'ਕੋਰੋਨਾ' ਦੀ ਚੇਨ ਨੂੰ ਤੋੜਨ ਲਈ ਵੈਕਸੀਨੇਸ਼ਨ ਜ਼ਰੂਰੀ, ਕੋਈ ਸਾਈਡ ਇਫੈਕਟ ਨਹੀਂ : DC ਵਰਿੰਦਰ ਕੁਮਾਰ

Saturday, Apr 17, 2021 - 01:01 PM (IST)

'ਕੋਰੋਨਾ' ਦੀ ਚੇਨ ਨੂੰ ਤੋੜਨ ਲਈ ਵੈਕਸੀਨੇਸ਼ਨ ਜ਼ਰੂਰੀ, ਕੋਈ ਸਾਈਡ ਇਫੈਕਟ ਨਹੀਂ : DC ਵਰਿੰਦਰ ਕੁਮਾਰ

ਲੁਧਿਆਣਾ (ਵਿਸ਼ੇਸ਼) : ਪੰਜਾਬ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਕੁੱਲ ਇਨਫੈਕਟਿਡਾਂ ਦੀ ਗਿਣਤੀ 3 ਲੱਖ ਨੂੰ ਛੂਹਣ ਜਾ ਰਹੀ ਹੈ। ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਸਿਹਤ ਮੰਤਰਾਲਾ ਦੀਆਂ ਗਾਈਡਲਾਈਨਜ਼ ਅਨੁਸਾਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨੇਸ਼ਨ ਸ਼ੁਰੂ ਹੋ ਗਈ ਹੈ। ਸੂਬੇ ਦੇ ਬਾਕੀ ਜ਼ਿਲ੍ਹਿਆਂ ਦੇ ਨਾਲ-ਨਾਲ ਜ਼ਿਲ੍ਹਾ ਲੁਧਿਆਣਾ ਨੇ ਵੀ 50 ਹਜ਼ਾਰ ਵੈਕਸੀਨੇਸ਼ਨ ਦਾ ਟੀਚਾ ਹਾਸਲ ਕਰ ਲਿਆ ਹੈ। ਵੈਕਸੀਨੇਸ਼ਨ ਨੂੰ ਲੈ ਕੇ ਲੋਕਾਂ 'ਚ ਕਈ ਤਰ੍ਹਾਂ ਦੀਆਂ ਗਲਤਫਹਿਮੀਆਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਇਕ ਮੀਡੀਆ ਕਰਮੀ ਦੀ ਭੂਮਿਕਾ 'ਚ ਡਾਕਟਰਾਂ ਨੂੰ ਸਵਾਲ ਕੀਤੇ। ਕੁੱਝ ਸਵਾਲ ਆਨਲਾਈਨ ਵੀ ਆਏ, ਜਿਨ੍ਹਾਂ ਦਾ ਜਵਾਬ ਡਾਕਟਰਾਂ ਵੱਲੋਂ ਬਾਖੂਬੀ ਦਿੱਤਾ ਗਿਆ। ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ 'ਚ ਡਾ. ਵਿਸ਼ਵ ਮੋਹਨ ਪ੍ਰੋਫੈਸਰ ਆਫ ਕਾਰਡੀਓਲੋਜੀ ਦਯਾਨੰਦ ਮੈਡੀਕਲ ਕਾਲਜ ਲੁਧਿਆਣਾ, ਡਾ. ਹਰਮਿੰਦਰ ਸਿੰਘ ਪੰਨੂ, ਡਾਇਰੈਕਟਰ ਆਫ ਮੈਡੀਸਨ, ਫੋਰਟਿਸ ਹਸਪਤਾਲ ਲੁਧਿਆਣਾ, ਡਾ. ਕਿਰਨ ਗਿੱਲ ਆਹੂਲਵਾਲੀਆ, ਨੋਡਲ ਇੰਚਾਰਜ ਲੁਧਿਆਣਾ, ਜੋ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਰਹੀ ਹੈ, ਮੌਜੂਦ ਸਨ। ਗੱਲਬਾਤ ਦੌਰਾਨ ਡਾਕਟਰਾਂ ਨੇ ਕਿਹਾ ਕਿ ਜੇ ਕਿਸੇ ਨੂੰ ਕੋਰੋਨਾ ਇਨਫੈਕਸ਼ਨ ਹੋ ਜਾਂਦਾ ਹੈ ਤਾਂ ਬਜਾਏ ਕਿਸੇ ਦੂਜੇ ਨੂੰ ਦੋਸ਼ ਦੇਣ ਦੇ ਸਾਨੂੰ ਪਹਿਲਾਂ ਹੀ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਅਨੁਸਾਰ ਮਾਸਕ ਪਹਿਨਣਾ ਚਾਹੀਦਾ ਹੈ, 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ, ਭੀੜ 'ਚ ਜਾਣ ਤੋਂ ਬਚਣਾ ਚਾਹੀਦਾ ਹੈ। ਜਿੰਨੀ ਦੇਰ ਤੱਕ ਅਸੀਂ ਇਹ ਨਹੀਂ ਕਰਦੇ, ਅਸੀਂ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹਾਂਗੇ। ਕੋਰੋਨਾ ਦੀ ਚੇਨ ਨੂੰ ਤੋੜਨ ਲਈ ਵੈਕਸੀਨੇਸ਼ਨ ਜ਼ਰੂਰੀ ਹੈ, ਜੋ ਹਰ ਕਿਸੇ ਨੂੰ ਲਗਵਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਆਪਰੇਸ਼ਨ ਵੇਲੇ ਡਾਕਟਰਾਂ ਦੇ ਕਾਰੇ ਨੇ ਲਈ ਨੌਜਵਾਨ ਦੀ ਜਾਨ, ਅਸਥੀਆਂ ਚੁਗਣ ਵੇਲੇ ਸੱਚ ਆਇਆ ਸਾਹਮਣੇ (ਵੀਡੀਓ)
ਵੈਕਸੀਨੇਸ਼ਨ ਨਾਲ ਇਨਫੈਕਸ਼ਨ ਰੇਟ ਘੱਟ ਹੋ ਜਾਂਦਾ ਹੈ
ਡਿਪਟੀ ਕਮਿਸ਼ਨਰ : ਲੋਕਾਂ ’ਚ ਇਕ ਧਾਰਨਾ ਹੈ ਕਿ ਕੋਰੋਨਾ ਛੂਤ ਦੀ ਬੀਮਾਰੀ ਹੈ ਅਤੇ ਵੈਕਸੀਨੇਸ਼ਨ ਨਾਲ ਵੀ ਇਸ ਦਾ ਇਲਾਜ ਨਹੀਂ ਹੋਣਾ। ਫਿਰ ਇਹ ਵੈਕਸੀਨੇਸ਼ਨ ਜ਼ਰੂਰੀ ਕਿਉਂ ਹੈ? ਇਸ ਦਾ ਆਮ ਲੋਕਾਂ ਨੂੰ ਕੀ ਫਾਇਦਾ ਹੈ?
ਡਾ. ਵਿਸ਼ਵ ਮੋਹਨ : ਇਕ ਸਾਲ ਪਹਿਲਾਂ ਦੁਨੀਆ ਭਰ ਦੇ ਵਿਗਿਆਨੀ ਵੈਕਸੀਨ ਦੀ ਖੋਜ ਵਿਚ ਜੁੱਟੇ ਸਨ ਅਤੇ ਹੁਣ ਵੈਕਸੀਨ ਬਣ ਗਈ ਹੈ ਅਤੇ ਵੈਕਸੀਨੇਸ਼ਨ ਹੋ ਵੀ ਰਹੀ ਹੈ, ਇਸ ਦਾ ਮੁੱਖ ਮਕਸਦ ਲੋਕਾਂ ਦੀ ਸਿਹਤ ਦੀ ਰਾਖੀ ਕਰਨਾ ਹੈ। ਵੈਕਸੀਨੇਸ਼ਨ ਹੋਣ ਨਾਲ ਸਰੀਰ ਦੇ ਅੰਦਰ ਐਂਟੀ-ਬਾਡੀਜ਼ ਬਣਨੇ ਸ਼ੁਰੂ ਹੋ ਜਾਂਦੇ ਹਨ ਅਤੇ ਇਨਫੈਕਸ਼ਨ ਰੇਟ ਕਾਫੀ ਘੱਟ ਜਾਂਦਾ ਹੈ। ਜੇ ਕਿਸੇ ਵਿਅਕਤੀ ਦੇ ਸਰੀਰ ਵਿਚ ਵਾਇਰਸ ਦਾਖ਼ਲ ਹੋ ਵੀ ਜਾਂਦਾ ਹੈ ਤਾਂ ਇਹ ਵੈਕਸੀਨੇਸ਼ਨ ਸੀਰੀਅਸ ਕੰਪਲੀਕੇਸ਼ਨ ਨਹੀਂ ਹੋਣ ਦਿੰਦਾ। ਵੈਕਸੀਨੇਸ਼ਨ ਦਾ ਦੂਜਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜੇ ਕਿਸੇ ਵਿਅਕਤੀ ਨੂੰ 2 ਵੈਕਸੀਨੇਸ਼ਨ ਤੋਂ ਬਾਅਦ ਇਨਫੈਕਸ਼ਨ ਹੋ ਵੀ ਜਾਂਦੀ ਹੈ ਤਾਂ ਇਨਫੈਕਸ਼ਨ ਮਾਮੂਲੀ ਹੋਵੇਗੀ। ਤੀਜਾ, ਜੋ ਡੈੱਥ ਰੇਟ ਹੈ, ਜਿਨ੍ਹਾਂ ਨੂੰ ਵੈਕਸੀਨ ਲੱਗੀ ਹੈ, ਉਨ੍ਹਾਂ ਵਿਚ ਲਗਭਗ ਜ਼ੀਰੋ ਹੈ। ਮੁੱਖ ਤੌਰ ’ਤੇ ਇਸ ਦੇ 2 ਫਾਇਦੇ ਹਨ–ਇਕ ਤਾਂ ਹਾਸਪੀਟਲਾਈਜ਼ੇਸ਼ਨ ਲਗਭਗ ਜ਼ੀਰੋ ਹੈ ਅਤੇ ਕੋਈ ਕੰਪਲੀਕੇਸ਼ਨ ਵੀ ਨਹੀਂ। ਕੋਈ ਡੈੱਥ ਰੇਟ ਨਹੀਂ ਹੋਵੇਗਾ। ਇਸ ਤੋਂ ਇਲਾਵਾ ਕੋਵਿਡ ਦੀ ਚੇਨ ਤੋੜਨ ਵਿਚ ਵੀ ਇਹ ਵੈਕਸੀਨ ਫਾਇਦੇਮੰਦ ਹੋਵੇਗੀ।
ਵੈਕਸੀਨੇਸ਼ਨ ਲਈ ਨਾ ਛੁੱਟੀ ਦੀ ਲੋੜ, ਨਾ ਘਰ ਬੈਠਣ ਦੀ
ਡਿਪਟੀ ਕਮਿਸ਼ਨਰ : ਲੁਧਿਆਣਾ ਕੰਮਕਾਜੀ ਲੋਕਾਂ ਦਾ ਸ਼ਹਿਰ ਹੈ। ਇਕ ਤਾਂ ਉਹ ਲੋਕ ਹਨ, ਜੋ ਮਿਹਨਤ-ਮਜ਼ਦੂਰੀ ਕਰਦੇ ਹਨ ਅਤੇ ਦੂਜੇ ਉਹ ਲੋਕ ਹਨ, ਜੋ ਦਫ਼ਤਰਾਂ ਵਿਚ ਕੰਮ ਕਰਦੇ ਹਨ। ਲੋਕਾਂ ਦੇ ਮਨ ਵਿਚ ਇਹ ਸਵਾਲ ਉੱਠਦਾ ਰਹਿੰਦਾ ਹੈ ਕਿ ਜੇ ਮੈਂ ਟੀਕਾਕਰਨ ਕਰਾਵਾਂਗਾ ਤਾਂ ਮੈਨੂੰ ਘਰ ਤਾਂ ਨਹੀਂ ਬੈਠਣਾ ਪਵੇਗਾ? ਕੀ ਮੈਂ ਆਪਣੇ ਪੂਰੇ ਦਿਨ ਦੇ ਕੰਮ ਆਮ ਢੰਗ ਨਾਲ ਕਰ ਸਕਦਾ ਹਾਂ? ਮੈਨੂੰ ਸਮੱਸਿਆ ਤਾਂ ਨਹੀਂ ਹੋਵੇਗੀ? ਜਾਂ ਵੈਕਸੀਨ ਦਾ ਕਿੰਨੀ ਦੇਰ ਤੱਕ ਅਸਰ ਰਹਿੰਦਾ ਹੈ? ਸਰਕਾਰੀ ਮੁਲਾਜ਼ਮਾਂ ਲਈ ਪ੍ਰਬੰਧ ਕੀਤਾ ਗਿਆ ਹੈ ਕਿ ਜਦੋਂ ਉਨ੍ਹਾਂ ਟੀਕਾਕਰਨ ਕਰਵਾਉਣਾ ਹੈ ਤਾਂ ਉਹ ਦਫ਼ਤਰ ਤੋਂ ਘੰਟੇ-2 ਘੰਟੇ ਦੀ ਛੁੱਟੀ ਲੈ ਕੇ ਜਾ ਸਕਦੇ ਹਨ।
ਡਾ. ਪੰਨੂ : ਕੋਰੋਨਾ ਦੀ ਜਿਹੜੀ ਵੈਕਸੀਨ ਮੁਹੱਈਆ ਹੈ, ਉਸ ਦੇ ਸਾਈਡ ਇਫੈਕਟ ਬਹੁਤ ਹੀ ਘੱਟ ਹਨ। ਜ਼ਿਆਦਾਤਰ ਲੋਕ ਵੈਕਸੀਨੇਸ਼ਨ ਕਰਵਾ ਕੇ ਆਪਣੀ ਡਿਊਟੀ ਉਸੇ ਵੇਲੇ ਸ਼ੁਰੂ ਕਰ ਸਕਦੇ ਹਨ। ਇਸ ਦੇ ਲਈ ਕੋਈ ਛੁੱਟੀ ਨਹੀਂ ਲੈਣੀ ਪੈਂਦੀ ਅਤੇ ਨਾ ਹੀ ਘਰ ਬੈਠਣਾ ਪੈਂਦਾ ਹੈ। ਬਹੁਤ ਘੱਟ ਲੋਕਾਂ ਵਿਚ ਬਾਂਹ ’ਚ ਦਰਦ, ਜੋ ਕਿ ਅਸੀਂ ਆਮ ਤੌਰ ’ਤੇ ਕਿਸੇ ਵੀ ਵੈਕਸੀਨੇਸ਼ਨ ਵਿਚ ਦੇਖਦੇ ਹਾਂ, ਆਦਿ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਕਿਸੇ ਦਾ ਕੰਮਕਾਜ ਨਹੀਂ ਰੁਕਦਾ। ਅਸੀਂ ਖ਼ੁਦ ਵੀ ਵੈਕਸੀਨੇਸ਼ਨ ਕਰਵਾ ਕੇ ਨਾਲ-ਨਾਲ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਜਗਰਾਓਂ 'ਚ 'ਧੀ' ਨੇ ਜ਼ਹਿਰ ਦੇ ਕੇ ਖ਼ਤਮ ਕੀਤਾ ਪੂਰਾ ਪਰਿਵਾਰ, ਜਾਣੋ ਕੀ ਰਿਹਾ ਕਾਰਨ
ਕੋਈ ਵੀ ਪਛਾਣ-ਪੱਤਰ ਲਿਜਾ ਕੇ ਕਰਵਾਈ ਜਾ ਸਕਦੀ ਹੈ ਵੈਕਸੀਨੇਸ਼ਨ
ਡਿਪਟੀ ਕਮਿਸ਼ਨਰ : ਇਹ ਟੀਕਾ ਕਿੱਥੇ ਲੱਗਦਾ ਹੈ? ਸਰਕਾਰੀ ਹਸਪਤਾਲ ਵਿਚ ਲੱਗਦਾ ਹੈ ਜਾਂ ਨਿੱਜੀ ਵਿਚ ਅਤੇ ਕੀ ਇਸ ਦੀ ਕੋਈ ਫ਼ੀਸ ਲੱਗਦੀ ਹੈ? ਇਸ ਤੋਂ ਇਲਾਵਾ ਜਦੋਂ ਅਸੀਂ ਟੀਕਾਕਰਨ ਕਰਵਾਉਣਾ ਹੋਵੇ ਤਾਂ ਅਸੀਂ ਕਿਹੜਾ-ਕਿਹੜਾ ਕਾਗਜ਼ ਨਾਲ ਲੈ ਕੇ ਜਾਣਾ ਹੈ ਅਤੇ ਜੇ ਕਿਸੇ ਵਿਅਕਤੀ ਨੇ ਘਰ ਬੈਠੇ ਰਜਿਸਟ੍ਰੇਸ਼ਨ ਕਰਵਾਉਣੀ ਹੈ ਤਾਂ ਉਸ ਨੂੰ ਕੀ ਕਰਨਾ ਪਵੇਗਾ? ਕੀ ਰਜਿਸਟ੍ਰੇਸ਼ਨ ਜ਼ਰੂਰੀ ਹੈ ਜਾਂ ਸਿੱਧਾ ਹਸਪਤਾਲ ਜਾ ਕੇ ਟੀਕਾਕਰਨ ਕਰਵਾਇਆ ਜਾ ਸਕਦਾ ਹੈ?
ਡਾ. ਕਿਰਨ : ਜੇ ਕਿਸੇ ਨੇ ਟੀਕਾਕਰਨ ਕਰਵਾਉਣਾ ਹੈ ਤਾਂ ਉਹ ਕਿਸੇ ਵੀ ਸਰਕਾਰੀ ਸੰਸਥਾ ਵਿਚ ਜਾ ਸਕਦਾ ਹੈ ਜਾਂ ਸਾਡੇ ਵੱਲੋਂ ਜ਼ਿਲ੍ਹਾ ਲੁਧਿਆਣਾ ਵਿਚ ਬਣਾਏ ਗਏ 88 ਹਸਪਤਾਲ ਹਨ, ਨਿੱਜੀ ਵਾਲੇ ਉੱਥੇ ਜਾ ਕੇ ਟੀਕਾਕਰਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਡੋਰ-ਟੂ-ਡੋਰ ਮੁਹਿੰਮ ਚਲਾਈ ਗਈ ਹੈ ਅਤੇ ਮੁਹੱਲੇ ਵਿਚ ਕੈਂਪ ਲੱਗ ਰਹੇ ਹਨ। ਉੱਥੇ ਜਾ ਕੇ ਵੀ ਕੋਈ ਵਿਅਕਤੀ ਟੀਕਾਕਰਨ ਕਰਵਾ ਸਕਦਾ ਹੈ। ਜੇ ਕੋਈ ਵਿਅਕਤੀ ਸਰਕਾਰੀ ਹਸਪਤਾਲ ਜਾ ਰਿਹਾ ਹੈ ਜਾਂ ਮੁਹਿੰਮ ਤਹਿਤ ਲੱਗ ਰਹੇ ਕੈਂਪ ਵਿਚ ਜਾ ਰਿਹਾ ਹੈ ਤਾਂ ਉੱਥੇ ਉਸ ਵਿਅਕਤੀ ਨੂੰ ਮੁਫ਼ਤ ਟੀਕਾ ਲੱਗੇਗਾ ਅਤੇ ਜੇ ਕੋਈ ਵਿਅਕਤੀ ਨਿੱਜੀ ਹਸਪਤਾਲ ਵਿਚ ਜਾਂਦਾ ਹੈ ਤਾਂ ਉੱਥੇ ਸਰਕਾਰ ਦੀਆਂ ਗਾਈਡਲਾਈਨਸ ਮੁਤਾਬਕ 250 ਰੁਪਏ ਦੀ ਫ਼ੀਸ ਲੱਗਦੀ ਹੈ। ਇਸ ਤੋਂ ਇਲਾਵਾ ਟੀਕਾਕਰਨ ਵਾਲੇ ਵਿਅਕਤੀ ਨੂੰ ਆਪਣੇ ਨਾਲ ਫੋਟੋ ਵਾਲੇ ਪਛਾਣ-ਪੱਤਰ ਦੇ ਰੂਪ ਵਿਚ ਆਧਾਰ ਕਾਰਡ, ਬੈਂਕ ਦੀ ਕਾਪੀ, ਫੈਕਟਰੀ/ਸੰਸਥਾ ਦਾ ਆਈ. ਕਾਰਡ ਲੈ ਕੇ ਜਾਣਾ ਪੈਂਦਾ ਹੈ ਅਤੇ ਘਰ ਬੈਠੇ ਵੀ ਰਜਿਸਟ੍ਰੇਸ਼ਨ ਹੋ ਸਕਦੀ ਹੈ ਜਾਂ ਪਛਾਣ-ਪੱਤਰ ਨਾਲ ਲਿਜਾ ਕੇ ਟੀਕਾਕਰਨ ਕੈਂਪ ਵਿਚ ਵੀ ਮੌਕੇ ’ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਬਿੱਲ ਜਮ੍ਹਾਂ ਨਾ ਕਰਵਾਉਣ 'ਤੇ ਕੁਨੈਕਸ਼ਨ ਕਟਵਾ ਚੁੱਕੇ 'ਖ਼ਪਤਕਾਰਾਂ' ਲਈ ਵੱਡੀ ਰਾਹਤ, ਮਿਲਿਆ ਖ਼ਾਸ ਮੌਕਾ
ਜਣੇਪਾ ਸ਼ਕਤੀ ਜਾਂ ਮਰਦਾਨਗੀ ’ਤੇ ਕੋਈ ਅਸਰ ਨਹੀਂ
ਡਿਪਟੀ ਕਮਿਸ਼ਨਰ : ਪਿੰਡਾਂ ਵਿਚ ਜਾਂ ਹੋਰ ਥਾਵਾਂ ’ਤੇ ਕਈ ਹਾਸਮਈ ਗੱਲਾਂ ਵੀ ਹੁੰਦੀਆਂ ਹਨ ਕਿ ਕੀ ਟੀਕਾਕਰਨ ਦਾ ਮਰਦਾਂ ਦੀ ਜਣੇਪਾ ਸ਼ਕਤੀ ਜਾਂ ਮਰਦਾਨਗੀ ’ਤੇ ਵੀ ਕੋਈ ਅਸਰ ਪੈਂਦਾ ਹੈ ਜਾਂ ਫਿਰ ਨੌਜਵਾਨਾਂ ’ਤੇ ਅੱਗੇ ਬੱਚੇ ਪੈਦਾ ਕਰਨ ਦਾ ਕੋਈ ਅਸਰ ਹੁੰਦਾ ਹੈ। ਕੀ ਇਹ ਅਫ਼ਵਾਹ ਹੈ ਜਾਂ ਇਸ ਦੇ ਪਿੱਛੇ ਕੋਈ ਤੱਥ ਹਨ?
ਡਾ. ਵਿਸ਼ਵ ਮੋਹਨ : ਅਸਲ ’ਚ ਜਦੋਂ ਤੋਂ ਕੋਰੋਨਾ ਵਾਇਰਸ ਫੈਲਿਆ ਹੈ ਅਤੇ ਟੀਕਾਕਰਨ ਸ਼ੁਰੂ ਹੋਇਆ ਹੈ, ਉਸ ਵੇਲੇ ਤੋਂ ਹੀ ਅਸੀਂ ਕਈ ਅਫ਼ਵਾਹਾਂ ਨਾਲ ਲੜਦੇ ਆ ਰਹੇ ਹਾਂ। ਇਹ ਸਭ ਕੁਝ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਗਈਆਂ ਅਫ਼ਵਾਹਾਂ ਸਨ, ਜੋ ਕੁਝ ਲੋਕਾਂ ਵਿਚ ਫੈਲ ਗਈਆਂ। ਟੀਕਾਕਰਨ ਕੋਈ ਨਵੀਂ ਗੱਲ ਨਹੀਂ ਅਤੇ ਇਹ ਪਿਛਲੇ 100 ਸਾਲ ਤੋਂ ਚੱਲ ਰਿਹਾ ਹੈ। ਪੋਲੀਓ, ਟੈਟਨਸ, ਟਾਈਫਾਈਡ ਦੇ ਟੀਕੇ ਲੱਗਦੇ ਆ ਰਹੇ ਹਨ। ਅੱਜ ਤਕ ਇਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਇਆ। ਇਹ ਸਭ ਬਿਨਾਂ ਸਿਰ-ਪੈਰ ਦੀਆਂ ਅਫ਼ਵਾਹਾਂ ਹਨ। ਇਹ ਸੌ ਫ਼ੀਸਦੀ ਸੁਰੱਖਿਅਤ ਹੈ ਅਤੇ ਇਸ ਦਾ ਜਣੇਪਾ ਸ਼ਕਤੀ ਜਾ ਮਰਦਾਨਗੀ ’ਤੇ ਕੋਈ ਅਸਰ ਨਹੀਂ ਪੈਂਦਾ। ਇਸੇ ਤਰ੍ਹਾਂ ਔਰਤਾਂ ਵਿਚ ਵੀ ਇਹ ਸਵਾਲ ਹੁੰਦਾ ਹੈ ਕਿ ਕੀ ਟੀਕਾਕਰਨ ਨਾਲ ਉਨ੍ਹਾਂ ਦੀ ਜਣੇਪਾ ਸ਼ਕਤੀ ’ਤੇ ਕੋਈ ਅਸਰ ਪੈਂਦਾ ਹੈ। ਇਸ ਟੀਕਾਕਰਨ ਦਾ ਜਣੇਪਾ ਸ਼ਕਤੀ ਜਾਂ ਔਰਤਾਂ ’ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਸਿਰਫ ਗਰਭਵਤੀ ਔਰਤਾਂ ਲਈ ਟੀਕਾਕਰਨ ਬਾਰੇ ਕੋਈ ਗਾਈਡਲਾਈਨ ਨਹੀਂ ਹੈ। ਬਾਕੀ ਸਾਰਿਆਂ ਲਈ ਇਹ ਸੁਰੱਖਿਅਤ ਹੈ ਅਤੇ ਉਹ ਇਸ ਨੂੰ ਲਵਾ ਸਕਦੇ ਹਨ।
50 ਦਿਨਾਂ ਅੰਦਰ ਕਦੇ ਵੀ ਲਈ ਜਾ ਸਕਦੀ ਹੈ ਦੂਜੀ ਡੋਜ਼
ਡਿਪਟੀ ਕਮਿਸ਼ਨਰ : ਵੈਕਸੀਨੇਸ਼ਨ ਦੀ ਪਹਿਲੀ ਤੇ ਦੂਜੀ ਡੋਜ਼ ਵਿਚ ਕਿੰਨਾ ਫਰਕ ਜ਼ਰੂਰੀ ਹੈ? ਪਹਿਲਾਂ ਇਹ 4 ਹਫਤਿਆਂ ਦੀ ਸੀ ਅਤੇ ਕੰਪਿਊਟਰ ’ਤੇ ਮੈਸੇਜ 4 ਹਫਤਿਆਂ ਦਾ ਫੀਡ ਹੈ। ਜਿਨ੍ਹਾਂ ਲੋਕਾਂ ਨੇ ਪਹਿਲੀ ਡੋਜ਼ ਲਈ ਹੈ, ਉਨ੍ਹਾਂ ਨੂੰ 4 ਹਫਤਿਆਂ ਬਾਅਦ ਦੂਜੀ ਡੋਜ਼ ਦਾ ਮੈਸੇਜ ਆ ਗਿਆ। ਇਸ ਤਰ੍ਹਾਂ ਦੇ ਮੈਸੇਜ ਤੋਂ ਘਬਰਾਉਣ ਦੀ ਲੋੜ ਨਹੀਂ ਅਤੇ ਨਾ ਹੀ ਸੋਚਣ ਦੀ ਲੋੜ ਹੈ ਕਿ ਕਿੰਨੇ ਦਿਨਾਂ ਬਾਅਦ ਦੂਜੀ ਡੋਜ਼ ਲਈ ਜਾਣਾ ਹੈ।
ਡਾ. ਪੰਨੂ : ਆਪਣੇ ਦੇਸ਼ ਵਿਚ ਇਸ ਵੇਲੇ 2 ਕੋਵਿਡ ਵੈਕਸੀਨ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਜਿਵੇਂ ਕਿ ਖ਼ਬਰਾਂ ਮਿਲ ਰਹੀਆਂ ਹਨ ਕਿ ਬਾਹਰ ਦੀਆਂ ਵੀ ਕੁਝ ਵੈਕਸੀਨ ਆਉਣਗੀਆਂ। ਪਹਿਲੀ ਵੈਕਸੀਨ ਹੈ ਕੋਵਿਸ਼ੀਲਡ ਵੈਕਸੀਨ। ਇਹ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਐਸਟ੍ਰਾਜੇਨਿਕਾ ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਰਾਹੀਂ ਬਣੀ ਹੈ। ਸ਼ੁਰੂ ਵਿਚ 2 ਡੋਜ਼ ਦਰਮਿਆਨ ਫਰਕ 4 ਹਫਤਿਆਂ ਦਾ ਹੀ ਦੱਸਿਆ ਗਿਆ ਸੀ। ਇਕ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਵੈਕਸੀਨ ਨਵੀਆਂ ਹਨ ਅਤੇ ਹਰ ਰੋਜ਼ ਇਨ੍ਹਾਂ ਬਾਰੇ ਡਾਟਾ ਜਨਰੇਟ ਹੋ ਰਿਹਾ ਹੈ। ਹੁਣ ਇਹ ਸਾਬਤ ਹੋਇਆ ਹੈ ਕਿ ਜੇ ਵੈਕਸੀਨੇਸ਼ਨ ਇੰਟਰਵਲ 12 ਹਫਤਿਆਂ ਤਕ ਹੋਵੇਗਾ ਤਾਂ ਇਸ ਦਾ ਫਾਇਦਾ ਜ਼ਿਆਦਾ ਹੋਵੇਗਾ। ਇਸ ਲਈ ਇਸ ਟਾਈਮ ਇੰਟਰਵਲ ਵਿਚ ਤਬਦੀਲੀ ਕੀਤੀ ਗਈ ਹੈ। ਅਸੀਂ 6 ਤੋਂ 8 ਹਫਤਿਆਂ ਦਰਮਿਆਨ ਕੋਵਿਸ਼ੀਲਡ ਦੀ ਦੂਜੀ ਡੋਜ਼ ਲਵਾ ਸਕਦੇ ਹਾਂ। ਦੂਜੀ ਵੈਕਸੀਨ ਭਾਰਤ ਬਾਇਓਟੈੱਕ ਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਜੀ ਅਤੇ ਆਈ. ਸੀ. ਐੱਮ. ਆਰ. ਵਲੋਂ ਬਣਾਈ ਗਈ ਹੈ। ਇਸ ਵੈਕਸੀਨ ਵਿਚ ਇੰਟਰਵਲ 4 ਹਫਤਿਆਂ ਦਾ ਹੀ ਫਿਕਸ ਹੈ। ਜਿਨ੍ਹਾਂ ਲੋਕਾਂ ਨੇ ਕੋ-ਵੈਕਸੀਨ ਲਵਾਈ ਹੈ, ਉਨ੍ਹਾਂ ਨੂੰ 4 ਹਫਤਿਆਂ ਬਾਅਦ ਹੀ ਦੂਜੀ ਡੋਜ਼ ਲਵਾਉਣੀ ਚਾਹੀਦੀ ਹੈ। ਜੇ ਕਿਸੇ ਨੂੰ 4 ਹਫਤੇ ਬਾਅਦ ਵੀ ਮੈਸੇਜ ਆ ਜਾਂਦਾ ਹੈ ਤਾਂ ਟੀਕਾ ਲਵਾ ਲੈਣਾ ਚਾਹੀਦਾ ਹੈ, ਦੂਜੀ ਡੋਜ਼ ਮਿਸ ਨਹੀਂ ਹੋਣ ਦੇਣੀ ਚਾਹੀਦੀ। ਆਉਣ ਵਾਲੇ ਦਿਨਾਂ ਵਿਚ ਇਸ ਵੈਕਸੀਨੇਸ਼ਨ ਬਾਰੇ ਹੋਰ ਵੀ ਜਾਣਕਾਰੀਆਂ ਮਿਲਣਗੀਆਂ ਅਤੇ ਹੋ ਸਕਦਾ ਹੈ ਇਸ ਵੈਕਸੀਨ ਦੇ ਬੂਸਟਰ ਡੋਜ਼ ਵੀ ਆਉਣ, ਜੋ 4-6 ਮਹੀਨਿਆਂ ਜਾਂ ਸਾਲ ਬਾਅਦ ਲਵਾਉਣੇ ਪੈਣਗੇ ਤਾਂ ਜੋ ਮੁੜ ਸਾਨੂੰ ਇਹ ਬੀਮਾਰੀ ਕਿਸੇ ਵੀ ਹਾਲਤ ਵਿਚ ਨਾ ਹੋ ਸਕੇ। ਇਸ ਲਈ ਤੁਸੀਂ 50 ਦਿਨ ਤਕ ਦੂਜੀ ਡੋਜ਼ ਲਵਾ ਸਕਦੇ ਹੋ।
ਲੋਕਾਂ ਵਲੋਂ ਪੁੱਛੇ ਗਏ ਆਨਲਾਈਨ ਸਵਾਲ ਅਤੇ ਉਨ੍ਹਾਂ ਦੇ ਜਵਾਬ
45 ਸਾਲ ਤੋਂ ਘੱਟ ਉਮਰ ਦੇ ਰਜਿਸਟਰਡ ਲੋਕਾਂ ਨੂੰ ਜ਼ਰੂਰ ਲੱਗੇਗੀ ਦੂਜੀ ਡੋਜ਼
ਸ਼੍ਰੀ ਗੁਰਪ੍ਰੀਤ ਜੀ ਦਾ ਸਵਾਲ–ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਕਿਹਾ ਸੀ ਕਿ 45 ਸਾਲ ਤੋਂ ਘੱਟ ਉਮਰ ਵਾਲੇ ਕਿਸੇ ਵੀ ਵਿਅਕਤੀ ਨੂੰ ਵੈਕਸੀਨ ਨਹੀਂ ਲੱਗਣੀ ਪਰ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੀ ਉਮਰ 45 ਸਾਲ ਤੋਂ ਘੱਟ ਸੀ ਅਤੇ ਉਨ੍ਹਾਂ ਵੈਕਸੀਨ ਦੀ ਪਹਿਲੀ ਡੋਜ਼ ਲੈ ਲਈ ਸੀ। ਸਰਕਾਰ ਉਨ੍ਹਾਂ ਲਈ ਦੂਜੀ ਡੋਜ਼ ਦਾ ਪ੍ਰਬੰਧ ਕਰੇਗੀ ਜਾਂ ਉਨ੍ਹਾਂ ਨੂੰ ਦੂਜੀ ਡੋਜ਼ ਮਿਸ ਕਰਵਾਈ ਜਾਵੇਗੀ?
ਡਾ. ਕਿਰਨ : ਗੁਰਪ੍ਰੀਤ ਜੀ, ਜੇ ਤੁਹਾਨੂੰ ਪਹਿਲੀ ਡੋਜ਼ ਲੱਗ ਗਈ ਹੈ ਅਤੇ ਤੁਸੀਂ ਸਾਡੇ ਕੋਲ ਰਜਿਸਟਰਡ ਹੋ ਤਾਂ ਤੁਹਾਨੂੰ ਦੂਜੀ ਡੋਜ਼ ਜ਼ਰੂਰ ਲੱਗੇਗੀ। ਇਸ ਬਾਰੇ ਤੁਹਾਨੂੰ ਮੈਸੇਜ ਆ ਜਾਵੇਗਾ।
ਕਮਲਪ੍ਰੀਤ ਦਾ ਸਵਾਲ–ਕੀ ਜਿਹੜੀਆਂ ਔਰਤਾਂ ਬੱਚਿਆਂ ਨੂੰ ਮਦਰ ਫੀਡ ਦਿੰਦੀਆਂ ਹਨ, ਉਹ ਵੀ ਟੀਕਾ ਲਵਾ ਸਕਦੀਆਂ ਹਨ?
ਡਾ. ਕਿਰਨ : ਜਿਵੇਂ ਕਿ ਵਿਸ਼ਵ ਮੋਹਨ ਜੀ ਨੇ ਪਹਿਲਾਂ ਹੀ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਮਦਰ ਫੀਡਿੰਗ ਦਿੰਦੀਆਂ ਔਰਤਾਂ ਨੂੰ ਇਹ ਇੰਜੈਕਸ਼ਨ ਨਹੀਂ ਲੱਗਣਾ। ਇਸ ਲਈ ਉਨ੍ਹਾਂ ਨੂੰ ਇਹ ਟੀਕਾ ਨਹੀਂ ਲਵਾਉਣਾ ਚਾਹੀਦਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News