ਸ਼ਰਮਨਾਕ : ਦਰਦ ਨਾਲ ਤੜਫਦੀ ਗਰਭਵਤੀ ਨੂੰ ਸਟਾਫ਼ ਨੇ ਵਾਪਸ ਮੋੜਿਆ, ਪਾਰਕ 'ਚ ਜੋੜੇ ਬੱਚਿਆਂ ਨੂੰ ਦਿੱਤਾ ਜਨਮ

Friday, Feb 19, 2021 - 11:25 AM (IST)

ਸ਼ਰਮਨਾਕ : ਦਰਦ ਨਾਲ ਤੜਫਦੀ ਗਰਭਵਤੀ ਨੂੰ ਸਟਾਫ਼ ਨੇ ਵਾਪਸ ਮੋੜਿਆ, ਪਾਰਕ 'ਚ ਜੋੜੇ ਬੱਚਿਆਂ ਨੂੰ ਦਿੱਤਾ ਜਨਮ

ਲੁਧਿਆਣਾ (ਰਾਜ) : ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਸੈਂਟਰ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਇੱਥੇ 9 ਮਹੀਨੇ ਪੂਰੇ ਕਰ ਚੁੱਕੀ ਗਰਭਵਤੀ ਬੀਬੀ ਐੱਮ. ਸੀ. ਐੱਚ. 'ਚ ਦਾਖ਼ਲ ਹੋਣ ਲਈ ਆਈ ਸੀ ਪਰ ਸਟਾਫ਼ ਨੇ ਉਸ ਨੂੰ ਕਹਿ ਦਿੱਤਾ ਕਿ ਅਜੇ ਜਣੇਪੇ 'ਚ ਸਮਾਂ ਪਿਆ ਹੈ। ਲਿਹਾਜ਼ਾ, ਉਹ ਵਾਪਸ ਚਲੀ ਗਈ। ਜਦੋਂ ਵਿਅਕਤੀ ਆਪਣੀ ਪਤਨੀ ਨੂੰ ਵਾਪਸ ਲਿਜਾ ਰਿਹਾ ਸੀ ਤਾਂ ਐੱਮ. ਸੀ. ਐੱਚ. ਦੇ ਬਾਹਰ ਬਣੇ ਪਾਰਕ 'ਚ ਹੀ ਗਰਭਵਤੀ ਜਨਾਨੀ ਦੀ ਡਲਿਵਰੀ ਹੋ ਗਈ। ਜਨਾਨੀ ਨੇ ਦੋ ਜੌੜੇ ਬੱਚਿਆਂ ਨੂੰ ਜਨਮ ਦਿੱਤਾ। ਪਤਾ ਲੱਗਣ ’ਤੇ ਤੁਰੰਤ ਸਟਾਫ਼ ਵਾਲੇ ਪੁੱਜੇ ਅਤੇ ਜਨਾਨੀ ਅਤੇ ਬੱਚਿਆਂ ਨੂੰ ਲੇਬਰ ਰੂਮ ’ਚ ਲੈ ਕੇ ਗਏ। ਜਨਾਨੀ ਦੀ ਹਾਲਤ ਹਾਲ ਦੀ ਘੜੀ ਠੀਕ ਦੱਸੀ ਜਾ ਰਹੀ ਹੈ ਪਰ ਬੱਚਿਆਂ ਦੀ ਹਾਲਤ ਨਾਜ਼ੁਕ ਹੈ। ਇਸ ਲਈ ਬੱਚਿਆਂ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਹੈ। ਹਾਲਾਂਕਿ ਜਨਾਨੀ ਸਿਵਲ ਹਸਪਤਾਲ 'ਚ ਹੀ ਦਾਖ਼ਲ ਹੈ। ਜਾਣਕਾਰੀ ਮੁਤਾਬਕ ਧੂਰੀ ਲਾਈਨ ਦਾ ਰਹਿਣ ਵਾਲਾ ਸੰਤੋਸ਼ ਕੁਮਾਰ ਆਪਣੀ ਪਤਨੀ ਉਮਾ ਨੂੰ ਲੈ ਕੇ ਸਿਵਲ ਹਸਪਤਾਲ ਆਇਆ ਸੀ। ਉਸ ਦੀ ਪਤਨੀ ਗਰਭਵਤੀ ਹੈ ਅਤੇ ਉਸ ਦਾ ਇਲਾਜ ਮਦਰ ਐਂਡ ਚਾਈਲਡ ਸੈਂਟਰ ਤੋਂ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਕਾਂਗਰਸੀ ਆਗੂ 'ਤੇ 'ਲਾਰੈਂਸ ਬਿਸ਼ਨੋਈ' ਗੈਂਗ ਨੇ ਚਲਾਈਆਂ ਗੋਲੀਆਂ, ਫੇਸਬੁੱਕ 'ਤੇ ਲਈ ਕਤਲ ਦੀ ਜ਼ਿੰਮੇਵਾਰੀ

ਉਹ ਬੀਤੇ ਦਿਨ ਕਰੀਬ 4 ਵਜੇ ਆਪਣੀ ਪਤਨੀ ਨੂੰ ਦਾਖ਼ਲ ਕਰਵਾਉਣ ਲਈ ਲਿਆਇਆ ਸੀ ਪਰ ਸੰਤੋਸ਼ ਦਾ ਕਹਿਣਾ ਹੈ ਕਿ ਹਸਪਤਾਲ ਦੇ ਸਟਾਫ਼ ਨੇ ਕਿਹਾ ਕਿ ਅਜੇ ਡਲਿਵਰੀ ਦਾ ਸਮਾਂ ਨੇੜੇ ਨਹੀਂ। ਇਸ ਲਈ ਉਹ ਆਪਣੀ ਪਤਨੀ ਨੂੰ ਵਾਪਸ ਘਰ ਲੈ ਜਾਵੇ। ਸੰਤੋਸ਼ ਮੁਤਾਬਕ ਉਸ ਨੇ ਕਿਹਾ ਵੀ ਸੀ ਕਿ ਉਸ ਦੀ ਪਤਨੀ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਦੀ ਛਾਤੀ ’ਚ ਵੀ ਦਰਦ ਹੋ ਰਿਹਾ ਹੈ। ਫਿਰ ਸਟਾਫ਼ ਦੀ ਇਕ ਜਨਾਨੀ ਬੋਲੀ ਕਿ ਉਹ ਸੀ. ਐੱਮ. ਸੀ. ਹਸਪਤਾਲ ਤੋਂ ਇਕੋ ਕਰਵਾ ਕੇ ਲੈ ਕੇ ਆਵੇ। ਉਸ ਨੇ ਅੰਦਰ ਬੈਠੇ ਗਾਰਡ ਤੋਂ ਸਟ੍ਰੈਚਰ ਅਤੇ ਵ੍ਹੀਲ ਚੇਅਰ ਦੀ ਮੰਗ ਕੀਤੀ ਸੀ ਪਰ ਉਸ ਨੇ ਸਟ੍ਰੈਚਰ ਅਤੇ ਵ੍ਹੀਲ ਚੇਅਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਪੈਦਲ ਹੀ ਪਤਨੀ ਉਮਾ ਨੂੰ ਲੈ ਕੇ ਐੱਮ. ਸੀ. ਐੱਚ. ਦੇ ਬਾਹਰ ਆਇਆ। ਇਸੇ ਦੌਰਾਨ ਉਸ ਦੀ ਪਤਨੀ ਦੀ ਹਾਲਤ ਵਿਗੜ ਗਈ ਅਤੇ ਉਹ ਪਾਰਕ ’ਚ ਲੇਟ ਕੇ ਚੀਕਣ ਲੱਗੀ। ਉਸੇ ਦੌਰਾਨ ਉਸ ਦੀ ਪਤਨੀ ਦੀ ਡਲਿਵਰੀ ਹੋ ਗਈ, ਜਦੋਂ ਕਿ ਸਟਾਫ਼ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵਾਪਸ ਨਹੀਂ ਭੇਜਿਆ ਸੀ, ਸਿਰਫ ਈ. ਸੀ. ਜੀ. ਅਤੇ ਇਕੋ ਕਰਵਾਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਕਾਂਗਰਸ ਦੀ ਜਿੱਤ 'ਤੇ ਖਾਮੋਸ਼ 'ਨਵਜੋਤ ਸਿੱਧੂ', ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾ
ਜਨਾਨੀਆਂ ਨੇ ਕੀਤੀ ਡਲਿਵਰੀ 'ਚ ਮਦਦ
ਸੰਤੋਸ਼ ਦਾ ਕਹਿਣਾ ਹੈ ਕਿ ਜਦੋਂ ਉਸ ਦੀ ਪਤਨੀ ਚੀਕਣ ਲੱਗੀ ਤਾਂ ਪਾਰਕ ’ਚ ਬੈਠੀਆਂ ਜਨਾਨੀਆਂ ਇਕੱਠੀਆਂ ਹੋ ਗਈਆਂ, ਜਿਨ੍ਹਾਂ ਨੇ ਆਪਣੇ-ਆਪਣੇ ਸ਼ਾਲ ਲੈ ਕੇ ਉਸ ਦੀ ਪਤਨੀ ਨੂੰ ਘੇਰ ਲਿਆ। ਇਸੇ ਦੌਰਾਨ ਉਸ ਦੀ ਪਤਨੀ ਦੀ ਡਲਿਵਰੀ ਹੋ ਗਈ। ਜਦੋਂ ਇਹ ਗੱਲ ਸਟਾਫ਼ ਨੂੰ ਪਤਾ ਲੱਗੀ ਤਾਂ ਉਥੇ ਸਟਾਫ਼ ਵੱਲੋਂ 2 ਜਨਾਨੀਆਂ ਆਈਆਂ, ਜੋ ਕਿ ਆਉਂਦੇ ਹੀ ਉਥੇ ਖੜ੍ਹੇ ਲੋਕਾਂ ’ਤੇ ਰੋਅਬ ਝਾੜਨ ਲੱਗੀਆਂ ਕਿ ਜਨਾਨੀ ਦੀ ਡਲਿਵਰੀ ਹੋ ਰਹੀ ਹੈ ਤਾਂ ਮਰਦ ਇੱਥੇ ਕਿਉਂ ਖੜ੍ਹੇ ਹਨ। ਇਸ ਤੋਂ ਬਾਅਦ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਹਸਪਤਾਲ ਅੰਦਰ ਲੈ ਗਏ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 3 ਦਿਨ ਨਹੀਂ ਚੱਲਣਗੀਆਂ 'ਸਰਕਾਰੀ ਬੱਸਾਂ', ਜਾਣੋ ਕੀ ਹੈ ਕਾਰਨ
ਬੱਚਿਆਂ ਦੀ ਹਾਲਤ ਨਾਜ਼ੁਕ, ਪੀ. ਜੀ. ਆਈ. ਕੀਤਾ ਰੈਫ਼ਰ
ਪਤਾ ਲੱਗਾ ਹੈ ਕਿ ਬੱਚੇ ਕਮਜ਼ੋਰ ਹਨ, ਉਨ੍ਹਾਂ ਦੀ ਹਾਲਤ ਨਾਜ਼ੁਕ ਹੈ। ਇਸ ਲਈ ਉਨ੍ਹਾਂ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ ਹੈ। ਸੰਤੋਸ਼ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਸਿਵਲ ਹਸਪਤਾਲ ’ਚ ਦਾਖ਼ਲ ਹੈ, ਜਦੋਂ ਕਿ ਬੱਚਿਆਂ ਨੂੰ ਪੀ. ਜੀ. ਆਈ. ਭੇਜ ਦਿੱਤਾ ਗਿਆ ਹੈ। ਸੰਤੋਸ਼ ਦਾ ਕਹਿਣਾ ਹੈ ਕਿ ਇਹ ਸਭ ਹਸਪਤਾਲ ਦੀ ਲਾਪਰਵਾਹੀ ਨਾਲ ਹੋਇਆ ਹੈ। ਇਸ ਬਾਰੇ ਸਿਵਲ ਹਸਪਤਾਲ ਦੇ ਐਸ. ਐਮ. ਓ. ਡਾ. ਅਮਰਜੀਤ ਕੌਰ ਦਾ ਕਹਿਣਾ ਹੈ ਕਿ ਮਾਮਲਾ ਮੇਰੇ ਧਿਆਨ ’ਚ ਆਇਆ ਹੈ ਅਤੇ ਸਵੇਰੇ ਇਸ ਕੇਸ ਦੀ ਜਾਂਚ ਕਰਵਾਈ ਜਾਵੇਗੀ। ਜੇਕਰ ਕਿਸੇ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਵੇਗੀ।
ਨੋਟ : ਲੁਧਿਆਣਾ ਸਿਵਲ ਹਸਪਤਾਲ 'ਚ ਗਰਭਵਤੀ ਬੀਬੀਆਂ ਦੇ ਇਲਾਜ ਲਈ ਵਰਤੀ ਜਾਂਦੀ ਲਾਪਰਵਾਹੀ ਬਾਰੇ ਦਿਓ ਆਪਣੀ ਰਾਏ


author

Babita

Content Editor

Related News