ਮੱਧ ਪ੍ਰਦੇਸ਼ ਦੇ ਪਿੰਡ ਕੜਿਆਂ ਦਾ ਮਸ਼ਹੂਰ ਚੋਰ ਗਿਰੋਹ ਲੁਧਿਆਣਾ ਪੁਲਸ ਵੱਲੋਂ ਕਾਬੂ
Tuesday, Oct 04, 2022 - 04:37 PM (IST)
ਲੁਧਿਆਣਾ (ਰਾਜ) : ਕਮਿਸ਼ਨਰੇਟ ਪੁਲਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ, ਜਿਸ ’ਚ ਪੁਲਸ ਨੇ ਇਕ ਅਜਿਹੇ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ, ਜੋ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਰਾਮਗੜ੍ਹ ਦੇ ਪਿੰਡ ਕੜਿਆਂ ਦਾ ਹੈ, ਜੋ ਐੱਮ. ਪੀ. 'ਚ ਕੜਿਆਂ ਦੇ ਚੋਰ ਗਿਰੋਹ ਦੇ ਨਾਂ ਨਾਲ ਮਸ਼ਹੂਰ ਹੈ। ਗਿਰੋਹ ਦੇ ਮੁੱਖ 4 ਮੈਂਬਰ ਹਨ, ਜਿਨ੍ਹਾਂ ’ਚ ਇਕ ਨੰਨ੍ਹੀ ਕੁੜੀ ਹੈ ਅਤੇ 3 ਬਾਲਗ ਹਨ। ਇਨ੍ਹਾਂ ’ਚੋਂ ਪੁਲਸ ਨੇ ਛੋਟੀ ਬੱਚੀ ਨੂੰ ਉਸ ਦੀ ਭੂਆ ਸਮੇਤ ਕਾਬੂ ਕਰ ਲਿਆ ਹੈ, ਜਦੋਂਕਿ ਇਸੇ ਗਿਰੋਹ ਦੇ 2 ਮੈਂਬਰ ਅਜੇ ਫ਼ਰਾਰ ਚੱਲ ਰਹੇ ਹਨ। ਫੜ੍ਹੀ ਗਈ ਮੁਲਜ਼ਮ ਔਰਤ ਐੱਮ. ਪੀ. ਦੇ ਪਿੰਡ ਕੜਿਆਂ ਦੀ ਗੌਮਤੀ ਹੈ, ਜਦੋਂਕਿ ਫ਼ਰਾਰ ਮੁਲਜ਼ਮ ਅੱਜੂ ਅਤੇ ਕਾਲੂ ਹਨ। ਪੁਲਸ ਨੇ ਛੋਟੀ ਚੋਰ ਬੱਚੀ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਹੈ, ਜਦੋਂਕਿ ਮੁਲਜ਼ਮ ਔਰਤ ਗੌਮਤੀ ਦਾ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਹੈ, ਜਦੋਂਕਿ ਫ਼ਰਾਰ ਚੱਲ ਰਹੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰੈੱਸ ਕਾਰਨਫਰੰਸ ’ਚ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਕੁੱਝ ਦਿਨ ਪਹਿਲ ਹੈਬੋਵਾਲ ਦੇ ਮੱਲ੍ਹੀ ਪੈਲੇਸ ’ਚ ਹੋ ਰਹੇ ਵਿਆਹ ਸਮਾਰੋਹ ’ਚੋਂ ਇਕ ਕੈਸ਼ ਬੈਗ ਚੋਰੀ ਹੋ ਗਿਆ ਸੀ।
ਇਸੇ ਹੀ ਤਰ੍ਹਾਂ ਫਿਰੋਜ਼ਪੁਰ ਰੋਡ ਵਿਖੇ ਇਕ ਰੈਸਟੋਰੈਂਟ ’ਚ ਸਮਾਰੋਹ ਦੌਰਾਨ ਕੈਸ਼ ਬੈਗ ਚੋਰੀ ਹੋਇਆ ਸੀ। ਜਦੋਂ ਦੋਵੇਂ ਹੀ ਕੇਸਾਂ ’ਚ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਉਨ੍ਹਾਂ ’ਚ ਬੈਗ ਚੁੱਕਦੀ ਹੋਈ ਇਕ ਛੋਟੀ ਬੱਚੀ ਨਜ਼ਰ ਆਈ, ਜੋ ਕਰੀਬ 9 ਤੋਂ 10 ਸਾਲ ਦੀ ਸੀ, ਜਦੋਂਕਿ ਬਾਕੀ ਫੁਟੇਜ ’ਚ ਉਸ ਨਾਲ ਕੁਝ ਹੋਰ ਲੋਕ ਵੀ ਨਜ਼ਰ ਆਏ। ਇਸ ਤੋਂ ਬਾਅਦ ਪੁਲਸ ਨੇ ਆਪਣੀ ਜਾਂਚ ਅੱਗੇ ਵਧਾਈ ਤਾਂ ਪਤਾ ਲੱਗਾ ਕਿ ਇਸ ਵਿਚ ਇਕ ਔਰਤ ਦੀ ਸ਼ਾਮਲ ਹੈ, ਜੋ ਕੁੜੀ ਦੀ ਭੂਆ ਹੈ ਅਤੇ ਹੋਰ 2 ਵਿਅਕਤੀ ਵੀ ਹਨ। ਇਹ ਸਾਰੇ ਆਪਸ ’ਚ ਰਿਸ਼ਤੇਦਾਰ ਦੱਸੇ ਜਾ ਰਹੇ ਹਨ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਔਰਤ ਅਤੇ ਉਸ ਦੀ ਛੋਟੀ ਭਤੀਜੀ ਨੂੰ ਫੜ੍ਹ ਲਿਆ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਵਾਰਦਾਤ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸਮਾਨ ਆਪਣੇ ਕੋਲ ਰੱਖਣ ਦੀ ਬਜਾਏ ਦੂਜੇ ਸਾਥੀ ਨੂੰ ਦੇ ਦਿੰਦੇ ਹਨ, ਜੋ ਉਨ੍ਹਾਂ ਦਾ ਰਿਸ਼ਤੇਦਾਰ ਹੀ ਹੁੰਦਾ ਹੈ। ਉਨ੍ਹਾਂ ਨੂੰ ਹੋਰ ਸ਼ਹਿਰ ’ਚ ਭੇਜ ਕੇ ਖ਼ੁਦ ਦੂਜੇ ਸ਼ਿਕਾਰ ਦੀ ਭਾਲ ’ਚ ਨਿਕਲ ਜਾਂਦੇ ਸਨ।
ਚੋਰ ਐੱਮ. ਪੀ. ’ਚ ਕੜਿਆਂ ਬਰਾਦਰੀ ਨਾਲ ਸਬੰਧਿਤ, ਚੋਰੀ ਦੀ ਟ੍ਰੇਨਿੰਗ ਦੇ ਕੇ ਭੇਜਿਆ ਜਾਂਦਾ ਹੈ ਪੰਜਾਬ
ਫੜ੍ਹੇ ਗਏ ਮੁਲਜ਼ਮ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਰਾਜਗੜ੍ਹ ਦੇ ਪਿੰਡ ਕੜਿਆਂ ਦੇ ਹਨ। ਪਿੰਡ ਕੜਿਆਂ ਬਰਾਦਰੀ ਦਾ ਹੈ, ਜੋ ਚੋਰੀ ਲਈ ਮਸ਼ਹੂਰ ਪਿੰਡ ਹੈ, ਜਿੱਥੇ ਔਰਤਾਂ ਅਤੇ ਬੱਚਿਆਂ ਨੂੰ ਵੀ ਚੋਰੀ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਵਾਰਦਾਤਾਂ ਕਰਨ ਲਈ ਇਨ੍ਹਾਂ ਨੂੰ ਭੇਜਿਆ ਜਾਂਦਾ ਹੈ। ਵਿਆਹ-ਸ਼ਾਦੀਆਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਮੁਲਜ਼ਮ, ਛੋਟੇ ਚੋਰਾਂ ਨੂੰ ਬਾਕਾਇਦਾ ਚੰਗੇ ਤਰੀਕੇ ਨਾਲ ਤਿਆਰ ਕਰਦੇ ਸਨ।