ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 161 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 10 ਮਰੀਜ਼ਾਂ ਦੀ ਮੌਤ
Tuesday, Jul 28, 2020 - 06:45 PM (IST)
ਲੁਧਿਆਣਾ,(ਸਹਿਗਲ) : ਜ਼ਿਲੇ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ ਸਭ ਤੋਂ ਜ਼ਿਆਦਾ 161 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਇਨ੍ਹਾਂ 'ਚੋਂ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। 161 ਮਰੀਜ਼ਾਂ 'ਚੋਂ 146 ਲੁਧਿਆਣਾ ਦੇ ਰਹਿਣ ਵਾਲੇ ਹਨ, ਜਦਕਿ 15 ਮਰੀਜ਼ ਹੋਰ ਜ਼ਿਲਿਆਂ ਨਾਲ ਸਬੰਧਤ ਹਨ।
ਜਿਨ੍ਹਾਂ 10 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ। ਉਨ੍ਹਾਂ 'ਚੋਂ ਇਕ ਮਰੀਜ਼ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਬਾਕੀ 9 ਲੁਧਿਆਣਾ ਦੇ ਰਹਿਣ ਵਾਲੇ ਸਨ। ਮ੍ਰਿਤਕ ਮਰੀਜ਼ਾਂ ਵਿਚ 75 ਸਾਲਾ ਮਰੀਜ਼ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਦਯਾਨੰਦ ਹਸਪਤਾਲ 'ਚ ਦਾਖਲ ਸੀ, 60 ਸਾਲਾ ਮਰੀਜ਼ ਛਾਉਣੀ ਮੁਹੱਲਾ ਦਾ ਰਹਿਣ ਵਾਲਾ ਸੀ ਅਤੇ ਡੀ. ਐੱਮ. ਸੀ. ਵਿਚ ਭਰਤੀ ਸੀ। ਤੀਜਾ ਮਰੀਜ਼ 67 ਸਾਲਾ ਜਨਤਾ ਨਗਰ ਦਾ ਰਹਿਣ ਵਾਲਾ ਸੀ ਅਤੇ ਫੋਰਟਿਸ ਹਸਪਤਾਲ 'ਚ ਦਾਖਲ ਸੀ। ਚੌਥਾ ਮਰੀਜ਼ 18 ਸਾਲਾ ਲੜਕੀ ਐੱਸ. ਪੀ. ਐੱਸ. ਹਸਪਤਾਲ 'ਚ ਭਰਤੀ ਸੀ। 5ਵਾਂ ਮਰੀਜ਼ 75 ਸਾਲਾ ਪੁਰਸ਼ ਸ਼ਿਮਲਾਪੁਰੀ ਦਾ ਰਹਿਣ ਵਾਲਾ ਸੀ , ਜੋ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਭਰਤੀ ਸੀ। 6ਵਾਂ ਮਰੀਜ਼ 61 ਸਾਲਾ ਪੁਰਸ਼ ਸਲੇਮ ਟਾਬਰੀ ਦਾ ਰਹਿਣ ਵਾਲਾ ਅਤੇ ਮੋਹਨਦੇਈ ਹਸਪਤਾਲ ਵਿਚ ਦਾਖਲ ਸੀ। 7ਵਾਂ ਮਰੀਜ਼ 51 ਸਾਲਾ ਮਹਿਲਾ ਜਨਤਾ ਨਗਰ ਦੀ ਰਹਿਣ ਵਾਲੀ ਸੀ, ਇਸ ਦੀ ਐੱਸ. ਪੀ. ਐੱਸ. ਹਸਪਤਾਲ ਵਿਚ ਮੌਤ ਹੋ ਗਈ। 8ਵਾਂ ਮਰੀਜ਼ 74 ਸਾਲਾ ਦਯਾਨੰਦ ਹਸਪਤਾਲ ਭਰਤੀ ਸੀ, ਇਸ ਦੀ ਅੱਜ ਸ਼ਾਮ 4.00 ਮੌਤ ਹੋ ਗਈ। 9ਵਾ ਮਰੀਜ਼ 62 ਸਾਲਾ ਪੁਰਸ਼ ਪੁਰਾਣੀ ਮਾਧੋਪੁਰੀ ਦਾ ਰਹਿਣ ਵਾਲਾ ਸੀ ਅਤੇ ਸਿਵਲ ਹਸਪਤਾਲ ਵਿਚ ਭਰਤੀ ਸੀ। 10ਵਾਂ ਮਰੀਜ਼ 62 ਸਾਲਾ ਪੁਰਸ਼ ਬਸਤੀ ਜੋਧੇਵਾਲ ਦਾ ਰਹਿਣ ਵਾਲਾ ਸੀ, ਜਿਸ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਤੋਂ ਨਿੱਜੀ ਹਸਪਤਾਲ 'ਚ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਹੁਣ ਤੱਕ ਕੁੱਲ 59370 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 58690 ਸੈਂਪਲਾਂ ਦੀ ਰਿਪੋਰਟ ਮਿਲੀ ਹੈ। ਇਨ੍ਹਾਂ ਵਿਚੋਂ 55447 ਸੈਂਪਲ ਨੈਗੇਟਿਵ ਆਏ ਹਨ। ਸਿਵਲ ਸਰਜਨ ਨੇ ਦੱਸਿਆ ਕਿ 680 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ, ਜਿਨਾਂ ਦੇ ਨਤੀਜੇ ਜਲਦ ਮਿਲ ਜਾਣ ਦੀ ਸੰਭਾਵਨਾ ਹੈ।
ਮਰੀਜ਼ਾਂ ਦਾ ਬਿਊਰਾ
-ਲੁਧਿਆਣਾ ਨਾਲ ਸਬੰਧਤ ਕੋਰੋਨਾ ਰੋਗੀਆਂ ਦੀ ਕੁੱਲ ਗਿਣਤੀ 2833 ਹੈ, ਜਦਕਿ 410 ਮਰੀਜ਼ ਹੋਰ ਜ਼ਿਲਿਆਂ ਅਤੇ ਸੂਬਿਆਂ ਦੇ ਹਨ।
-ਲੁਧਿਆਣਾ ਦੇ ਰਹਿਣ ਵਾਲੇ 74 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 38 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ। ਜਿਨ੍ਹਾਂ ਦੀ ਇਲਾਜ ਦੌਰਾਨ ਇਥੇ ਮੌਤ ਹੋ ਗਈ।
391 ਲੋਕਾਂ ਨੂੰ ਕੀਤਾ ਹੋਮ ਕੁਆਰੰਟਾਈਨ
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ 'ਚ ਅੱਜ 391 ਲੋਕਾਂ ਨੂੰ ਕੋਰੋਨਾ ਵਾਇਰਸ ਦਾ ਸ਼ੱਕੀ ਮੰਨਦੇ ਹੋਏ ਹੋਮ ਕੁਆਰੰਟਾਈਨ ਕੀਤਾ ਹੈ। ਹੁਣ ਤੱਕ 20727 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਜਾ ਚੁੱਕਾ ਹੈ, ਜਦਕਿ ਵਰਤਮਾਨ ਵਿਚ 3866 ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।
680 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਵਲ ਸਰਜਨ ਨੇ ਦੱਸਿਆ ਕਿ ਅੱਜ 680 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਆਉਣ ਦੀ ਉਮੀਦ ਹੈ।