋਕਾਂ ਦੀ ਸੇਵਾ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ, ਉਹ ਸ਼ਹੀਦ ਹੋਏ ਹਨ, ਇਸ ਕਰਕੇ ਪੂਰੀ ਪੰਜਾਬ ਪੁਲਸ ਵੱਲੋਂ ਉਨ੍ਹਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅੱਜ ਏ. ਸੀ. ਪੀ. ਕੋਹਲੀ ਦੀ ਅੰਤਿਮ ਅਰਦਾਸ ਵੀ ਕਰਵਾਈ ਜਾ ਰਹੀ ਹੈ। ਗੁਰਪ੍ਰੀਤ ਸਿੰਘ ਸਿਕੰਦ ਨੇ ਕਿਹਾ ਕਿ ਜੋ ਵੀ ਅਫਸਰ, ਪੁਲਸ ਮੁਲਾਜ਼ਮ ਇਸ ਬਿਮਾਰੀ ਨਾਲ ਲੜਦਿਆਂ ਆਪਣੀ ਜਾਨ ਗੁਆਉਂਦਾ ਹੈ, ਉਹ ਵੱਡੀ ਕੁਰਬਾਨੀ ਹੈ ਅਤੇ ਇਸ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ।