ਰੋਂਦੇ-ਵਿਲਕਦੇ ਬੱਚੇ ਸਟੇਸ਼ਨ ''ਤੇ ਛੱਡ ਫ਼ਰਾਰ ਹੋਇਆ ਸ਼ਰਾਬੀ ਪਿਓ, ਇਕ ਸਾਲ ਬਾਅਦ...

08/21/2020 2:40:18 PM

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੀਤੇ ਸਾਲ ਅਗਸਤ ਮਹੀਨੇ ਇਕ ਸ਼ਰਾਬੀ ਪਿਓ ਆਪਣੇ 2 ਛੋਟੇ-ਛੋਟੇ ਮਾਸੂਮ ਬੱਚਿਆਂ ਨੂੰ ਰੇਲਵੇ ਸਟੇਸ਼ਨ 'ਤੇ ਛੱਡ ਕੇ ਫ਼ਰਾਰ ਹੋ ਗਿਆ। ਜਾਣਕਾਰੀ ਮੁਤਾਬਕ ਸ਼ਰਾਬੀ ਪਿਤਾ ਆਪਣੇ 2 ਛੋਟੇ ਬੱਚਿਆਂ ਨੂੰ ਨਾਲ ਲੈ ਕੇ ਝਾਂਸੀ ਆਪਣੇ ਪਿੰਡ ਜਾ ਰਿਹਾ ਸੀ ਪਰ ਦਿੱਲੀ ਦੇ ਰੇਲਵੇ ਸਟੇਸ਼ਨ 'ਤੇ ਸ਼ਰਾਬੀ ਪਿਤਾ ਦੂਜੀ ਗੱਡੀ 'ਚ ਬੈਠ ਗਿਆ ਅਤੇ ਬੱਚੇ ਉੱਥੇ ਹੀ ਬੇਸਹਾਰਾ ਵਿਲਕਦੇ ਰਹੇ, ਜਿਨ੍ਹਾਂ ਨੂੰ ਦਿੱਲੀ ਪੁਲਸ ਵੱਲੋਂ ਬਾਲ ਵਿਕਾਸ ਕੇਂਦਰ ਛੱਡ ਦਿੱਤਾ ਗਿਆ।

ਇਸ ਤੋਂ ਬਾਅਦ ਬੱਚਿਆਂ ਤੋਂ ਉਨ੍ਹਾਂ ਦੇ ਘਰ-ਪਤੇ ਬਾਰੇ ਛਾਣ-ਬੀਣ ਕੀਤੀ ਗਈ ਅਤੇ ਦਿੱਲੀ ਪੁਲਸ ਵੱਲੋਂ ਸੋਸ਼ਲ ਮੀਡੀਆ 'ਤੇ ਬੱਚਿਆਂ ਦੀ ਵੀਡੀਓ ਸਾਂਝੀ ਕਰ ਕੇ ਉਨ੍ਹਾਂ ਦਾ ਘਰ-ਪਰਿਵਾਰ ਪਤਾ ਕਰਨ ਦੀ ਅਪੀਲ ਕੀਤੀ ਗਈ। ਇਸੇ ਦੌਰਾਨ ਦਿੱਲੀ, ਹਰਿਆਣਾ ਅਤੇ ਯੂ. ਪੀ. ਦੀ ਪੁਲਸ ਜੋ ਨਾ ਕਰ ਸਕੀ, ਉਹ ਬਾਲ ਵਿਕਾਸ ਮਹਿਕਮੇ ਦੇ ਅਧਿਕਾਰੀ ਸੰਜੇ ਮਹੇਸ਼ਵਰੀ ਨੇ ਕਰ ਦਿਖਾਇਆ। ਦਿੱਲੀ ਪੁਲਸ ਵੱਲੋਂ ਜਦੋਂ ਉਨ੍ਹਾਂ ਨੂੰ ਬੱਚਿਆਂ ਸਬੰਧੀ ਦੱਸਿਆ ਗਿਆ ਤਾਂ ਉਨ੍ਹਾਂ ਕੁੱਝ ਹੀ ਸਮੇਂ 'ਚ ਬੱਚਿਆਂ ਦੇ ਪਰਿਵਾਰ ਦਾ ਥਾਂ-ਟਿਕਾਣਾ ਸਫ਼ਲਤਾ ਪੂਰਵਕ ਲੱਭ ਦਿੱਤਾ।
ਦੂਜੇ ਪਾਸੇ ਬੱਚਿਆਂ ਦੀ ਤਾਈ ਨੇ ਦੱਸਿਆ ਕਿ ਉਸ ਦਾ ਦਿਓਰ ਸ਼ਰਾਬ ਦਾ ਆਦੀ ਹੈ ਅਤੇ ਸ਼ਰਾਬ ਦੇ ਨਸ਼ੇ 'ਚ ਹਮੇਸ਼ਾ ਟੱਲੀ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਫਿਰ ਪੂਰੇ ਸਾਲ ਬਾਅਦ ਜਾ ਕੇ ਉਨ੍ਹਾਂ ਨੂੰ ਬੱਚਿਆਂ ਦਾ ਪਤਾ ਲੱਗਾ ਹੈ। ਬੱਚਿਆਂ ਦੇ ਮਿਲਣ 'ਤੇ ਜਿੱਥੇ ਉਨ੍ਹਾਂ ਦੀ ਤਾਈ ਨੇ ਪੁਲਸ ਤੇ ਸੰਜੇ ਮਹੇਸ਼ਵਰੀ ਦਾ ਧੰਨਵਾਦ ਕੀਤਾ, ਉੱਥੇ ਹੀ ਬੱਚਿਆਂ ਦੀ ਕਸਟਡੀ ਵੀ ਖ਼ੁਦ ਲੈਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਬੱਚਿਆਂ ਦੀ ਆਪਣੀ ਮਾਂ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਛੱਡ ਕੇ ਜਾ ਚੁੱਕੀ ਸੀ ਅਤੇ ਹੁਣ ਤਾਈ ਵੱਲੋਂ ਬੱਚਿਆਂ ਨੂੰ ਅਪਨਾਉਣ ਦੀ ਗੱਲ ਕੀਤੀ ਜਾ ਰਹੀ ਹੈ। 


Babita

Content Editor

Related News