ਲੁਧਿਆਣਾ ਉੱਤਰੀ ਭਾਰਤ ਦਾ ਉਦਯੋਗਿਕ ਧੁਰਾ ਬਣਨ ਦੀ ਰਾਹ ’ਤੇ : ਗੁਰਕੀਰਤ ਸਿੰਘ

Monday, Oct 25, 2021 - 09:29 PM (IST)

ਚੰਡੀਗੜ੍ਹ(ਰਮਨਜੀਤ)- ਲੁਧਿਆਣਾ ਨੂੰ ਉਤਰੀ ਭਾਰਤ ਦਾ ਉਦਯੋਗਿਕ ਧੁਰਾ ਬਣਾਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਪਿੰਡ ਧਨਾਨਸੂ ਵਿਖੇ 378.77 ਏਕੜ ਰਕਬੇ ’ਚ ਹਾਈਟੈੱਕ ਵੈਲੀ ਵਿਕਸਿਤ ਕੀਤੀ ਜਾ ਰਹੀ ਹੈ। ਇਹ ਵੈਲੀ ਸਰਕਾਰੀ ਸੰਸਥਾ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਵਲੋਂ ਤਿਆਰ ਕੀਤੀ ਜਾ ਰਹੀ ਹੈ।

378.77 ਏਕੜ ਜ਼ਮੀਨ ਦੇ ਪੂਰੇ ਹਿੱਸੇ ਲਈ ਖਾਕਾ ਯੋਜਨਾ, ਚੇਂਜ ਆਫ਼ ਲੈਂਡ ਯੂਜ਼ (ਸੀ.ਐੱਲ.ਯੂ.), ਈ.ਆਈ.ਏ. ਨੋਟੀਫਿਕੇਸ਼ਨ ਅਧੀਨ ਵਾਤਾਵਰਣ ਸਬੰਧੀ ਪ੍ਰਵਾਨਗੀ, ਰੇਰਾ ਆਦਿ ਲਈ ਮਨਜ਼ੂਰੀ ਪਹਿਲਾਂ ਹੀ ਪ੍ਰਾਪਤ ਹੋ ਚੁੱਕੀ ਹੈ। ਇਸ ਪ੍ਰਾਜੈਕਟ ’ਤੇ 365 ਕਰੋੜ ਦੀ ਲਾਗਤ ਆਵੇਗੀ।

ਹੀਰੋ ਸਾਈਕਲਜ਼ ਲਿਮਟਿਡ ਜੋ ਕਿ ਸਾਈਕਲ ਉਦਯੋਗ ’ਚ ਇਕ ਪ੍ਰਮੁੱਖ ਸੰਸਥਾ ਹੈ, ਵਲੋਂ ਹਾਈ ਟੈੱਕ ਵੈਲੀ ਅੰਦਰ 100 ਏਕੜ ਰਕਬੇ ’ਚ ਬਣੇ ਹੀਰੋ ਇੰਡਸਟ੍ਰੀਅਲ ਪਾਰਕ ’ਚ ਅਤਿ ਆਧੁਨਿਕ ਬਾਈਸਾਈਕਲਾਂ ਅਤੇ ਈ-ਬਾਈਕਾਂ ਦੇ ਨਿਰਮਾਣ ਲਈ ਆਪਣੀ ਅਤਿ ਆਧੁਨਿਕ ਇਕਾਈ ਲਗਾਈ ਗਈ ਹੈ। ਇਸ ਯੂਨਿਟ ਦੀਆਂ ਸਹਾਇਕ ਇਕਾਈਆਂ ਵੀ ਹੋਣਗੀਆਂ।

ਇਸੇ ਤਰ੍ਹਾਂ ਅਦਿੱਤਿਆ ਬਿਰਲਾ ਗਰੁੱਪ, ਫਾਰਚੂਨ 500 ਕੰਪਨੀ, ਨੇ ਆਪਣੀ ਪ੍ਰਮੁੱਖ ਕੰਪਨੀ ਗ੍ਰਾਸਿਮ ਇੰਡਸਟਰੀਜ਼ ਲਿਮਟਿਡ ਜ਼ਰੀਏ ਆਪਣੇ ਆਉਣ ਵਾਲੇ ਪੇਂਟ ਕਾਰੋਬਾਰ ਲਈ ਪੰਜਾਬ ਨੂੰ ਇਕ ਨਿਵੇਸ਼ ਸਥਾਨ ਵਜੋਂ ਚੁਣਿਆ ਹੈ। ਗਰੁੱਪ ਨੇ ਆਪਣੇ ਨਵੇਂ ਉੱਦਮ ਲਈ ਹਾਈਟੈੱਕ ਵੈਲੀ ’ਚ 61.38 ਏਕੜ ਉਦਯੋਗਿਕ ਜ਼ਮੀਨ ਖਰੀਦੀ ਹੈ।

ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਉੱਚ ਗੁਣਵੱਤਾ ਅਤੇ ਮਿਆਰੀ ਬਿਜਲੀ ਮੁਹੱਈਆ ਕਰਵਾਉਣ ਲਈ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਟੀ.ਸੀ.ਐੱਲ.) ਵਲੋਂ 30 ਏਕੜ ਜ਼ਮੀਨ ’ਤੇ 400 ਕੇ.ਵੀ. ਦਾ ਬਿਜਲੀ ਗਰਿੱਡ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ, ਜਿਸ ਲਈ ਜ਼ਮੀਨ ਅਲਾਟ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀ.ਐੱਸ.ਟੀ.ਸੀ.ਐੱਲ. ਨੇ ਸਾਈਟ ’ਤੇ ਪਹਿਲਾਂ ਹੀ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਸੁਖਾਲਾ ਸੰਪਰਕ ਪ੍ਰਦਾਨ ਕਰਨ ਲਈ ਹਾਈਟੈੱਕ ਵੈਲੀ ਨੂੰ ਚੰਡੀਗੜ-ਲੁਧਿਆਣਾ ਨੈਸ਼ਨਲ ਹਾਈਵੇਅ ਨਾਲ 100 ਫੁੱਟ ਚੌੜੀ 4-ਲੇਨ ਅਤੇ 8.3 ਕਿਲੋਮੀਟਰ ਲੰਬੀ ਬਾਹਰੀ ਕੰਕਰੀਟ ਸੜਕ ਬਣਾ ਕੇ ਜੋੜਿਆ ਗਿਆ ਹੈ ਅਤੇ ਇਹ 14 ਅਪ੍ਰੈਲ, 2021 ਨੂੰ ਜਨਤਾ ਨੂੰ ਸੌਂਪ ਦਿੱਤੀਆਂ ਗਈਆਂ ਸਨ।

ਗੁਰਕੀਰਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਾਈਟੈੱਕ ਵੈਲੀ ਦਾ ਅੰਦਰੂਨੀ ਵਿਕਾਸ ਭਾਵ 33 ਮੀਟਰ ਅਤੇ 24 ਮੀਟਰ ਚੌੜੀਆਂ ਅੰਦਰੂਨੀ ਕੰਕਰੀਟ ਸੜਕਾਂ ਦਾ ਨਿਰਮਾਣ, ਤੂਫ਼ਾਨੀ ਪਾਣੀ ਦੀ ਨਿਕਾਸੀ ਪ੍ਰਣਾਲੀ, ਸੀਵਰੇਜ ਕੁਲੈਕਸ਼ਨ ਸਿਸਟਮ ਅਤੇ ਐਫਲੂਐਂਟ ਕੁਲੈਕਸ਼ਨ ਸਿਸਟਮ ਦਾ ਕਾਰਜ ਮੁਕੰਮਲ ਕਰ ਲਿਆ ਗਿਆ ਹੈ ਅਤੇ ਹੋਰ ਕੰਮ ਜਾਰੀ ਹਨ। ਹਾਈਟੈੱਕ ਵੈਲੀ ਦਾ ਬੁਨਿਆਦੀ ਅੰਦਰੂਨੀ ਵਿਕਾਸ 28 ਫਰਵਰੀ, 2022 ਤੱਕ ਪੂਰਾ ਹੋ ਜਾਵੇਗਾ।


Bharat Thapa

Content Editor

Related News