ਵਿਧਾਇਕਾਂ ਨੇ CM ਨੂੰ ਸੌਂਪੀ ਰਿਪੋਰਟ, ਨਸ਼ਾ ਜਾਂ ਮਾਫ਼ੀਆ ਨਾਲ ਸਬੰਧਿਤ ਅਧਿਕਾਰੀਆਂ ਤੇ ਨੇਤਾਵਾਂ ''ਤੇ ਹੋਵੇਗੀ ਕਾਰਵਾਈ
Tuesday, Apr 19, 2022 - 03:39 PM (IST)
ਲੁਧਿਆਣਾ (ਹਿਤੇਸ਼) : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਕਰਨ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਦਾ ਆਗਾਜ਼ ਫਤਿਹਗੜ੍ਹ ਲੋਕ ਸਭਾ ਹਲਕੇ ਤੋਂ ਕੀਤਾ ਗਿਆ ਹੈ, ਜਿਸ 'ਚ ਜ਼ਿਆਦਾਤਰ ਵਿਧਾਇਕ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹਨ। ਇਨ੍ਹਾਂ ਤੋਂ ਮੁੱਖ ਮੰਤਰੀ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਕ ਮਹੀਨੇ ਦੇ ਕਾਰਜਕਾਲ ਨੂੰ ਲੈ ਕੇ ਫੀਡਬੈਕ ਹਾਸਲ ਕੀਤਾ ਗਿਆ ਕਿ ਹੁਣ ਤੱਕ ਲਏ ਗਏ ਫ਼ੈਸਲੇ ਬਾਰੇ ਲੋਕਾਂ ਦੀ ਕੀ ਰਾਏ ਹਨ।
ਇਸ ਦੌਰਾਨ ਵਿਧਾਇਕਾਂ ਤਰੁਣਪ੍ਰੀਤ ਅਤੇ ਮਨਮਿੰਦਰ ਗਿਆਸਪੁਰਾ ਨੇ ਕਾਂਗਰਸ ਸਰਕਾਰ ਦੇ ਸਮੇਂ ਖੰਨਾ ਅਤੇ ਪਾਇਲ 'ਚ ਫੜ੍ਹੀ ਗਈ ਗੈਰ ਕਾਨੂੰਨੀ ਸ਼ਰਾਬ ਫੈਕਟਰੀ ਦਾ ਮੁੱਦਾ ਚੁੱਕਿਆ, ਜਿਸ ਦੇ ਲਈ ਕਾਂਗਰਸੀ ਆਗੂਆਂ ਦਾ ਨਾਂ ਸਾਹਮਣੇ ਆ ਚੁੱਕਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਦੇ ਵਿਧਾਇਕਾਂ ਨੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸੁਣਵਾਈ ਨਾ ਕਰਨ ਤੋਂ ਇਲਾਵਾ ਕਾਂਗਰਸ ਸਰਕਾਰ ਦੇ ਸਮੇਂ ਨਸ਼ੇ ਅਤੇ ਰੇਤ ਮਾਫ਼ੀਆ ਦੇ ਮਦਦਗਾਰ ਪੁਲਸ ਵਾਲਿਆਂ ਦੀ ਲਿਸਟ ਬਣਾ ਕੇ ਦਿੱਤੀ ਹੈ ਅਤੇ ਇਹ ਕਹਿ ਕੇ ਸਾਰੇ ਪੁਰਾਣੇ ਮੁਲਾਜ਼ਮਾਂ ਦੀ ਟਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੀ ਮੌਜੂਦਗੀ ਦੇ ਚੱਲਦਿਆਂ ਨਸ਼ੇ ਅਤੇ ਰੇਤ ਮਾਫ਼ੀਆ ਦੀ ਗਤੀਵਿਧੀਆਂ 'ਚ ਕੋਈ ਖ਼ਾਸ ਬਦਲਾਅ ਨਜ਼ਰ ਨਹੀਂ ਆ ਰਿਹਾ ਜਾਂ ਫਿਰ ਕਿਸੇ ਐਕਸ਼ਨ ਦੀ ਸੂਚਨਾ ਉਨ੍ਹਾਂ ਨੂੰ ਪਹਿਲਾਂ ਹੀ ਮਿਲ ਜਾਂਦੀ ਹੈ। ਵਿਧਾਇਕਾਂ ਦਾ ਦਾਅਵਾ ਹੈ ਕਿ ਦਾਗੀ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੇ ਰੂਪ 'ਚ ਇਸ ਮੀਟਿੰਗ ਦਾ ਅਸਰ ਜਲਦ ਦੇਖਣ ਨੂੰ ਮਿਲੇਗਾ।