ਸਫ਼ਾਈ ਮੁਲਾਜ਼ਮ ਨੂੰ ਜਾਨਵਰਾਂ ਵਾਂਗ ਖਿੱਚ ਕੇ ਲੈ ਗਈ ਪੁਲਸ, ਰੌਂਗਟੇ ਖੜ੍ਹੇ ਕਰ ਦੇਵੇਗੀ ਥਰਡ ਡਿਗਰੀ ਤਸ਼ੱਦਦ ਦੀ ਕਹਾਣੀ
Tuesday, Jun 13, 2023 - 12:03 PM (IST)
ਫਿਲੌਰ (ਭਾਖੜੀ) : ਲੁਧਿਆਣਾ ਸੀ. ਆਈ. ਏੇ. ਪੁਲਸ ਦਾ ਕਾਰਨਾਮਾ ਸਾਹਮਣੇ ਆਇਆ ਹੈ। ਹੋਇਆ ਇੰਝ ਕਿ 8.49 ਕਰੋੜ ਰੁਪਏ ਦੀ ਹੋਈ ਡਕੈਤੀ ਮਾਮਲੇ ’ਚ ਪੁਲਸ ਨੇ ਫਿਲੌਰ ਦੇ ਸਫ਼ਾਈ ਮੁਲਾਜ਼ਮ ਨੂੰ ਚੁੱਕ ਲਿਆ ਅਤੇ ਪੂਰੀ ਰਾਤ ਉਸ ’ਤੇ ਥਰਡ ਡਿਗਰੀ ਦਾ ਤਸ਼ੱਦਦ ਕਰਦੇ ਰਹੇ। 3 ਵਾਰ ਮੁੰਡਾ ਇੰਟੈਰੋਗੇਸ਼ਨ ਦੌਰਾਨ ਬੇਹੋਸ਼ ਹੋ ਗਿਆ। ਹੋਸ਼ ’ਚ ਆਉਂਦੇ ਹੀ ਕਰੰਟ ਲਗਾਉਂਦੇ ਰਹੇ। ਪੂਰੀ ਰਾਤ ਥਰਡ ਡਿਗਰੀ ਤਸ਼ੱਦਦ ਕਰਨ ਤੋਂ ਬਾਅਦ ਸਵੇਰੇ ਬੋਲੇ ਕਿ ਇਹ ਤਾਂ ਨਿਰਦੋਸ਼ ਹੈ, ਉਸ ਦੇ ਚਾਚਾ ਨੂੰ ਬੁਲਾ ਕੇ ਉਸ ਦੇ ਹਵਾਲੇ ਕਰ ਦਿੱਤਾ। ਮੁੰਡੇ ਦੀ ਹਾਲਤ ਬੇਹੱਦ ਖ਼ਰਾਬ ਹੈ, ਜੋ ਘਰ ’ਚ ਬਿਸਤਰੇ ’ਤੇ ਪਿਆ ਤੜਫ਼ ਰਿਹਾ ਹੈ। ਪੀੜਤ ਸੰਨੀ ਨੇ ਦੱਸਿਆ ਕਿ ਸ਼ਾਮ 6 ਵਜੇ ਜਦੋਂ ਉਹ ਵਾਪਸ ਫਿਲੌਰ ਆ ਰਿਹਾ ਸੀ ਤਾਂ ਨੈਸ਼ਨਲ ਹਾਈਵੇਅ ’ਤੇ ਪੈਂਦੇ ਮਲਹੋਤਰਾ ਪੈਲੇਸ ਨੇੜੇ ਪਿੱਛੋਂ ਆ ਰਹੀ ਗੱਡੀ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਉਸ ਨੂੰ ਥੱਲੇ ਸੁੱਟ ਦਿੱਤਾ। ਇਸ ਤੋਂ ਪਹਿਲਾਂ ਉਹ ਕੁੱਝ ਸਮਝ ਪਾਉਂਦਾ, ਦੂਜੀ ਗੱਡੀ ਵੀ ਉਸ ਦੇ ਕੋਲ ਆ ਕੇ ਰੁਕ ਗਈ। ਦੋਵੇਂ ਗੱਡੀਆਂ ’ਚੋਂ ਸਿਵਲ ਵਰਦੀ ’ਚ ਪੁਲਸ ਮੁਲਾਜ਼ਮ ਉਤਰੇ ਅਤੇ ਉਸ ਨੂੰ ਹੱਥਕੜੀ ਲਾ ਕੇ ਜਾਨਵਰਾਂ ਵਾਂਗ ਖਿੱਚ ਕੇ ਗੱਡੀ ’ਚ ਸੁੱਟ ਕੇ ਕਚਹਿਰੀ ਨੇੜੇ ਸੀ. ਆਈ. ਏ. ਸਟਾਫ਼ ਲੈ ਆਏ।
ਇਹ ਵੀ ਪੜ੍ਹੋ : ਭਿਆਨਕ ਗਰਮੀ ਦੌਰਾਨ ਇਸ ਇਲਾਕੇ 'ਚ ਪਾਣੀ ਨੂੰ ਲੈ ਕੇ ਮਚੀ ਹਾਹਾਕਾਰ, ਲੋਕ ਹੋ ਰਹੇ ਹਾਲੋਂ-ਬੇਹਾਲ
ਸੰਨੀ ਨੇ ਦੱਸਿਆ ਕਿ ਉਹ ਪੁੱਛਦਾ ਰਿਹਾ ਕਿ ਉਸ ਦੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ। ਕਿਸੇ ਨੇ ਉਸ ਦੀ ਇੱਕ ਨਾ ਸੁਣੀ। ਗੱਡੀ ਤੋਂ ਥੱਲੇ ਉਤਰਦੇ ਹੀ ਬੁਰੀ ਤਰ੍ਹਾਂ ਕੁੱਟਮਾਰ ਸ਼ੁਰੂ ਹੋ ਗਈ। ਉਸ ਦੇ ਸਾਹਮਣੇ ਕੁੱਝ ਫੋਟੋਆਂ ਰੱਖਦੇ ਹੋਏ ਪੁੱਛਿਆ ਕਿ ਉਸ ਦੇ ਸਾਥੀ ਅਤੇ ਸਾਢੇ 8 ਕਰੋੜ ਰੁਪਏ ਉਨ੍ਹਾਂ ਨੇ ਕਿੱਥੇ ਰੱਖੇ ਹਨ। ਜਦੋਂ ਉਸ ਨੇ ਕਿਹਾ ਕਿ ਉਹ ਫਿਲੌਰ ਨਗਰ ਕੌਂਸਲ ’ਚ ਸਫ਼ਾਈ ਮੁਲਾਜ਼ਮ ਹਨ। ਇਹ ਲੋਕ ਨਾ ਤਾਂ ਉਸ ਦੇ ਸਾਥੀ ਹਨ ਅਤੇ ਨਾ ਹੀ ਉਸ ਨੂੰ ਕਿਸੇ ਲੁੱਟ ਸਬੰਧੀ ਕੁੱਝ ਪਤਾ ਹੈ। ਉਹ ਚਾਹੁਣ ਤਾਂ ਇਸ ਸਬੰਧੀ ਫਿਲੌਰ ਤੋਂ ਪਤਾ ਕਰ ਸਕਦੇ ਹਨ। ਸੰਨੀ ਦੇ ਘਰ ਨਾ ਪੁੱਜਣ ’ਤੇ ਉਸ ਦੇ ਪਰਿਵਾਰ ਵਾਲੇ ਪਰੇਸ਼ਾਨ ਹੋ ਗਏ, ਉਹ ਪੂਰੀ ਰਾਤ ਫਿਲੌਰ ਤੋਂ ਲੁਧਿਆਣਾ ਸੜਕਾਂ ’ਤੇ ਉਸ ਨੂੰ ਲੱਭਦੇ ਰਹੇ। ਸੰਨੀ ਨੇ ਦੱਸਿਆ ਕਿ ਸਵੇਰੇ ਇਕ ਅਧਿਕਾਰੀ ਆਇਆ ਅਤੇ ਉਸ ਤੋਂ ਬਾਅਦ ਜਾ ਕੇ ਉਸ ਨੂੰ ਨਿਰਦੋਸ਼ ਹੋਣ ਦਾ ਸਰਟੀਫਿਕੇਟ ਮਿਲਿਆ ਅਤੇਉਸ ਦੇ ਚਾਚੇ ਨੂੰ ਸੱਦ ਕੇ ਉਸ ਦੇ ਸਪੁਰਦ ਕਰ ਦਿੱਤਾ ਅਤੇ ਨਾਲ ਹੀ ਹਦਾਇਤ ਕੀਤੀ ਕਿ ਉਹ ਇਸ ਦਾ ਇਲਾਜ ਕਿਸੇ ਹਸਪਤਾਲ ’ਚ ਨਹੀਂ, ਸਗੋਂ ਘਰ ਡਾਕਟਰ ਬੁਲਾ ਕੇ ਕਰਵਾ ਲੈਣ, ਇਕ-ਦੋ ਦਿਨ ਲੱਗਣਗੇ ਇਹ ਠੀਕ ਹੋ ਜਾਵੇਗਾ।
ਪੁਲਸ ਨੂੰ ਸ਼ੱਕ ਸੀ ਕਿ ਇਹ 8.49 ਕਰੋੜ ਦੀ ਡਕੈਤੀ ਵਿਚ ਸ਼ਾਮਲ ਹੈ ਪਰ ਅਜਿਹਾ ਕੁੱਝ ਨਹੀਂ ਮਿਲਿਆ। ਪਰਿਵਾਰ ਵਾਲਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਲ ਤੋਂ ਮੰਗ ਕੀਤੀ ਹੈ ਕਿ ਅਜਿਹੇ ਪੁਲਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਨਿਰਦੋਸ਼ਾਂ ਨੂੰ ਰਸਤੇ ’ਚੋਂ ਚੁੱਕ ਕੇ ਥਰਡ ਡਿਗਰੀ ਦੀ ਵਰਤੋਂ ਕਰਦੇ ਹਨ, ਨਹੀਂ ਤਾਂ ਉਹ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕ ਲੈ ਕੇ ਜਾਣਗੇ। ਸੰਨੀ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੋ ਗਈ ਕਿ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੇ ਮੁਤਾਬਕ ਉਸ ਦੇ ਸਰੀਰ ’ਤੇ ਕਾਫੀ ਜ਼ਿਆਦਾ ਅੰਦਰੂਨੀ ਹਿੱਸਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਦੂਜੇ ਪਾਸੇ ਜਦੋਂ ਇਸ ਸਬੰਧੀ ਸੀ. ਆਈ. ਏ. ਸਟਾਫ਼ ਦੇ ਮੁਨਸ਼ੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸੰਨੀ ਨੂੰ ਸੀ. ਆਈ. ਏ. ਸਟਾਫ਼ ਵਿਚ ਇਸ ਤਰ੍ਹਾਂ ਲਿਆਉਣ ਦੀ ਘਟਨਾ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨਾਲ ਗੱਲ ਕਰ ਲੈਣ। ਜਦੋਂ ਕੁਲਵੰਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਕੱਲ ਪੂਰਾ ਦਿਨ ਸੀ. ਆਈ. ਏ. ਸਟਾਫ਼ ਗਏ ਹੀ ਨਹੀਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕ ਦਿਓ ਆਪਣੀ ਰਾਏ