ਲੁਧਿਆਣਾ ''ਚ ਕੋਰੋਨਾ ਕਾਰਨ 7 ਮਰੀਜ਼ਾਂ ਦੀ ਮੌਤ, 73 ਨਵੇਂ ਮਾਮਲਿਆਂ ਦੀ ਪੁਸ਼ਟੀ
Wednesday, Jul 15, 2020 - 07:44 PM (IST)

ਲੁਧਿਆਣਾ,(ਸਹਿਗਲ) : ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦੇ ਅੱਜ 7 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 73 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 61 ਪਾਜ਼ੇਟਿਵ ਮਰੀਜ਼ ਲੁਧਿਆਣਾ ਦੇ ਰਹਿਣ ਵਾਲੇ ਹਨ ਤੇ ਬਾਕੀ ਦੂਜੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਮਰਨ ਵਾਲੇ ਮਰੀਜ਼ਾਂ 'ਚ 4 ਜ਼ਿਲ੍ਹਾ ਲੁਧਿਆਣਾ, ਜਦਕਿ 3 ਦੂਜੇ ਸ਼ਹਿਰਾਂ ਦੇ ਰਹਿਣ ਵਾਲੇ ਹਨ। ਮ੍ਰਿਤਕਾਂ 'ਚ 68 ਸਾਲਾਂ ਮਰੀਜ਼ ਭਾਰਤ ਨਗਰ ਚੌਂਕ ਨੇੜੇ ਰਹਿਣ ਵਾਲਾ ਸੀ ਅਤੇ ਐਸ. ਪੀ. ਹਸਪਤਾਲ 'ਚ ਦਾਖਲ ਸੀ। ਦੂਜਾ 60 ਸਾਲਾਂ ਮਰੀਜ਼ ਸੁਰਜੀਤ ਕਾਲੋਨੀ ਰਾਹੋਂ ਰੋਡ ਦਾ ਰਹਿਣ ਵਾਲਾ ਸੀ ਤੇ ਤੀਜਾ 60 ਸਾਲਾਂ ਮਰੀਜ਼ ਰੇਲਵੇ ਕਾਲੋਨੀ ਦਾ ਰਹਿਣ ਵਾਲਾ ਸੀ। ਇਨ੍ਹਾਂ ਤੋਂ ਇਲਾਵਾ ਚੌਥਾ ਮਰੀਜ਼ 42 ਸਾਲਾਂ ਬਲ ਸਿੰਘ ਨਗਰ ਬਸਤੀ ਜੋਧੇਵਾਲ ਦੇ ਰਹਿਣ ਵਾਲਾ ਸੀ, ਉਕਤ ਤਿੰਨੇ ਮਰੀਜ਼ ਰਜਿੰਦਰ ਹਸਪਤਾਲ ਪਟਿਆਲਾ 'ਚ ਦਾਖਲ ਸਨ।
ਇਸ ਤੋਂ ਇਲਾਵਾ ਅੰਮ੍ਰਿਤਸਰ ਨਿਵਾਸੀ 65 ਸਾਲਾਂ ਮਰੀਜ਼ ਦਯਾਨੰਦ ਹਸਪਤਾਲ 'ਚ ਦਾਖਲ ਸੀ। 53 ਸਾਲਾਂ ਮਹਿਲਾ ਜੋ ਪਿੱਤੇ ਦੇ ਕੈਂਸਰ ਨਾਲ ਪੀੜਤ ਸੀ, ਨਵਾਂਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਓਸਵਾਲ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਸੀ। ਇਕ 61 ਸਾਲਾਂ ਮਰੀਜ਼ ਸੁਰਾਜ ਗੰਜ ਜਲੰਧਰ ਦਾ ਰਹਿਣ ਵਾਲਾ ਸੀ ਅਤੇ ਸੀ. ਐਮ. ਸੀ. ਹਸਪਤਾਲ 'ਚ ਦਾਖਲ ਸੀ, ਹੁਣ ਤਕ ਮਹਾਨਗਰ 'ਚ 1581 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁਕੇ ਹਨ, ਜਦਕਿ ਇਨ੍ਹਾਂ 'ਚੋਂ 39 ਲੋਕਾਂ ਦੀ ਮੌਤ ਹੋ ਚੁਕੀ ਹੈ।