2 ਬੱਚਿਆਂ ਸਮੇਤ ਲਗਜ਼ਰੀ ਗੱਡੀ ਲੈ ਕੇ ਫ਼ਰਾਰ ਹੋਏ ਅਗਵਾਕਾਰ, ਲੋਕਾਂ ਨੇ ਪਿੱਛਾ ਕਰਕੇ ਕੀਤਾ ਕਾਬੂ (ਤਸਵੀਰਾਂ)
Saturday, Jul 31, 2021 - 05:25 PM (IST)

ਲੁਧਿਆਣਾ (ਤਰੁਣ) : ਲੁਧਿਆਣਾ ਦੇ ਡਵੀਜ਼ਨ ਨੰਬਰ-3 ਨੇੜੇ ਬਾਬਾ ਥਾਨ ਸਿੰਘ ਚੌਂਕ ਕੋਲ ਗੱਡੀ ਸਮੇਤ 2 ਬੱਚਿਆਂ ਨੂੰ ਅਗਵਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਦੀ ਮਾਂ ਗੁਰਮਿੰਦਰ ਕੌਰ ਵਾਸੀ ਸਾਊਥ ਸਿਟੀ ਨੇ ਪੁਲਸ ਨੂੰ ਦੱਸਿਆ ਕਿ ਦੁਪਹਿਰ ਨੂੰ ਜਦੋਂ ਉਹ ਆਪਣੀ ਲਗਜ਼ਰੀ ਗੱਡੀ 'ਚ ਢਾਈ ਸਾਲਾ ਅਤੇ 8 ਸਾਲਾ ਬੱਚਿਆਂ ਨਾਲ ਬਾਬਾ ਥਾਨ ਸਿੰਘ ਚੌਂਕ 'ਚੋਂ ਲੰਘ ਰਹੇ ਸਨ ਤਾਂ ਰਾਹ 'ਚ ਬੱਚਿਆਂ ਨੇ ਛੋਲੇ-ਭਟੂਰੇ ਖਾਣ ਦੀ ਜ਼ਿੱਦ ਕੀਤੀ।
ਇਸ ਤੋਂ ਬਾਅਦ ਮਾਂ ਗੱਡੀ ਰੋਕ ਕੇ ਛੋਲੇ-ਭਟੂਰੇ ਲੈਣ ਪਹੁੰਚੀ ਤਾਂ ਇੰਨੇ 'ਚ ਪਿੱਛਿਓਂ ਆ ਰਹੇ 2 ਅਗਵਾਕਾਰ ਗੱਡੀ 'ਚ ਬੈਠੇ ਅਤੇ ਬੱਚਿਆਂ ਸਮੇਤ ਨੌਕਰਾਣੀ ਨੂੰ ਵੀ ਅਗਵਾ ਕਰਕੇ ਲੈ ਗਏ। ਮਾਂ ਦੇ ਰੌਲਾ ਪਾਉਣ 'ਤੇ ਆਸ-ਪਾਸ ਮੌਜੂਦ ਲੋਕਾਂ ਨੇ ਗੱਡੀ ਦਾ ਪਿੱਛਾ ਕੀਤਾ ਤਾਂ ਅਗਵਾਕਾਰਾਂ ਨੂੰ ਫੜ੍ਹ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
ਬੱਚਿਆਂ ਦੇ ਪਿਤਾ ਨਿਤਿਸ਼ ਘਈ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਸ ਦਾ 18 ਸਾਲਾ ਭਾਣਜਾ ਕਹਿ ਰਿਹਾ ਸੀ ਕਿ ਉਨ੍ਹਾਂ ਦੇ ਪਿੱਛੇ ਕੋਈ ਲੱਗਾ ਹੋਇਆ ਹੈ ਪਰ ਉਹ ਉਸ ਦੀ ਗੱਲ ਨੂੰ ਨਜ਼ਰ ਅੰਦਾਜ਼ ਕਰਦੇ ਰਹੇ। ਫਿਲਹਾਲ ਪੁਲਸ ਨੇ ਉਨ੍ਹਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।