ਲੁਧਿਆਣਾ ਦੀ ਧੀ ਨੇ ਵਧਾਇਆ ਮਾਣ, ਕੈਨੇਡਾ 'ਚ ਬਣੀ ਵਿਦਿਆਰਥੀ ਪ੍ਰੀਸ਼ਦ ਦੀ ਪ੍ਰਧਾਨ
Saturday, Sep 26, 2020 - 11:16 AM (IST)

ਲੁਧਿਆਣਾ (ਵਿੱਕੀ) : ਵਿਦੇਸ਼ਾਂ ’ਚ ਪੰਜਾਬੀ ਵਿਦਿਆਰਥੀ ਹਰ ਦਿਨ ਨਵੀਂ ਉਚਾਈ ’ਤੇ ਪੁੱਜ ਰਹੇ ਹਨ, ਭਾਵੇਂ ਉਹ ਸਿੱਖਿਆ ਦੇ ਖੇਤਰ 'ਚ ਹੋਣ ਜਾਂ ਸਮਾਜਿਕ ਖੇਤਰ ’ਚ, ਪੰਜਾਬੀ ਵਿਦਿਆਰਥੀ ਆਪਣੇ ਨਾਲ-ਨਾਲ ਸੂਬੇ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦ ਲੁਧਿਆਣਾ ਵਾਸੀ ਸਿਮਰਨਜੀਤ ਕੌਰ ਨੂੰ ਕੈਨੇਡਾ ਦੀ ਵਿੰਡਸਰ ਯੂਨੀਵਰਸਿਟੀ ’ਚ ਵਿਦਿਆਰਥੀ ਪ੍ਰੀਸ਼ਦ ਦਾ ਪ੍ਰਧਾਨ ਚੁਣਿਆ ਗਿਆ।
ਇਸ ਸਬੰਧ ’ਚ ਸਿਮਰਨਜੀਤ ਕੌਰ ਦੇ ਪਿਤਾ ਮਨਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਹੁਣ ਇਕ ਸਾਲ ਦੇ ਲਈ ਕੈਨੇਡਾ ਗਈ ਹੈ। ਉਨ੍ਹਾਂ ਦੱਸਿਆ ਕਿ ਅਧਿਐਨ ਦੇ ਪਹਿਲੇ ਸਾਲ ਨੂੰ ਪੂਰਾ ਕਰਨ ਤੋਂ ਬਾਅਦ ਸਿਮਰਨਜੀਤ ਨੇ ਆਪਣੇ ਦੋ ਸੈਮੇਸਟਰਾਂ ’ਚ 100 ’ਚੋਂ 100 ਅੰਕ ਪ੍ਰਾਪਤ ਕਰਦਿਆਂ ਆਪਣੇ ਪ੍ਰੋਫੈਸਰਾਂ ਨੂੰ ਪ੍ਰਭਾਵਿਤ ਕੀਤਾ। ਸਿਮਰਨਜੀਤ ਨੂੰ ਆਪਣੇ ਪਹਿਲੇ ਅਧਿਐਨ ਦੌਰਾਨ ਯੂਨੀਵਰਸਿਟੀ ਦੇ ਡੀਨ ਵੱਲੋਂ ਸਹਾਇਕ ਪ੍ਰੋਫੈਸਰ ਦੀ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ। ਬਾਅਦ ਦੀਆਂ ਚੋਣਾਂ ’ਚ ਸਿਮਰਨਜੀਤ ਕੌਰ ਨੂੰ ਬਿਨਾਂ ਕਿਸੇ ਚੋਣ ਦੇ ਵਿਦਿਆਰਥੀ ਪ੍ਰੀਸ਼ਦ ਦਾ ਪ੍ਰਧਾਨ ਚੁਣਿਆ ਗਿਆ।