ਲੁਧਿਆਣਾ-ਦਿੱਲੀ ਹਾਈਵੇਅ ’ਤੇ ਸਾਰਾ ਦਿਨ ਲੱਗਾ ਜਾਮ, ਯਾਤਰੀ ਪ੍ਰੇਸ਼ਾਨ

Thursday, Mar 20, 2025 - 11:31 PM (IST)

ਲੁਧਿਆਣਾ-ਦਿੱਲੀ ਹਾਈਵੇਅ ’ਤੇ ਸਾਰਾ ਦਿਨ ਲੱਗਾ ਜਾਮ, ਯਾਤਰੀ ਪ੍ਰੇਸ਼ਾਨ

ਦੋਰਾਹਾ (ਵਿਨਾਇਕ) - ਲੁਧਿਆਣਾ-ਦਿੱਲੀ ਮੁੱਖ ਮਾਰਗ ’ਤੇ ਅੱਜ ਸਾਰਾ ਦਿਨ ਲੰਬਾ ਜਾਮ ਲੱਗਾ ਰਿਹਾ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਰਾਹਾ ਨੇੜੇ ਲੱਗੇ ਇਸ ਜਾਮ ਕਾਰਨ ਸੈਂਕੜੇ ਵਾਹਨ ਫਸੇ ਰਹੇ ਅਤੇ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਮਹਿਜ਼ 1 ਕਿ. ਮੀ. ਦਾ ਸਫ਼ਰ ਤੈਅ ਕਰਨ ਵਿਚ ਘੰਟਿਆਂ ਦਾ ਸਮਾਂ ਲੱਗ ਰਿਹਾ ਸੀ।

ਹਾਈਵੇਅ ’ਤੇ ਵਾਹਨ ਹੌਲੀ-ਹੌਲੀ ਲੰਘਦੇ ਦੇਖੇ ਗਏ, ਜਿਸ ਨਾਲ ਯਾਤਰੀਆਂ ਦੀਆਂ ਮੁਸ਼ਕਲਾਂ ਵਧ ਗਈਆਂ। ਜਾਣਕਾਰੀ ਅਨੁਸਾਰ ਇਹ ਜਾਮ ਕੌਮੀ ਮਾਰਗ ’ਤੇ ਫਲਾਈਓਵਰ ਦੀ ਉਸਾਰੀ ਦੇ ਕੰਮ ਕਾਰਨ ਲੱਗਾ ਸੀ। ਇਸ ਦੇ ਨਾਲ ਹੀ ਕਈ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੇ ਡਰਾਈਵਰ ਵੀ ਆਪਣੇ ਵਾਹਨ ਗਲਤ ਸਾਈਡ ਤੋਂ ਅੱਗੇ ਲੰਘਾਉਂਦੇ ਦੇਖੇ ਗਏ, ਜਿਸ ਕਾਰਨ ਸਥਿਤੀ ਹੋਰ ਵਿਗੜ ਗਈ।

ਜ਼ਿਕਰਯੋਗ ਹੈ ਕਿ ਦੋਰਾਹਾ ਫਲਾਈਓਵਰ ਦਾ ਬੁਨਿਆਦੀ ਢਾਂਚਾ ਖਰਾਬ ਹੋ ਗਿਆ ਸੀ ਅਤੇ ਇਸ ਦੀ ਮੁਰੰਮਤ ਦੀ ਮੰਗ ਲੰਬੇ ਸਮੇਂ ਤੋਂ ਉੱਠ ਰਹੀ ਸੀ। ‘ਜਗ ਬਾਣੀ’ ਨੇ ਪ੍ਰਮੁੱਖਤਾ ਨਾਲ ਇਹ ਮੁੱਦਾ ਉਠਾਇਆ ਸੀ ਕਿ ਜਲੰਧਰ-ਪਾਣੀਪਤ ਟੋਲ ਰੋਡ ’ਤੇ ਸਥਿਤ ਦੋਰਾਹਾ ਫਲਾਈਓਵਰ ਦੀ ਹਾਲਤ ਬਹੁਤ ਮਾੜੀ ਹੈ ਅਤੇ ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਅਤੇ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ’ਤੇ ਭਾਰੀ ਟੋਲ ਟੈਕਸ ਵਸੂਲਿਆ ਜਾਂਦਾ ਰਿਹਾ ਪਰ ਮੁਰੰਮਤ ਦੇ ਕੰਮ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਪਿਛਲੇ ਕੁਝ ਮਹੀਨਿਆਂ ਤੋਂ ਫਲਾਈਓਵਰ ਦੀ ਮਾੜੀ ਹਾਲਤ ਕਾਰਨ ਆਵਾਜਾਈ ਵਿਚ ਭਾਰੀ ਵਿਘਨ ਪੈ ਰਿਹਾ ਸੀ। ਡੂੰਘੇ ਟੋਇਆਂ ਕਾਰਨ ਨਿੱਤ ਦਿਨ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ ਅਤੇ ਮੋਗਾ ਆਦਿ ਸ਼ਹਿਰਾਂ ਲਈ ਰੋਜ਼ਾਨਾ ਬੱਸਾਂ ਅਤੇ ਛੋਟੇ-ਵੱਡੇ ਵਾਹਨ ਇਸ ਰਸਤੇ ਤੋਂ ਲੰਘਦੇ ਹਨ।

ਫਲਾਈਓਵਰ ਦੀ ਮਾੜੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਇਲਾਕੇ ਦੇ ਲੋਕਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨ. ਐੱਚ. ਏ. ਆਈ.) ਤੋਂ ਇਸ ਦੀ ਤੁਰੰਤ ਮੁਰੰਮਤ ਦੀ ਮੰਗ ਕੀਤੀ ਸੀ। ਸ਼ਾਮ ਸਮੇਂ ਹਾਈਵੇਅ ’ਤੇ ਟ੍ਰੈਫਿਕ ਜਾਮ ਹੋਰ ਵਿਗੜ ਗਿਆ। ਕਈ ਵਾਹਨ ਚਾਲਕ ਘੰਟਿਆਂ ਤਕ ਟ੍ਰੈਫਿਕ ਜਾਮ ਵਿਚ ਫਸੇ ਰਹੇ ਅਤੇ ਨਿਰਾਸ਼ਾ ਦੇ ਆਲਮ ਵਿਚ ਇਕ-ਦੂਜੇ ਨਾਲ ਝਗੜਾ ਕਰਦੇ ਦੇਖੇ ਗਏ। ਟ੍ਰੈਫਿਕ ਪੁਲਸ ਨੇ ਸਥਿਤੀ ’ਤੇ ਕਾਬੂ ਪਾਉਣਾ ਜਾਰੀ ਰੱਖਿਆ।


author

Inder Prajapati

Content Editor

Related News