ਲੁਧਿਆਣਾ ਦੇ ਥਾਣਿਆਂ 'ਚ ਡਿਗੀ 'ਬਿਜਲੀ', ਘੁੱਪ ਹਨ੍ਹੇਰੇ 'ਚ ਕੰਮ ਕਰ ਰਹੇ ਮੁਲਾਜ਼ਮ

12/12/2019 3:35:32 PM

ਲੁਧਿਆਣਾ (ਸਲੂਜਾ, ਨਰਿੰਦਰ) : ਲੁਧਿਆਣਾ ਦੇ ਥਾਣਿਆਂ 'ਚ ਉਸ ਸਮੇਂ ਬਿਜਲੀ ਡਿਗ ਗਈ, ਜਦੋਂ ਬਿਜਲੀ ਵਿਭਾਗ ਨੇ ਸਖਤ ਕਾਰਵਾਈ ਕਰਦੇ ਹੋਏ ਬਿੱਲਾਂ ਦਾ ਭੁਗਤਾਨ ਨਾ ਕਰਨ ਕਾਰਨ ਇਨ੍ਹਾਂ ਥਾਣਿਆਂ ਦਾ ਕੁਨੈਕਸ਼ਨ ਕੱਟ ਦਿੱਤਾ, ਜਿਸ ਤੋਂ ਬਾਅਦ ਥਾਣਿਆਂ 'ਚ ਅਚਾਨਕ ਘੁੱਪ-ਹਨੇਰਾ ਛਾ ਗਿਆ। ਜਾਣਕਾਰੀ ਮੁਤਾਬਕ ਲੁਧਿਆਣਾ ਜ਼ੋਨ ਦੇ ਪੁਲਸ ਵਿਭਾਗ ਦਾ ਕਰੀਬ 7 ਕਰੋੜ, 3 ਲੱਖ ਰੁਪਏ ਬਿੱਲ ਬਕਾਇਆ ਹੈ, ਜਿਸ 'ਚ ਵਿਜੀਲੈਂਸ ਲੁਧਿਆਣਾ ਜੇਲ ਅਤੇ ਪੁਲਸ ਥਾਣੇ ਸ਼ਾਮਲ ਹਨ।

ਥਾਣਾ ਡਵੀਜ਼ਨ ਨੰਬਰ-2 ਦੀ ਬਿਜਲੀ ਗੁੱਲ ਹੈ ਅਤੇ ਮੁਲਾਜ਼ਮ ਹਨ੍ਹੇਰੇ 'ਚ ਕੰਮ ਕਰਨ ਨੂੰ ਮਜਬੂਰ ਹੋ ਰਹੇ ਹਨ। ਇਸ ਬਾਰੇ ਥਾਣਾ ਮੁਖੀ ਦਾ ਕਹਿਣਾ ਹੈ ਕਿ ਰਾਤ ਤੋਂ ਹੀ ਬਿਜਲੀ ਗੁੱਲ ਹੈ ਅਤੇ ਉਨ੍ਹਾਂ ਨੂੰ ਕੰਮ ਕਰਨ 'ਚ ਕਾਫੀ ਮੁਸ਼ਕਲ ਆ ਰਹੀ ਹੈ, ਜਿਸ ਦੇ ਲਈ ਇਨਵਰਟਰ ਜਾਂ ਜਨਰੇਟਰ ਰਾਹੀਂ ਹੀ ਕੰਮ ਚਲਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਿਭਾਗ ਦੇ ਵੱਡੇ ਅਫਸਰਾਂ ਨਾਲ ਗੱਲ ਹੋਈ ਹੈ ਅਤੇ ਜਲਦੀ ਹੀ ਬਿਜਲੀ ਆ ਜਾਵੇਗੀ।
ਦੂਜੇ ਪਾਸੇ ਜਦੋਂ 'ਜਗਬਾਣੀ' ਦੀ ਟੀਮ ਵਲੋਂ ਲੁਧਿਆਣਾ ਬਿਜਲੀ ਵਿਭਾਗ ਦੇ ਚੀਫ਼ ਇੰਜੀਨੀਅਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਰਫ ਲੁਧਿਆਣਾ ਦੇ ਹੀ ਸਰਕਾਰੀ ਵਿਭਾਗਾਂ ਦਾ 97 ਕਰੋੜ ਰੁਪਏ ਦਾ ਬਿੱਲ ਬਕਾਇਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਮੁਤਾਬਕ 25 ਲੱਖ ਤੋਂ ਵਧੇਰੇ ਬਕਾਇਆ ਬਿੱਲਾਂ ਵਾਲੇ ਵਿਭਾਗਾਂ ਦਾ 13 ਦਸੰਬਰ ਤੱਕ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਗਏ ਹਨ, ਜਿਸ ਦੇ ਤਹਿਤ ਹੀ ਪੁਲਸ ਵਿਭਾਗ ਦੇ ਕਈ ਥਾਣਿਆਂ ਦੇ ਕੁਨੈਕਸ਼ਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਓਵਰਆਲ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਦੇ 214 ਕਰੋੜ ਰੁਪਏ ਦੇ ਬਿੱਲ ਬਕਾਇਆ ਹਨ।


Babita

Content Editor

Related News