ਲੁਧਿਆਣਾ ਜ਼ਿਲ੍ਹੇ 'ਚ 300 ਤੋਂ ਵੱਧ ਕੇਂਦਰਾਂ 'ਤੇ ਹੋਵੇਗੀ ਝੋਨੇ ਦੀ ਖਰੀਦ, ਦੇਖੋ ਪੂਰੀ ਡਿਟੇਲ
Saturday, Sep 26, 2020 - 11:05 PM (IST)
ਲੁਧਿਆਣਾ, (ਖੁਰਾਣਾ)- ਬਹਾਦਰਕੇ ਰੋਡ ਸਥਿਤ ਅਨਾਜ ਮੰਡੀ ’ਚ ਅੱਜ ਚੇਅਰਮੈਨ ਮਾਰਕੀਟ ਕਮੇਟੀ ਦਰਸ਼ਨ ਲਾਲ ਬਵੇਜਾ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਮੌਕੇ ਦੌਰਾ ਕਰ ਕੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਜ਼ਮੀਨੀ ਸਮੱਸਿਆਵਾਂ ਜਾਣਦੇ ਹੋਏ ਉਨ੍ਹਾਂ ਦੇ ਹੱਲ ਦਾ ਭਰੋਸਾ ਦਿਵਾਇਆ। ਚੇਅਰਮੈਨ ਬਵੇਜਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਰ ਕਿਸਾਨਾਂ ਨੂੰ ਹਰ ਮੁੱਢਲੀ ਸਹੂਲਤ ਨਾਲ ਉਪਲਬਧ ਕਰਵਾਉਣ ਲਈ ਵਚਨਬੱਧ ਹੈ।
ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਲਾਲ ਸਿੰਘ ਵੱਲੋਂ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸੂਬੇ ਦੀ ਹਰ ਅਨਾਜ ਮੰਡੀ ਅਤੇ ਖਰੀਦ ਕੇਂਦਰ ’ਤੇ ਕਿਸਾਨ ਭਾਈਚਾਰੇ ਨੂੰ ਪੀਣ ਲਈ ਸਾਫ ਪਾਣੀ, ਸ਼ੌਚਾਲਿਆ, ਬੈਠਣ ਲਈ ਜਗ੍ਹਾ ਅਤੇ ਸਾਫ-ਸੁਥਰਾ ਮਾਹੌਲ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ’ਚ ਉਨ੍ਹਾਂ ਦੀ ਟੀਮ ਵੱਲੋਂ ਪੇਂਡੂ ਇਲਾਕਿਆਂ ਸਮੇਤ ਮਾਰਕੀਟ ਕਮੇਟੀ ਤਹਿਤ ਆਉਂਦੀਆਂ ਖੇਤਰੀ ਅਨਾਜ ਮੰਡੀਆਂ ਦਾ ਦੌਰਾ ਕੀਤਾ ਜਾਵੇਗਾ ਅਤੇ ਫਸਲ ਦੀ ਖਰੀਦ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇਗਾ।
395 ਖਰੀਦ ਕੇਂਦਰ ਸਥਾਪਤ
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਸੁਰੱਖਿਆ ਨਿਯਮ ਨੂੰ ਧਿਆਨ ’ਚ ਰੱਖਦੇ ਹੋਏ ਜ਼ਿਲੇ ’ਚ ਕੁੱਲ 395 ਖਰੀਦ ਕੇਂਦਰ ਸਥਾਪਤ ਕੀਤੇ ਹਨ, ਜਿੱਥੇ ਕਿਸਾਨਾਂ ਦੀਆਂ ਫਸਲਾਂ ਖਰੀਦਣ ਦਾ ਕੰਮ ਪੂਰੀ ਸਾਵਧਾਨੀ ਨਾਲ ਕੀਤਾ ਜਾਵੇਗਾ ਤਾਂ ਕਿ ਕੋਵਿਡ-19 ਵਰਗੀ ਨਾਮੁਰਾਦ ਬੀਮਾਰੀ ਕਿਸੇ ਨੂੰ ਆਪਣੀ ਗ੍ਰਿਫਤ ਵਿਚ ਨਾ ਲੈ ਸਕੇ।
ਝੋਨੇ ਦੀ ਖਰੀਦ ਲਈ ਨਮੀ ਦੀ ਮਾਤਰਾ 17 ਫੀਸਦੀ ਰੱਖੀ ਗਈ-
ਸਰਕਾਰ ਵੱਲੋਂ ਝੋਨੇ ਦਾ ਸਮਰਥਨ ਮੁੱਲ 1888 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 53 ਰੁ. ਜ਼ਿਆਦਾ ਹੈ। ਝੋਨੇ ਦੀ ਖਰੀਦ ਲਈ ਸਰਕਾਰ ਵੱਲੋਂ ਫਸਲ ਵਿਚ ਨਮੀ ਦੀ ਮਾਤਰਾ 17 ਫੀਸਦੀ ਰੱਖੀ ਗਈ ਹੈ। ਇਸ ਲਈ ਕਿਸਾਨ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਮੰਡੀਆਂ ਅਤੇ ਖਰੀਦ ਕੇਂਦਰਾਂ ’ਚ ਸੁੱਕੀ ਫਸਲ ਹੀ ਲਿਆਉਣ ਤਾਂ ਕਿ ਉਨ੍ਹਾਂ ਦੀ ਫਸਲ ਸਰਕਾਰ ਵੱਲੋਂ ਹੱਥੋ-ਹੱਥ ਖਰੀਦ ਲਈ ਜਾਵੇ। ਕੁੱਲ 395 ਖਰੀਦ ਕੇਂਦਰਾਂ ’ਚ 107 ਪੱਕੀਆਂ ਅਨਾਜ ਮੰਡੀਆਂ, 76 ਸਬ-ਯਾਰਡ, ਗਰਾਊਂਡ ਸਟੇਡੀਅਮ, 212 ਸ਼ੈਲਰਾਂ ਨੂੰ ਖਰੀਦ ਕੇਂਦਰ ਬਣਾਇਆ ਗਿਆ ਹੈ।