ਜਲੰਧਰ ਦੀ ਕੋਠੀ ''ਚ ਲੁਧਿਆਣਾ ਪੁਲਸ ਵੱਲੋਂ ਛਾਪੇਮਾਰੀ, ਜਾਣੋ ਪੂਰਾ ਮਾਮਲਾ
Tuesday, Oct 05, 2021 - 03:06 PM (IST)
ਜਲੰਧਰ (ਸੁਨੀਲ) : ਜਲੰਧਰ ਦੇ ਵਿਵੇਕ ਨਗਰ ਸਥਿਤ ਇਕ ਕੋਠੀ 'ਚ ਮੰਗਲਵਾਰ ਸਵੇਰੇ ਲੁਧਿਆਣਾ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਅਸਲ 'ਚ ਪੁਲਸ ਵੱਲੋਂ ਇਹ ਛਾਪੇਮਾਰੀ ਇਕ ਨੌਜਵਾਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੀਤੀ ਗਈ। ਹਾਲਾਂਕਿ ਪੁਲਸ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲ ਨਹੀਂ ਹੋ ਸਕੀ। ਦਰਅਸਲ ਲੁਧਿਆਣਾ ਦੀ ਗੁਰਪ੍ਰੀਤ ਕੌਰ ਦਾ ਵਿਆਹ ਸਾਲ 2018 'ਚ ਜਲੰਧਰ ਦੇ ਜਤਿੰਦਰ ਜੋਖਲਾ ਨਾਂ ਦੇ ਨੌਜਵਾਨ ਨਾਲ ਹੋਇਆ ਸੀ।
ਦਾਜ ਜ਼ਿਆਦਾ ਨਾ ਮਿਲਣ ਕਾਰਨ ਜਤਿੰਦਰ ਦੇ ਪਰਿਵਾਰ ਨੇ ਗੁਰਪ੍ਰੀਤ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਵਿਆਹ ਦੇ ਇਕ ਸਾਲ ਬਾਅਦ ਗੁਰਪ੍ਰੀਤ ਨੇ ਇਕ ਧੀ ਨੂੰ ਜਨਮ ਦਿੱਤਾ ਤਾਂ ਸਹੁਰਾ ਪਰਿਵਾਰ ਉਸ ਦੇ ਪੇਕੇ ਪਰਿਵਾਰ ਤੋਂ ਮਹਿੰਗੀ ਗੱਡੀ ਦੀ ਮੰਗ ਕਰਨ ਲੱਗਾ। ਜਦੋਂ ਪੇਕੇ ਪਰਿਵਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਗੁਰਪ੍ਰੀਤ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਫਿਲਹਾਲ ਗੁਰਪ੍ਰੀਤ ਦੇ ਪਰਿਵਾਰ ਵੱਲੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਜਤਿੰਦਰ ਦੇ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਕੇ ਅੱਜ ਉਸ ਦੀ ਕੋਠੀ 'ਚ ਛਾਪਾ ਮਾਰਿਆ।
ਫਿਲਹਾਲ ਗੁਰਪ੍ਰੀਤ ਵੱਲੋਂ ਆਪਣਾ ਸਮਾਨ ਪਛਾਣ ਕੇ ਬਰਾਮਦ ਕਰ ਲਿਆ ਗਿਆ ਹੈ। ਇਸ ਬਾਰੇ ਲੁਧਿਆਣਾ ਪੁਲਸ ਦੇ ਜਾਂਚ ਅਫ਼ਸਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਉਕਤ ਨੌਜਵਾਨ ਦੀ ਕੋਠੀ 'ਚ ਛਾਪੇਮਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਦੀ ਗ੍ਰਿਫ਼ਤਾਰੀ ਲਈ ਦੁਬਾਰਾ ਛਾਪੇਮਾਰੀ ਕੀਤੀ ਜਾਵੇਗੀ।