GST ਇਕੱਠਾ ਕਰਨ ’ਚ ਲੁਧਿਆਣਾ ਡਵੀਜ਼ਨ ਅਤੇ ਵਾਧਾ ਦਰ ’ਚ ਫ਼ਰੀਦਕੋਟ ਡਵੀਜ਼ਨ ਮੋਹਰੀ

Saturday, Aug 13, 2022 - 05:39 PM (IST)

GST ਇਕੱਠਾ ਕਰਨ ’ਚ ਲੁਧਿਆਣਾ ਡਵੀਜ਼ਨ ਅਤੇ ਵਾਧਾ ਦਰ ’ਚ ਫ਼ਰੀਦਕੋਟ ਡਵੀਜ਼ਨ ਮੋਹਰੀ

ਚੰਡੀਗੜ੍ਹ (ਬਿਊਰੋ) : ਵਿੱਤੀ ਵਰ੍ਹੇ 2021-22 ਦੇ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਸੂਬੇ ਦੀ ਜੀ. ਐੱਸ. ਟੀ. ਇਕੱਠਾ ਕਰਨ ’ਚ 1714.35 ਕਰੋੜ ਰੁਪਏ ਦੀ ਕੁਲੈਕਸ਼ਨ ਨਾਲ ਲੁਧਿਆਣਾ ਅਤੇ 34 ਫੀਸਦੀ ਵਾਧਾ ਦਰ ਨਾਲ ਫਰੀਦਕੋਟ ਡਵੀਜ਼ਨ ਪੰਜਾਬ ਭਰ ’ਚੋਂ ਮੋਹਰੀ ਰਹੇ। ਅੱਜ ਇਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸੇ ਸਮੇਂ ਦੌਰਾਨ ਜੀ. ਐੱਸ. ਟੀ. ਇਕੱਠਾ ਕਰਨ ’ਚ 981 ਕਰੋੜ ਰੁਪਏ ਦੀ ਕੁਲੈਕਸ਼ਨ ਨਾਲ ਰੋਪੜ ਡਵੀਜ਼ਨ ਅਤੇ 27 ਫੀਸਦੀ ਵਾਧਾ ਦਰ ਨਾਲ ਫਿਰੋਜ਼ਪੁਰ ਡਵੀਜ਼ਨ ਸੂਬਾ ਭਰ ’ਚ ਦੂਸਰੇ ਸਥਾਨ ’ਤੇ ਰਹੇ। ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਵੱਖ-ਵੱਖ ਡਵੀਜ਼ਨਾਂ ’ਚ ਜੀ. ਐੱਸ. ਟੀ. ਕੁਲੈਕਸ਼ਨ ਦੀ ਦਰਜ ਕੀਤੀ ਗਈ ਵਾਧਾ ਦਰ ਬਾਰੇ ਅੰਕੜੇ ਸਾਂਝੇ ਕਰਦਿਆਂ ਬੁਲਾਰੇ ਨੇ ਕਿਹਾ ਕਿ ਬੀਤੇ ਵਿੱਤੀ ਵਰ੍ਹੇ ਦੇ ਮੁਕਾਬਲੇ ਇਸੇ ਸਮੇਂ ਦੌਰਾਨ ਫਰੀਦਕੋਟ ਡਵੀਜ਼ਨ ਨੇ 34 ਫੀਸਦੀ, ਫਿਰੋਜ਼ਪੁਰ ਡਵੀਜ਼ਨ ਨੇ 27 ਫੀਸਦੀ, ਜਲੰਧਰ ਡਵੀਜ਼ਨ ਨੇ 22 ਫੀਸਦੀ, ਅੰਮ੍ਰਿਤਸਰ ਡਵੀਜ਼ਨ ਨੇ 21 ਫੀਸਦੀ, ਲੁਧਿਆਣਾ ਡਵੀਜ਼ਨ ਨੇ 20 ਫੀਸਦੀ, ਪਟਿਆਲਾ ਡਵੀਜ਼ਨ ਨੇ 14 ਫੀਸਦੀ ਅਤੇ ਰੋਪੜ ਡਵੀਜ਼ਨ ਨੇ ਮਨਫੀ 1 ਫੀਸਦੀ ਵਾਧਾ ਦਰ ਦਰਜ ਕੀਤੀ।

ਇਹ ਖ਼ਬਰ ਵੀ ਪੜ੍ਹੋ : ਫਗਵਾੜਾ ਪੁੱਜੇ ਬਲਬੀਰ ਰਾਜੇਵਾਲ ਦੀ ਸਰਕਾਰ ਨੂੰ ਚਿਤਾਵਨੀ, ‘ਸੰਘਰਸ਼ ’ਚ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ’

PunjabKesari

ਇਕੱਤੀ ਕੀਤੀ ਗਈ ਕੁਲ ਜੀ.ਐੱਸ.ਟੀ. ਰਾਸ਼ੀ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਲੁਧਿਆਣਾ ਨੇ ਸਭ ਤੋਂ ਵੱਧ 1714.35 ਕਰੋੜ ਰੁਪਏ, ਰੋਪੜ ਨੇ 981 ਕਰੋੜ ਰੁਪਏ, ਜਲੰਧਰ ਨੇ 680.84 ਕਰੋੜ ਰੁਪਏ, ਫ਼ਰੀਦਕੋਟ ਡਵੀਜ਼ਨ ਨੇ 472.56 ਕਰੋੜ ਰੁਪਏ, ਅੰਮ੍ਰਿਤਸਰ ਨੇ 449.69 ਕਰੋੜ ਰੁਪਏ, ਪਟਿਆਲਾ ਨੇ 348.26 ਕਰੋੜ ਰੁਪਏ ਅਤੇ ਫਿਰੋਜ਼ਪੁਰ ਡਵੀਜ਼ਨ ਨੇ 203.31 ਕਰੋੜ ਰੁਪਏ ਦਾ ਜੀ. ਐੱਸ. ਟੀ. ਇਕੱਤਰ ਕੀਤਾ.। ਬੁਲਾਰੇ ਨੇ ਦੱਸਿਆ ਕਿ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕਰ ਵਿਭਾਗ ਦੀ ਕੁਝ ਦਿਨ ਪਹਿਲਾਂ ਹੋਈ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਵੱਖ-ਵੱਖ ਡਵੀਜ਼ਨਾਂ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕਰਦਿਆਂ ਇਸ ਨੂੰ ਹੋਰ ਬਿਹਤਰ ਬਣਾਉਣ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਮਿਲਣ ਵਾਲਾ ਜੀ. ਐੱਸ. ਟੀ. ਮੁਆਵਜ਼ਾ ਸਮਾਪਤ ਹੋਣ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਵਿੱਤੀ ਪੱਖੋਂ ਸਵੈ-ਨਿਰਭਰ ਬਣਾਉਣ ਲਈ ਵਚਨਬੱਧ ਹੈ।


author

Manoj

Content Editor

Related News