ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 173 ਨਵੇਂ ਮਾਮਲਿਆਂ ਦੀ ਪੁਸ਼ਟੀ, 12 ਮਰੀਜ਼ਾਂ ਦੀ ਮੌਤ
Monday, Aug 24, 2020 - 08:58 PM (IST)

ਲੁਧਿਆਣਾ, (ਸਹਿਗਲ)- ਕੋਰੋਨਾ ਵਾਇਰਸ ਦੇ ਕਹਿਰ ਕਾਰਨ ਅੱਜ 12 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 173 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ’ਚ 52 ਮਰੀਜ਼ ਜ਼ਿਲੇ ਦੇ ਰਹਿਣ ਵਾਲੇ, ਜਦੋਂ ਕਿ ਬਾਕੀ ਹੋਰਨਾਂ ਜ਼ਿਲਿਆਂ ਨਾਲ ਸਬੰਧਤ ਹਨ। ਜ਼ਿਲੇ ਵਿਚ ਅੱਜ 11 ਵਿਅਕਤੀਆਂ ਦੀ ਵਾਇਰਸ ਕਾਰਨ ਮੌਤ ਹੋ ਗਈ।
ਇਕ ਮਰੀਜ਼ ਫਗਵਾੜਾ ਦਾ ਰਹਿਣ ਵਾਲਾ ਸੀ, ਜੋ ਸਥਾਨਕ ਹਸਪਤਾਲ ਵਿਚ ਦਾਖਲ ਸੀ। ਸਿਹਤ ਵਿਭਾਗ ਮੁਤਾਬਕ ਅੱਜ ਇਨਫਲੂਏਂਜ਼ਾਂ ਦੇ ਲੱਛਣਾਂ ਵਾਲੇ 40 ਮਰੀਜ਼ ਸਾਹਮਣੇ ਆਏ, ਜਦੋਂਕਿ 35 ਪਾਜ਼ੇਟਿਵ ਮਰੀਜ਼ ਦੂਜੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ। ਇਸੇ ਤਰ੍ਹਾਂ ਓ. ਪੀ. ਡੀ. ਵਿਚ 37 ਮਰੀਜ਼ ਸਾਹਮਣੇ ਆਏ। ਇਸ ਵਾਇਕਸ ਕਾਰਨ 9 ਹੈਲਥ ਕੇਅਰ ਵਰਕਰ ਅੱਜ ਪੀੜਤ ਹੋਏ ਹਨ। ਹੁਣ ਤੱਕ ਜ਼ਿਲੇ ਵਿਚ 8831 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 324 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲਿਆਂ ਤੋਂ ਸਥਾਨਕ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ’ਚੋਂ 898 ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਅਸੀਂ ਪੀਕ ਸਮੇਂ ’ਚੋਂ ਗੁਜ਼ਰ ਰਹੇ ਹਾਂ। ਇਸ ਵਿਚ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।
ਮ੍ਰਿਤਕਾਂ ’ਚੋਂ 60 ਸਾਲ ਤੋਂ ਉੱਪਰ 6, ਇਕ 9 ਸਾਲ ਦਾ
ਕੋਰੋਨਾ ਵਾਇਰਸ 60 ਸਾਲ ਤੋਂ ਉੱਪਰ ਵਾਲਿਆਂ ਲਈ ਘਾਤਕ ਸਿੱਧ ਹੋ ਰਿਹਾ ਹੈ, ਜਦੋਂਕਿ 15 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਵੀ ਗੰਭੀਰ ਹਾਲਾਤ ਪੈਦਾ ਕਰ ਰਿਹਾ ਹੈ। ਅੱਜ ਮਰਨ ਵਾਲੇ ਮਰੀਜ਼ਾਂ ਵਿਚੋਂ 6 ਮਰੀਜ਼ 60 ਸਾਲ ਤੋਂ ਉੱਪਰ ਹਨ, ਜਦੋਂਕਿ ਇਕ 9 ਸਾਲ ਦਾ ਲੜਕਾ ਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋਇਆ। ਇਨ੍ਹਾਂ ’ਚੋਂ ਅਜਿਹੇ ਲੋਕ ਜਿਨ੍ਹਾਂ ਨੂੰ ਪਹਿਲਾਂ ਕੋਈ ਬੀਮਾਰੀ ਹੈ, ਦੇ ਲਈ ਵੀ ਵਾਇਰਸ ਗੰਭੀਰ ਹਾਲਾਤ ਪੈਦਾ ਕਰ ਦਿੰਦਾ ਹੈ। ਮਾਹਿਰਾਂ ਮੁਤਾਬਕ ਸ਼ੂਗਰ, ਬਲੱਡ ਪ੍ਰੈਸ਼ਰ, ਸਾਹ ਸਬੰਧੀ ਰੋਗ, ਕਿਡਨੀ ਅਤੇ ਦਿਲ ਦੇ ਰੋਗੀਆਂ ਨੂੰ ਖਾਸ ਤੌਰ ’ਤੇ ਸਾਵਧਾਨੀ ਵਰਤਣ ਦੀ ਲੋੜ ਹੈ।
4207 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਵੱਲੋਂ 4207 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 7289 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਚੱਲ ਰਹੀ ਹੈ।
73 ਫੀਸਦੀ ਮਰੀਜ਼ ਹੋ ਚੁੱਕੇ ਹਨ ਠੀਕ
ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ 73 ਫੀਸਦੀ ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨਿਵਾਸੀਆਂ ਦੀ ਸੁਰੱਖਿਆ ਲਈ 24 ਘੰਟੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ‘ਮਿਸ਼ਨ ਫਤਹਿ’ ਜ਼ਿਲਾ ਲੁਧਿਆਣਾ ਵਿਚ ਕੋਵਿਡ-19 ਰੋਗ ਤੋਂ ਉੱਭਰਨ ਵਾਲੇ ਰੋਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ। ਉਨ੍ਹਾਂ ਅਪੀਲ ਕੀਤੀ ਕਿ ਲੋਕ ਬਿਲਕੁਲ ਵੀ ਨਾ ਘਬਰਾਉਣ। ਮੁੜ ਕਿਸੇ ਤਰ੍ਹਾਂ ਦੇ ਲੱਛਣ ਸਾਹਮਣੇ ਆਉਣ ’ਤੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ ਦੇਰ ਹੋ ਜਾਣ ’ਤੇ ਉਨ੍ਹਾਂ ਦੀ ਸਿਹਤ ਵਿਗੜ ਸਕਦੀ ਹੈ।
106997 ਵਿਅਕਤੀਆਂ ਦੀ ਹੋ ਚੁੱਕੀ ਹੈ ਜਾਂਚ
ਜ਼ਿਲੇ ਵਿਚ ਹੁਣ ਤੱਕ 106997 ਵਿਅਕਤੀਆਂ ਦੀ ਜਾਂਚ ਹੋ ਚੁੱਕੀ ਹੈ। ਇਨ੍ਹਾਂ ਵਿਚ 99,708 ਸੈਂਪਲਾਂ ਦੀ ਰਿਪੋਰਟ ਸਿਹਤ ਵਿਭਾਗ ਨੂੰ ਮਿਲ ਚੁੱਕੀ ਹੈ। 89,979 ਸੈਂਪਲ ਨੈਗੇਟਿਵ ਆਏ ਹਨ ਅਤੇ 7289 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ।
542 ਵਿਅਕਤੀਆਂ ਨੂੰ ਭੇਜਿਆ ਹੋਮ ਆਈਸੋਲੇਸ਼ਨ ਵਿਚ
ਜ਼ਿਲੇ ਵਿਚ ਅੱਜ 542 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ। ਮੌਜੂਦਾ ਵਿਚ 5722 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਸ਼੍ਰੀ ਸ਼ਰਮਾ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਸ਼ਿਖਰ ਦੇ ਦੌਰ ਵਿਚੋਂ ਗੁਜ਼ਰ ਰਹੇ ਹਾਂ। ਹੁਣ ਹੋਰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਜੇਕਰ ਉਹ ਘਰ ਦੇ ਅੰਦਰ ਰਹਿੰਦੇ ਹਨ ਤਾਂ ਉਹ ਨਾ ਸਿਰਫ ਖੁਦ ਸੁਰੱਖਿਅਤ ਰਹਿਣਗੇ, ਸਗੋਂ ਸਾਰਿਆਂ ਦੀ ਸੁਰੱਖਿਆ ਵਿਚ ਵੀ ਯੋਗਦਾਨ ਪਾਉਣਗੇ।
ਮ੍ਰਿਤਕ ਮਰੀਜ਼ਾਂ ਦਾ ਵੇਰਵਾ
ਕੁਲਦੀਪ (9) ਫੋਕਲ ਪੁਆਇੰਟ ਜੀ. ਐੱਨ. ਸੀ.
ਅਤਰ ਪਾਲ (40) ਜੱਸੋਵਾਲ ਸਿਵਲ ਹਸਪਤਾਲ
ਲਾਲਮਤੀ ਦੇਵੀ (42) ਫੋਕਲ ਪੁਆਇੰਟ ਰਜਿੰਦਰਾ ਹਸਪਤਾਲ ਪਟਿਆਲਾ
ਰਮੇਸ਼ ਚੰਦਰ (58) ਸਾਊਥ ਸਿਟੀ ਡੀ. ਐੱਮ. ਸੀ.
ਚਮਨ ਲਾਲ ਨਾਰੰਗ (76) ਗ੍ਰੀਨ ਪਾਰਕ ਡੀ. ਐੱਮ. ਸੀ.
ਹਰਪਾਲ (22) ਸੈਂਟ੍ਰਲ ਜੇਲ ਰਜਿੰਦਰਾ ਹਸਪਤਾਲ ਪਟਿਆਲਾ
ਤਜਿੰਦਰ ਸਿੰਘ (43) ਨਿਊ ਜਨਤਾ ਨਗਰ ਰਜਿੰਦਰਾ ਹਸਪਤਾਲ ਪਟਿਆਲਾ
ਰਣਜੀਤ ਸਿੰਘ (64) ਸ਼ਾਸਤਰੀ ਨਗਰ ਡੀ. ਐੱਮ. ਸੀ.
ਸ਼ਾਮ ਸੁੰਦਰ (72) ਡੇਹਲੋਂ ਪ੍ਰੋਲਾਈਫ
ਸਤੀਸ਼ ਕੁਮਾਰ (70) ਬਾਗ ਵਾਲੀ ਗਲੀ ਕ੍ਰਿਸ਼ਨਾ ਚੈਰੀਟੇਬਲ
ਰਮੇਸ਼ ਜੈਨ (74) ਮਾਧੋਪੁਰੀ ਕ੍ਰਿਸ਼ਨਾ ਚੈਰੀਟੇਬਲ
ਤਿਲਕ ਰਾਜ ਮਲਹੋਤਰਾ (75) ਫਗਵਾੜਾ ਡੀ. ਐੱਮ. ਸੀ.