ਲੁਧਿਆਣਾ 'ਚ ASI ਤੇ 4 ਹੈਲਥ ਕੇਅਰ ਵਰਕਰਾਂ ਸਮੇਤ 29 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

Saturday, Jul 11, 2020 - 08:15 PM (IST)

ਲੁਧਿਆਣਾ 'ਚ ASI ਤੇ 4 ਹੈਲਥ ਕੇਅਰ ਵਰਕਰਾਂ ਸਮੇਤ 29 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

ਲੁਧਿਆਣਾ, 11 ਜੁਲਾਈ (ਸਹਿਗਲ)-ਕੋਰੋਨਾ ਵਾਇਰਸ ਦੇ ਤਾਂਡਵ ਦੌਰਾਨ ਅੱਜ ਪੰਜਾਬ ਪੁਲਸ ਦੇ ਏ. ਐੱਸ. ਆਈ. ਅਤੇ 4 ਹੈਲਥ ਕੇਅਰ ਵਰਕਰ ਸਮੇਤ 29 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂਕਿ ਇਕ 83 ਸਾਲਾਂ ਬਜ਼ੁਰਗ ਮਾਇਆਪੁਰੀ, ਸਿਵਲ ਲਾਈਨ ਦਾ ਰਹਿਣ ਵਾਲਾ ਸੀ, ਜਿਸ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ। ਉਹ ਸੀ. ਐੱਮ. ਸੀ. ਹਸਪਤਾਲ ਵਿਚ ਦਾਖਲ ਸੀ। ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਮਰੀਜ਼ਾਂ ਦੀ ਗਿਣਤੀ 1316 ਹੋ ਗਈ ਹੈ, ਜਦੋਂਕਿ ਇਨ੍ਹਾਂ ਮਰੀਜ਼ਾਂ ਵਿਚੋਂ 31 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਹੋਰਨਾ ਜ਼ਿਲਿਆਂ ਤੋਂ ਲੁਧਿਆਣਾ ਦੇ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਵਿਚੋਂ 246 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ, ਜਦੋਂ ਕਿ ਇਨ੍ਹਾਂ ਵਿਚੋਂ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਲਾਪ੍ਰਵਾਹੀ ਨਾ ਵਰਤਣ। ਜ਼ਰੂਰੀ ਹੋਵੇ ਤਾਂ ਹੀ ਘਰੋਂ ਨਿਕਲਣ ਅਤੇ ਜਦੋਂ ਬਾਹਰ ਜਾਣ ਤਾਂ ਮਾਸਕ ਪਾ ਕੇ ਜਾਣ। ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸ ਦਾ ਵੀ ਧਿਆਨ ਰੱਖਣ।

ਕਿਹੜੇ ਇਲਾਕਿਆਂ ’ਚੋਂ ਸਾਹਮਣੇ ਆਏ ਮਰੀਜ਼

ਪਿੰਡ ਟੁੰਗਾ ਹੇੜੀ ਹਲਵਾਰਾ ਪੁਰਸ਼ (60), ਗੁਰੂ ਅਮਰਦਾਸ ਕਾਲੋਨੀ ਪੁਰਸ਼ (65), ਈਸ਼ਾ ਨਗਰੀ ਹੈਲਥ ਕੇਅਰ ਵਰਕਰ ਪੁਰਸ਼ , ਸਾਹਨੇਵਾਲ ਪੁਰਸ਼ (29), ਪਿੰਡ ਰਾਮਪੁਰ ਦੋਰਾਹਾ ਪੁਰਸ਼ (50) , ਬਾਬਾ ਥਾਨ ਸਿੰਘ ਚੌਕ ਔਰਤ (42), ਹਰਬੰਸਪੁਰਾ ਆਸ਼ਾ ਵਰਕਰ (40), ਮਹਿਲਾ ਪੁਲਸ ਸਟੇਸ਼ਨ ਦਾਖਾ ਏ. ਐੱਸ. ਆਈ. ਪੁਰਸ਼ (45), ਪਿੰਡ ਕੋਲਾਰ ਤੋਂ ਆਸ਼ਾ ਵਰਕਰ (43), ਪਿੰਡ ਮਹੂਨ ਤੋਂ ਔਰਤ (27), ਕਰਤਾਰ ਨਗਰ ਖੰਨਾ ਤੋਂ ਔਰਤ (27), ਉੱਤਮ ਨਗਰ ਖੰਨਾ ਤੋਂ ਪੁਰਸ਼ (43), ਸਨਸਿਟੀ ਖੰਨਾ ਤੋਂ ਪੁਰਸ਼ (28), ਕਿਦਵਈ ਨਗਰ ਤੋਂ ਪੁਰਸ਼ (35), ਪਿੰਡ ਥਰੀਕੇ ਤੋਂ ਪੁਰਸ਼ (30), ਮਾਡਲ ਟਾਊਨ ਤੋਂ ਔਰਤ, ਪਿੰਡ ਥਰੀਕੇ ਤੋਂ ਪੁਰਸ਼ (37), ਪਿੰਡ ਲੋਹਾਰਾ ਤੋਂ ਪੁਰਸ਼ (26), ਮੁੰਡੀਆਂ ਕਲਾਂ ਤੋਂ ਪੁਰਸ਼ (42), ਮੁੰਡੀਆਂ ਕਲਾਂ ਤੋਂ ਬੱਚਾ (4), ਕਬੀਰ ਨਗਰ ਤੋਂ ਔਰਤ (37), ਬੀ. ਆਰ. ਐੱਸ. ਨਗਰ ਤੋਂ ਪੁਰਸ਼ (50), ਬੀ. ਆਰ. ਐੱਸ. ਨਗਰ ਤੋਂ ਔਰਤ (21) ਤੋਂ ਇਲਾਵਾ 81 ਸਾਲਾ ਔਰਤ ਅਤੇ 61 ਸਾਲਾ ਪੁਰਸ਼ ਜਲੰਧਰ ਦੇ ਰਹਿਣ ਵਾਲੇ ਹਨ। 34 ਸਾਲਾ ਮਰੀਜ਼ ਬਟਾਲਾ ਤੋਂ ਇੱਥੇ ਹਸਪਤਾਲ ਵਿਚ ਭਰਤੀ ਹੋਇਆ ਹੈ। ਇਸ ਤੋਂ ਇਲਾਵਾ ਬਠਿੰਡਾ ਦਾ 32 ਸਾਲਾ ਮਰੀਜ਼ ਸ਼ਾਮਲ ਹੈ।

221 ਲੋਕਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸਿਹਤ ਵਿਭਾਗ ਵਿਚ ਲੋਕਾਂ ਦੀ ਜਾਂਚ ਤੋਂ ਬਾਅਦ ਸ਼ੱਕ ਦੇ ਆਧਾਰ ’ਤੇ 221 ਵਿਅਕਤੀਆਂ ਨੂੰ ਹੋਮ ਕੁਆਰਨਟਾਈਨ ਵਿਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿਚ ਅਜਿਹੇ ਲੋਕ ਵੀ ਸ਼ਾਮਲ ਹਨ, ਜੋ ਕਿਸੇ ਨਾ ਕਿਸੇ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆ ਚੁੱਕੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ 15,936 ਲੋਕਾਂ ਨੂੰ ਹੋਮ ਕੁਆਰਨਟਾਈਨ ਵਿਚ ਭੇਜਿਆ ਜਾ ਚੁੱਕਾ ਹੈ, ਜਿਨ੍ਹਾਂ ਵਿਚ ਅਜੇ 2395 ਲੋਕ ਹੋਮ ਆਈਸੋਲੇਸ਼ਨ ਵਿਚ ਹਨ।

1049 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸ਼ੱਕ ਦੇ ਆਧਾਰ ’ਤੇ 10 ਅਤੇ 49 ਵਿਅਕਤੀਆਂ ਦੇ ਕੋਰੋਨਾ ਸੈਂਪਲ ਜਾਂਚ ਲਈ ਭੇਜੇ ਹਨ। ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਨੇ ਦੱਸਿਆ ਕਿ ਪਹਿਲਾਂ ਤੋਂ ਭੇਜੇ ਗਏ ਸੈਂਪਲ ਵਿਚੋਂ 1228 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ।


author

Bharat Thapa

Content Editor

Related News