ਫਿਰ ਵਿਵਾਦਾਂ ''ਚ ਲੁਧਿਆਣਾ ਪੁਲਸ, ਬਲਾਤਕਾਰ ਪੀੜਤਾ ਨੇ ਲਾਏ ਗੰਭੀਰ ਦੋਸ਼

Monday, Feb 25, 2019 - 07:00 PM (IST)

ਫਿਰ ਵਿਵਾਦਾਂ ''ਚ ਲੁਧਿਆਣਾ ਪੁਲਸ, ਬਲਾਤਕਾਰ ਪੀੜਤਾ ਨੇ ਲਾਏ ਗੰਭੀਰ ਦੋਸ਼

ਲੁਧਿਆਣਾ (ਮਹੇਸ਼) : ਲੜਕੀ ਵਲੋਂ ਖੁਦਕੁਸ਼ੀ ਕਰਨ ਦੇ ਯਤਨ ਦੇ ਮਾਮਲੇ 'ਚ ਪੁਲਸ ਦਾ ਅਨੋਖਾ ਪਹਿਲੂ ਸਾਹਮਣੇ ਆਇਆ ਹੈ। ਜਿਸ ਵਿਚ ਪੁਲਸ ਦੀ ਦੋਸ਼ੀਆਂ ਨਾਲ ਕਥਿਤ ਮਿਲੀਭਗਤ ਤੋਂ ਦੁਖੀ ਹੋ ਕੇ ਬਲਾਤਕਾਰ ਦੀ ਪੀੜਤ ਲ਼ੜਕੀ ਨੇ ਨਸ਼ੀਲੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ। ਇਸ ਮਾਮਲੇ ਵਿਚ ਪੁਲਸ ਨੇ ਆਪਣੀ ਖਾਲ ਬਚਾਉਣ ਲਈ ਮਾਮਲਾ ਤਾਂ ਦਰਜ ਕਰ ਲਿਆ ਪਰ ਬਲਾਤਕਾਰ ਦੇ ਦੋਸ਼ੀ ਅਤੇ ਉਸਦੇ ਭਰਾ ਗ੍ਰਿਫਤਾਰ ਨਹੀਂ ਹੋਏ ਸਗੋਂ ਖੁਲੇਆਮ ਘੁੰਮ ਰਹੇ ਹਨ।
ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਪੁਲਸ ਦੋਸ਼ੀਆਂ ਨੂੰ ਸ਼ਹਿ ਦੇ ਰਹੀ ਹੈ ਅਤੇ ਉਨ੍ਹਾਂ 'ਤੇ ਸਮਝੌਤੇ ਦੇ ਦਬਾਅ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ ਦੋਸ਼ੀ ਪੱਖ ਆਪਣੇ ਆਪ ਨੂੰ ਬੇਗੁਨਾਹ ਦੱਸ ਰਿਹਾ ਹੈ ਅਤੇ ਕਿਹਾ ਰਿਹਾ ਹੈ ਕਿ ਜਦ ਉਨ੍ਹਾਂ ਨੇ ਮੰਗਣੀ ਤੋੜੀ ਸੀ ਉਸਦੇ ਪਿਛੇ ਕਾਰਨ ਸੀ। ਉਲਟਾ ਲੜਕੀ ਪੱਖ ਵਲੋਂ ਉਨ੍ਹਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੁਲਜ਼ਮ ਸ਼ਹਿਰ ਦੇ ਇਕ ਉੱਘੇ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਪੀੜਤ ਲੜਕੀ ਜੋ ਕਿ ਹੁਣ ਵੀ ਹਸਪਤਾਲ ਵਿਚ ਜੇਰੇ ਇਲਾਜ ਹੈ ਪਰ ਹੁਣ ਬਿਆਨ ਦੇਣ ਦੀ ਹਾਲਤ ਵਿਚ ਆ ਗਈ ਹੈ। ਉਸਨੇ ਦੱਸਿਆ ਕਿ ਪਹਿਲਾਂ ਤਾਂ ਉਸਦੀ ਸ਼ਿਕਾਇਤ 'ਤੇ ਡੇਢ ਮਹੀਨਾ ਕੋਈ ਕਾਰਵਾਈ ਨਹੀਂ ਹੋਈ ਅਤੇ ਜਦੋਂ ਦੁਖੀ ਹੋ ਕੇ ਉਸਨੇ ਜੀਵਨ ਸਮਾਪਤ ਕਰਨਾ ਚਾਹਿਆ ਤਾਂ ਪੁਲਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਪੁਲਸ ਦਾ ਰਵੱਈਆ ਹੁਣ ਵੀ ਪਹਿਲਾਂ ਵਰਗਾ ਦੋਸ਼ੀਆਂ ਨੂੰ ਸ਼ਹਿ ਦੇਣ ਵਾਲਾ ਹੈ। ਜਿਸ ਕਾਰਨ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਉਨ੍ਹਾਂ ਦੇ ਗੁਨਾਹਗਾਰ ਖੁੱਲ੍ਹੇਆਮ ਘੁੰਮ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਪੀੜਤ ਪੱਖ ਇਨਸਾਫ ਲਈ ਮਹਿਲਾ ਆਯੋਗ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮੁਲਜ਼ਮਾਂ ਦੇ ਨਜ਼ਦੀਕੀ ਧਮਕਾ ਰਹੇ ਹਨ 
ਪੀੜਤ ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਪੱਖ ਦੇ ਨਜ਼ਦੀਕੀ ਉਨ੍ਹਾਂ ਨੂੰ ਸਮਝੌਤੇ ਲਈ ਧਮਕਾ ਰਹੇ ਹਨ। ਪੁਲਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਹੀ ਪ੍ਰੇਸ਼ਾਨ ਕਰ ਰਹੀ ਹੈ। ਉਹ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ 3 ਮਹੀਨਿਆਂ ਤੋਂ ਮਾਨਸਿਕ ਪ੍ਰੇਸ਼ਾਨੀ 'ਚੋਂ ਗੁਜ਼ਰ ਰਿਹਾ ਹੈ ਪਰ ਆਪਣੀ ਬੇਟੀ ਅਤੇ ਉਸਦੀ ਇੱਜ਼ਤ ਲਈ ਉਹ ਬਹੁਤ ਵੱਡੀ ਲੜਾਈ ਲੜ ਰਹੇ ਹਨ। ਜਿਸਦੀ ਉਨ੍ਹਾਂ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਉਨ੍ਹਾਂ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਸ਼ੱਕ ਵੀ ਜ਼ਾਹਿਰ ਕੀਤਾ ਕਿ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਵੀ ਕੀਤਾ ਜਾ ਸਕਦਾ ਹੈ।
ਉਧਰ ਇਸ ਸੰਬੰਧੀ ਜਦੋਂ ਅਸਿਸਟੈਂਟ ਕਮਿਸ਼ਨਰ ਮੁਖਤਿਆਰ ਰਾਏ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੀ ਕੁਝ ਦਿਨ ਪਹਿਲਾਂ ਹੀ ਇਥੇ ਪੋਸਟਿੰਗ ਹੋਈ ਹੈ। ਮਾਮਲੇ ਦੇ ਸਟੇਟਸ ਦੇ ਬਾਰੇ ਹੁਣ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਮੈਂ ਥਾਣਾ ਇੰਚਾਰਜ ਨਾਲ ਸੰਪਰਕ ਕਰਕੇ ਕੇਸ ਦੀ ਡਿਟੇਲ ਮੰਗੀ ਹੈ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।


author

Gurminder Singh

Content Editor

Related News