ਲੁਧਿਆਣਾ ਜ਼ਿਲ੍ਹੇ ’ਚ ਨਹੀਂ ਰੁਕ ਰਿਹੈ ਕੋਰੋਨਾ, 237 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 12 ਦੀ ਮੌਤ

08/19/2020 8:52:21 PM

ਲੁਧਿਆਣਾ, (ਸਹਿਗਲ)- ਬੇਕਾਬੂ ਹੋ ਰਹੇ ਕੋਰੋਨਾ ਵਾਇਰਸ ਕਾਰਨ ਅੱਜ ਸ਼ਹਿਰ ਦੇ ਹਸਪਤਾਲਾਂ ’ਚ 12 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 237 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ’ਚ 199 ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ ਉਹ 38 ਦੂਜੇ ਜ਼ਿਲਿਆਂ ਆਦਿ ਨਾਲ ਸਬੰਧਤ ਹਨ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਹੁਣ ਤੱਕ ਮਹਾਨਗਰ ’ਚ 7288 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂਕਿ ਇਨ੍ਹਾਂ ਵਿਚੋਂ 271 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਪਰੋਕਤ ਤੋਂ ਇਲਾਵਾ ਦੂਜੇ ਸ਼ਹਿਰਾਂ ਤੋਂ ਆ ਕੇ ਸਥਾਨਕ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਵਿਚੋਂ 784 ਪਾਜ਼ੇਟਿਵ ਹੋ ਕੇ ਸਾਹਮਣੇ ਆਏ ਹਨ, ਜਦੋਂਕਿ ਇਨ੍ਹਾਂ ਵਿਚੋਂ 63 ਲੋਕਾਂ ਦੀ ਮੌਤ ਹੋਈ ਹੈ। ਅੱਜ ਸਾਹਮਣੇ ਆਏ ਮਰੀਜ਼ਾਂ ਵਿਚੋਂ 61 ਮਰੀਜ਼ ਦੂਜੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ ਜਦੋਂਕਿ ਹਸਪਤਾਲਾਂ ਦੀ ਓ. ਪੀ. ਡੀ. ਵਿਚ 90 ਮਰੀਜ਼ ਸਾਹਮਣੇ ਆਏ। ਇਨ੍ਹਾਂ ਵਿਚੋਂ 2 ਪੁਲਸ ਵਾਲੇ, 2 ਹੈਲਥ ਕੇਅਰ ਵਰਕਰ ਅਤੇ 1 ਗਰਭਵਤੀ ਔਰਤ ਸ਼ਾਮਲ ਹੈ।

ਸਿਹਤ ਵਿਭਾਗ ਦੇ ਅੰਕੜਿਆਂ ’ਚ 1700 ਮਰੀਜ਼ਾਂ ਤੋਂ ਜ਼ਿਆਦਾ ਦਾ ਫਰਕ

ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਵਿਚ 7288 ਪਾਜ਼ੇਟਿਵ ਮਰੀਜ਼ ਦਰਸਾਏ ਗਏ ਹਨ, ਜਦੋਂਕਿ ਚੰਡੀਗੜ੍ਹ ਤੋਂ ਜਾਰੀ ਬੁਲੇਟਿਨ ਵਿਚ ਮਰੀਜ਼ਾਂ ਦੀ ਗਿਣਤੀ 8012 ਦੱਸੀ ਗਈ ਹੈ। ਅਜਿਹੇ ਵਿਚ ਜ਼ਿਲਾ ਸਿਹਤ ਵਿਭਾਗ ਦੀ ਰਿਪੋਰਟ ਵਿਚ 1700 ਤੋਂ ਜ਼ਿਆਦਾ ਮਰੀਜ਼ਾਂ ਦਾ ਫਰਕ ਪਾਇਆ ਜਾ ਰਿਹਾ ਹੈ ਅਤੇ ਇਹ ਫਰਕ ਕਈ ਦਿਨਾਂ ਤੋਂ ਜਾਰੀ ਹੈ।

ਚੰਡੀਗੜ੍ਹ ਤੋਂ ਜਾਰੀ ਰਿਪੋਰਟ ਮੁਤਬਕ ਜ਼ਿਲੇ ’ਚ 500 ਪਾਜ਼ੇਟਿਵ ਮਰੀਜ਼

ਸਿਹਤ ਡਾਇਰੈਕਟੋਰੇਟ ਵੱਲੋਂ ਜਾਰੀ ਬੁਲੇਟਿਨ ਨੂੰ ਦੇਖੀਏ ਤਾਂ ਅੱਜ ਜ਼ਿਲੇ ’ਚ 500 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਦੋਂਕਿ ਸਿਹਤ ਵਿਭਾਗ ਨੇ 237 ਦੀ ਰਿਪੋਰਟ ਜਾਰੀ ਕੀਤੀ ਹੈ। ਸਿਹਤ ਵਿਭਾਗ ਵੱਲੋਂ ਠੀਕ ਹੋ ਚੁੱਕੇ ਪਾਜ਼ੇਟਿਵ ਮਰੀਜ਼ਾਂ ਦਾ ਕੋਈ ਡਾਟਾ ਤਿਆਰ ਨਹੀਂ ਕੀਤਾ ਗਿਆ ਤਾਂ ਕਿ ਕੱਲ ਜੇਕਰ ਕਿਸੇ ਮਰੀਜ਼ ਨੂੰ ਪਲਾਜ਼ਮਾ ਦੀ ਲੋੜ ਹੋਵੇ ਤਾਂ ਉਸ ਨੂੰ ਇਸ ਤਰ੍ਹਾਂ ਦੋਵਾਂ ਨਾਲ ਸੰਪਰਕ ਕਰਨ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦੁਪਹਿਰ 12 ਵਜੇ ਹੀ ਬਣਾ ਦਿੰਦੇ ਹਨ ਰਿਪੋਰਟ

ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਦੁਪਹਿਰ 12 ਵਜੇ ਦੇ ਆਸ-ਪਾਸ ਹੀ ਬਣਾ ਦਿੱਤੀ ਜਾਂਦੀ ਹੈ, ਜਦੋਂਕਿ ਚੰਡੀਗੜ੍ਹ ਦਾ ਸਿਹਤ ਵਿਭਾਗ ਸ਼ਾਮ 5 ਵਜੇ ਤੱਕ ਡਾਟਾ ਇਕੱਠਾ ਕਰਦਾ ਹੈ। ਇਸ ਲਈ ਸੂਬੇ ਭਰ ਵਿਚ ਜ਼ਿਲਿਆਂ ਦੇ ਅੰਕੜਿਆਂ ’ਚ ਭਾਰੀ ਫਰਕ ਪਾਇਆ ਜਾਦਾ ਹੈ ਅਤੇ ਸਹੀ ਤਸਵੀਰ ਸਾਹਮਣੇ ਨਹੀਂ ਆਉਂਦੀ।

ਅੱਜ ਵੀ 263 ਮਰੀਜ਼ਾਂ ਦਾ ਡਾਟਾ ਗਾਇਬ

ਸਿਹਤ ਡਾਇਰੈਕਟੋਰੇਟ ਚੰਡੀਗੜ੍ਹ ਵੱਲੋਂ ਜਾਰੀ ਬੁਲੇਟਿਨ ’ਚ ਜ਼ਿਲਾ ਲੁਧਿਆਣਾ ਵਿਚ ਮਰੀਜ਼ਾਂ ਦੀ ਗਿਣਤੀ 462 ਦੱਸੀ ਗਈ ਹੈ, ਜਦੋਂਕਿ ਜ਼ਿਲਾ ਸਿਹਤ ਵਿਭਾਗ ਨੇ 199 ਮਰੀਜ਼ ਪਾਜ਼ੇਟਿਵ ਆਉਣ ਦੀ ਗੱਲ ਕਹੀ ਹੈ, ਮਤਲਬ ਜੇਕਰ ਲੋਕਾਂ ਵਿਚ ਚੱਲ ਰਹੀਆਂ ਚਰਚਾਵਾਂ ’ਤੇ ਧਿਆਨ ਦੇਈਏ ਤਾਂ ਸਿਹਤ ਵਿਭਾਗ ਨੇ ਅੱਜ 263 ਮਰੀਜ਼ਾਂ ਦਾ ਡਾਟਾ ਗਾਇਬ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿ ਬੀਮਾਰੀ ਨੂੰ ਘੱਟ ਕਰ ਕੇ ਦਰਸਾਇਆ ਜਾਵੇ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਬੀਮਾਰੀ ਨੂੰ ਲੁਕੋਣ ਨਾਲ ਬੀਮਾਰੀ ਵਧਦੀ ਹੈ।

2572 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 2572 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਭੇਜੇ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ 2551 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ, ਜਿਸ ਦੇ ਨਤੀਜੇ ਕੱਲ ਆਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 92,166 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 81,543 ਵਿਅਕਤੀਆਂ ਦੇ ਟੈਸਟ ਨੈਗੇਟਿਵ ਆਏ ਹਲ।

396 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ’ਚ ਭੇਜਿਆ

ਸਿਹਤ ਵਿਭਾਗ ਵੱਲੋਂ ਅੱਜ 396 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਗਿਆ ਹੈ। ਸਿਹਤ ਅਧਿਕਾਰੀ ਮੁਤਾਬਕ ਮੌਜੂਦਾ ਸਮੇਂ 5180 ਲੋਕ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ।

ਜ਼ਿਲੇ ’ਚ ਐਕਟਿਵ ਕੇਸ 2980, ਦੱਸੇ 2039

ਜ਼ਿਲੇ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ ਵਿਚ ਵੀ ਭਾਰੀ ਗੜਬੜੀਆਂ ਪਾਈਆਂ ਜਾ ਰਹੀਆਂ ਹਨ। ਸਿਹਤ ਡਾਇਰੈਕਟੋਰੇਟ ਵੱਲੋਂ ਜਾਰੀ ਰਿਪੋਰਟ ਮੁਤਾਬਕ ਜ਼ਿਲੇ ਵਿਚ 2980 ਐਕਟਿਵ ਮਰੀਜ਼ ਹਨ, ਜਦੋਂਕਿ ਸਿਹਤ ਵਿਭਾਗ ਵੱਲੋਂ 2039 ਮਰੀਜ਼ਾਂ ਨੂੰ ਐਕਟਿਵ ਦੱਸਿਆ ਗਿਆ ਹੈ। ਇਹੀ ਗਲਤ ਅੰਕੜੇ ਅÎਧਿਕਾਰੀਆਂ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਵੀ ਪੇਸ਼ ਕੀਤੇ ਜਾ ਰਹੇ ਹਨ।


Deepak Kumar

Content Editor

Related News