ਵਿਗਿਆਨੀਆਂ ਨੇ ਤਿਆਰ ਕੀਤੀ ਵੜੀਆਂ ਬਣਾਉਣ ਵਾਲੀ ਆਟੋਮੈਟਿਕ ਮਸ਼ੀਨ, 1 ਘੰਟੇ ਬਣਨਗੀਆਂ 300 ਕਿਲੋ ਵੜੀਆਂ

02/02/2020 10:15:33 AM

ਲੁਧਿਆਣਾ (ਸਲੂਜਾ) - ਜੇਕਰ ਤੁਸੀਂ ਵੜੀਆਂ ਖਾਣ ਦੇ ਸ਼ੌਕੀਨ ਹੋ ਤਾਂ ਫਿਰ ਹੁਣ ਤੁਹਾਨੂੰ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਪਵੇਗੀ। ਤੁਸੀਂ ਆਪਣੇ ਘਰ ਬੈਠੇ ਕਰਾਰੀਆਂ ਅਤੇ ਘੱਟ ਕਰਾਰੀਆਂ ਵੜੀਆਂ ਦਾ ਸਵਾਦ ਲੈ ਸਕੋਗੇ ਕਿਉਂਕਿ ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟਿੰਗ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਸੀਫੇਟ) ਦੇ ਵਿਗਿਆਨੀਆਂ ਨੇ ਇਕ ਅਜਿਹੀ ਕੰਪਿਊਟਰਾਈਜ਼ਡ ਆਟੋਮੈਟਿਕ ਮਸ਼ੀਨ ਤਿਆਰ ਕੀਤੀ ਹੈ, ਜੋ ਸਿਰਫ ਇਕ ਘੰਟੇ ’ਚ 300 ਕਿਲੋ ਵੜੀਆਂ ਤਿਆਰ ਕਰ ਦਿੰਦੀ ਹੈ। ਮੂੰਗ ਅਤੇ ਉੜਦ ਦੀ ਦਾਲ ਤੋਂ ਵੜੀਆਂ ਤਿਆਰ ਹੁੰਦੀਆਂ ਹਨ। ਇਸ ਨਾਲ ਤੁਸੀਂ ਵੈਜੀਟੇਬਲ ਮਿਕਸ ਵਾਲੀਆਂ ਵੀ ਵੜੀਆਂ ਦਾ ਸਵਾਦ ਲੈ ਸਕਦੇ ਹੋ।

ਸੀਫੇਟ ਦੇ ਵਿਗਿਆਨੀ ਡਾ. ਸੰਦੀਪ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਹਿਯੋਗੀ ਵਿਗਿਆਨੀ ਡਾ. ਧਰਿਤਮਾਨ ਦੇ ਨਾਲ ਮਿਲ ਕੇ ਲਗਭਗ ਦੋ ਸਾਲਾਂ ਦੀ ਖੋਜ ਮਗਰੋਂ ਇਹ ਵੜੀਆਂ ਤਿਆਰ ਕਰਨ ਵਾਲੀ ਮਸ਼ੀਨ ਵਿਕਸਤ ਕੀਤੀ ਹੈ। ਮਸ਼ੀਨ ਦੀ ਖੋਜ ਕਰਨ ਦੀ ਪ੍ਰੇਰਣਾ ਸੀਫੇਟ ਦੇ ਵਿਗਿਆਨੀਆਂ ਡਾ. ਐੱਸ. ਕੇ. ਤਿਆਗੀ ਅਤੇ ਡਾ. ਐੱਸ. ਐੱਨ. ਝਾ ਤੋਂ ਹੀ ਮਿਲੀ। ਡਾ. ਮਾਨ ਨੇ ਦੱਸਿਆ ਕਿ ਦਾਲ ਤੋਂ ਤਿਆਰ ਹੋਣ ਵਾਲੀਆਂ ਵੜੀਆਂ ਲਈ ਪਹਿਲਾਂ ਘਰੇਲੂ ਔਰਤਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਸੀ। ਹੁਣ ਤੁਸੀਂ ਇਸ ਨਵੀਂ ਤਕਨਾਲੋਜੀ ਨਾਲ ਲੈਸ ਮਸ਼ੀਨ ਦੀ ਮਦਦ ਨਾਲ ਸਿਰਫ 1 ਸਟਾਈਲ ਦੀਆਂ ਵੜੀਆਂ ਨਹੀਂ, ਸਗੋਂ 9 ਵੱਖ-ਵੱਖ ਤਰ੍ਹਾਂ ਦੀਆਂ ਵੜੀਆਂ ਬਣਾ ਕੇ ਉਸ ਦਾ ਆਨੰਦ ਲੈ ਸਕੋਗੇ। ਵੜੀਆਂ ਦਾ ਸਾਈਜ਼ ਅਤੇ ਵਜ਼ਨ ਕਿੰਨਾ ਹੋਵੇ, ਉਸ ਨੂੰ ਵੀ ਕੰਟੋਰਲ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਦਾ ਇਕ ਹੋਰ ਫਾਇਦਾ ਇਹ ਹੈ ਕਿ ਤੁਸੀਂ ਬਿਸਕੁਟ ਅਤੇ ਮੱਠੀ ਸਮੇਤ ਆਟੇ ਤੋਂ ਵੱਖ-ਵੱਖ ਤਰ੍ਹਾਂ ਦੇ ਸਨੈਕਸ ਵੀ ਤਿਆਰ ਕਰ ਸਕਦੇ ਹੋ।


rajwinder kaur

Content Editor

Related News